ਮੋਦੀ ਨੇ ਸ਼ਰਦ ਪਵਾਰ ਦੀ ਧੀ ਨੂੰ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਸੀ: ਸੰਜੇ ਰਾਊਤ

ਸੰਜੇ ਰਾਊਤ

ਸੰਜੇ ਰਾਊਤ

ਮੁੰਬਈ, 12 ਸਤੰਬਰ (ਪੋਸਟ ਬਿਊਰੋ)- ਸ਼ਿਵ ਸੈਨਾ ਪਾਰਲੀਮੈਂਟ ਮੈਂਬਰ ਸੰਜੇ ਰਾਊਤ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੂਲੇ ਨੂੰ ਇਕ ਵਾਰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਵੀ ਕਰ ਦਿੱਤੀ ਸੀ।
ਆਪਣੀ ਪਾਰਟੀ ਦੇ ਮੁੱਖ ਪੱਤਰ ਸਾਮਨਾ ਵਿੱਚ ਕੱਲ੍ਹ ਛਪੇ ਲੇਖ ਵਿੱਚ ਸੰਜੇ ਰਾਊਤ ਨੇ ਕਿਹਾ ਕਿ ਸ਼ਰਦ ਪਵਾਰ ਨਾਲ ਮੁਲਾਕਾਤ ਵਿੱਚ ਉਨ੍ਹਾਂ ਨੇ ਇਨ੍ਹਾਂ ਖਬਰਾਂ ਬਾਰੇ ਪੁੱਛਿਆ ਸੀ ਕਿ ਸ਼ਰਦ ਪਵਾਰ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਗੇ। ਰਾਊਤ ਨੇ ਕਿਹਾ ਕਿ ਸ਼ਰਦ ਪਵਾਰ ਨੇ ਮੈਨੂੰ ਕਿਹਾ ਕਿ ਇਨ੍ਹਾਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ। ਉਨ੍ਹਾਂ ਨੇ ਇਨ੍ਹਾਂ ਖਬਰਾਂ ਨੂੰ ਮੂਰਖਤਾ ਦੀ ਹੱਦ ਕਰਾਰ ਦਿੱਤਾ। ਸੰਜੇ ਰਾਊਤ ਨੇ ਦਾਅਵਾ ਕੀਤਾ ਕਿ ਸ਼ਰਦ ਪਵਾਰ ਨੇ ਕਿਹਾ ਸੀ, ਮੇਰੀ ਪਾਰਟੀ ਬਾਰੇ ਅਫਵਾਹ ਫੈਲਾਈ ਜਾ ਰਹੀ ਹੈ। ਨਰਿੰਦਰ ਮੋਦੀ ਨੇ ਇੱਕ ਵਾਰ ਮੈਨੂੰ ਕਿਹਾ ਸੀ ਕਿ ਉਹ ਸੁਪ੍ਰਿਆ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ। ਉਸ ਬੈਠਕ ਵਿੱਚ ਮੌਜੂਦ ਸੁਪ੍ਰਿਆ ਸੂਲੇ ਨੇ ਮੋਦੀ ਨੂੰ ਕਿਹਾ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋਣ ਵਾਲੀ ਆਖਰੀ ਸ਼ਖਸ ਹੋਵੇਗੀ। ਪਾਰਲੀਮੈਂਟ ਮੈਂਬਰ ਸੰਜੇ ਰਾਊਤ ਨੇ ਇਹ ਵੀ ਕਿਹਾ ਕਿ ਸ਼ਰਦ ਪਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਰੁਖ਼ ਸਪੱਸ਼ਟ ਹੈ, ਫਿਰ ਵੀ ਭਰਮ ਪੈਦਾ ਕਰਨ ਲਈ ਅਫਵਾਹ ਫੈਲਾਈ ਜਾ ਰਹੀ ਹੈ। ਰਾਊਤ ਨੇ ਕਿਹਾ ਕਿ ਸ਼ਰਦ ਪਵਾਰ ਇਹ ਕਹਿੰਦੇ ਹਨ, ਪਰ ਉਨ੍ਹਾਂ ਦੀ ਪਾਰਟੀ ਵਿੱਚ ਅਜਿਹੇ ਨੇਤਾ ਵੀ ਹਨ ਜੋ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੇ ਸੰਪਰਕ ਵਿੱਚ ਹਨ।