ਮੋਦੀ ਰਾਜ ਵਿੱਚ ਛਾਪੇ ਗਏ ਨਵੇਂ ਗੁਲਾਬੀ ਨੋਟ ‘ਕਾਲਾ ਧਨ’ ਬਣਨ ਲੱਗੇ


ਕਾਨਪੁਰ, 16 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਾਲਾ ਧਨ ਰੋਕਣ ਦੇ ਨਾਂਅ ਹੇਠ ਕੀਤੀ ਨੋਟਬੰਦੀ ਪਿੱਛੋਂ ਬਾਜ਼ਾਰ ਵਿੱਚ ਪੇਸ਼ ਕੀਤੇ ਗਏ 2000 ਰੁਪਏ ਦੇ ਗੁਲਾਬੀ ਨੋਟ ਹੀ ਹੁਣ ਕਾਲੇ ਧਨ ‘ਚ ਤਬਦੀਲ ਹੋਣ ਲੱਗੇ ਸਨ। ਬੈਂਕ ਬਰਾਂਚਾਂ ਅਤੇ ਕਰੰਸੀ ਚੈਸਟਾਂ ‘ਚ ਆਉਣ ਵਾਲੀ ਰਕਮ ਵਿੱਚ 2000 ਰੁਪਏ ਦੇ ਨੋਟਾਂ ਦੀ ਲਗਾਤਾਰ ਡਿਗਦੀ ਗਿਣਤੀ ਇਸ ਧੰਦੇ ਦੇ ਮੁੜ ਸ਼ੁਰੂ ਹੋਣ ਦਾ ਪਰਦਾ ਫਾਸ਼ ਕਰ ਰਹੀ ਹੈ।
ਪਤਾ ਲੱਗਾ ਹੈ ਕਿ ਮਾਰਚ 2018 ਵਿੱਚ ਬੈਂਕਾਂ ਦੀ ਕਰੰਸੀ ਚੈਸਟ ਦੀ ਬੈਲੈਂਸ਼ ਸ਼ੀਟ ਦੀ ਰਿਪੋਰਟ ਅਨੁਸਾਰ ਬੈਂਕਾਂ ‘ਚ 2000 ਰੁਪਏ ਦੇ ਨੋਟਾਂ ਦੀ ਗਿਣਤੀ ਕੁੱਲ ਰਕਮ ਦਾ ਔਸਤਨ ਦਸ ਫੀਸਦੀ ਰਹਿ ਗਈ ਹੈ। ਇਹ ਸਥਿਤੀ ਉਸ ਵਕਤ ਹੈ ਜਦੋਂ ਆਰ ਬੀ ਆਈ (ਰਿਜ਼ਰਵ ਬੈਂਕ ਆਫ ਇੰਡੀਆ) ਦੀ ਰਿਪੋਰਟ ਅਨੁਸਾਰ ਕੁੱਲ ਜਾਰੀ ਕਰੰਸੀ ‘ਚ 2000 ਰੁਪਏ ਦੇ ਨੋਟਾਂ ਦਾ ਹਿੱਸਾ 50 ਫੀਸਦੀ ਤੋਂ ਵੱਧ ਹੈ। ਆਰ ਬੀ ਆਈ ਨੇ ਨੋਟਬੰਦੀ ਪਿੱਛੋਂ ਕਰੀਬ ਸੱਤ ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ 2000 ਰੁਪਏ ਦੇ ਨੋਟ ਜਾਰੀ ਕੀਤੇ ਸਨ। ਜੁਲਾਈ ਤੱਕ ਬੈਂਕਾਂ ‘ਚ ਕੈਸ਼ ਦੀ ਆਮਦ ‘ਚ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਗਿਣਤੀ ਕਰੀਬ 35 ਫੀਸਦੀ ਸੀ। ਨਵੰਬਰ 2017 ਤੱਕ ਘੱਟ ਕੇ ਇਹ ਕਰੀਬ 25 ਫੀਸਦੀ ਰਹਿ ਗਈ। ਕਾਨਪੁਰ ਦੇ ਕੁਝ ਵੱਡੇ ਬੈਂਕਾਂ ਦੀ ਕਰੰਸੀ ਚੈਸਟ ਦੀ ਰਿਪੋਰਟ ਹੋਰ ਵੀ ਭਿਆਨਕ ਸਥਿਤੀ ਪੇਸ਼ ਕਰ ਰਹੀ ਹੈ। ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ, ਸੈਂਟਰਲ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ ਇੰਡੀਆ ਆਦਿ ਦੇ ਕਰੰਸੀ ਚੈਸਟ ਦੇ ਅੰਕੜਿਆਂ ‘ਚ 2000 ਰੁਪਏ ਦੇ ਨੋਟਾਂ ਦੀ ਗਿਣਤੀ 9 ਤੋਂ 14 ਫੀਸਦੀ ਤੱਕ ਹੀ ਹੈ। ਇਕ ਬੈਂਕ ਦੇ ਖੇਤਰੀ ਅਧਿਕਾਰੀ ਮੁਤਾਬਕ ਆਰ ਬੀ ਆਈ ਤੋਂ ਜੁਲਾਈ 2017 ਪਿੱਛੋਂ ਦੋ ਹਜ਼ਾਰ ਰੁਪਏ ਦੀ ਕਰੰਸੀ ਨਹੀਂ ਮਿਲੀ। ਬੈਂਕ ‘ਚ ਜਮ੍ਹਾਂ ਦੇ ਰੂਪ ‘ਚ ਵਾਪਸ ਆ ਰਹੀ ਰਕਮ ‘ਚ ਵੀ 2000 ਰੁਪਏ ਦੇ ਨੋਟ ਘੱਟ ਹਨ।