ਮੋਦੀ ਦਾ ਨੇੜ ਵਾਲਾ ਅਡਾਨੀ ਹੁਣ ਪੰਜਾਬ ਵਿੱਚ ਪੂੰਜੀ ਲਾਉਣ ਲਈ ਅਹੁਲਿਆ

chaiarman adani group
* ਅਡਾਨੀ ਵੱਲੋਂ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਆਣ ਕੇ ਮੀਟਿੰਗ
ਚੰਡੀਗੜ੍ਹ, 3 ਅਪਰੈਲ, (ਪੋਸਟ ਬਿਊਰੋ)- ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਦਯੋਗ ਪੱਖੀ ਸਮਝੀ ਜਾ ਰਹੀ ਨਵੀਂ ਸਰਕਾਰ ਬਣਨ ਦੇ ਬਾਅਦ ਪੰਜਾਬ ਵਿੱਚ ਬਦਲੇ ਹੋਏ ਮਾਹੌਲ ਨੂੰ ਦੇਖ ਕੇ ਦੇਸ਼ ਦੇ ਵੱਡੇ ਸਨਅਤੀ ਘਰਾਣਿਆਂ ਵਿਚ ਸ਼ਾਮਲ ਅਡਾਨੀ ਗਰੁੱਪ ਨੇ ਇਸ ਰਾਜ ਵਿਚ ਨਿਵੇਸ਼ ਵਧਾਉਣ ਲਈ ਦਿਲਚਸਪੀ ਵਿਖਾਈ ਹੈ। ਗਰੁੱਪ ਦੇ ਪ੍ਰਧਾਨ ਤੇ ਗੁਜਰਾਤ ਦੀਆਂ ਕਈ ਕੰਪਨੀਆਂ ਉੱਤੇ ਆਧਾਰਤ ਅਡਾਨੀ ਗਰੁੱਪ ਦੇ ਚੇਅਰਮੈਨ ਪਰਨਵ ਵੀæ ਅਡਾਨੀ ਨੇ ਸੋਮਵਾਰ ਨੂੰ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰ ਕੇ ਪੰਜਾਬ ਵਿਚ ਗਰੁੱਪ ਵੱਲੋਂ ਪੂੰਜੀ ਨਿਵੇਸ਼ ਕਰਨ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਕੀਤਾ।
ਇਸ ਬੈਠਕ ਦੇ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਅਡਾਨੀ ਗਰੁੱਪ ਇਸ ਵੇਲੇ ਬਠਿੰਡਾ ਵਿਖੇ ਸੂਰਜੀ ਊਰਜਾ ਦਾ ਇੱਕ ਪਲਾਂਟ ਪਹਿਲਾਂ ਹੀ ਚਲਾ ਰਿਹਾ ਹੈ ਤੇ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਤੇ ਖ਼ੁਸ਼ਹਾਲੀ ਵਿਚ ਯੋਗਦਾਨ ਪਾਉਣ ਲਈ ਕਈ ਹੋਰ ਖੇਤਰਾਂ ਵਿਚ ਵੀ ਅਪਣੀ ਭਾਈਵਾਲੀ ਕਰਨ ਲਈ ਦਿਲਚਸਪੀ ਦਿਖਾਈ ਹੈ। ਮੁੱਖ ਮੰਤਰੀ ਨੇ ਸਿਖਰਲੇ ਪੂੰਜੀਪਤੀ ਅਡਾਨੀ ਨੂੰ ਵੱਖ-ਵੱਖ ਖੇਤਰਾਂ, ਜਿੱਥੇ ਕੰਪਨੀ ਪੰਜਾਬ ਦੀ ਭਾਈਵਾਲ ਬਣਨਾ ਚਾਹੁੰਦੀ ਹੈ, ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਕਿਹਾ ਹੈ। ਅਡਾਨੀ ਗਰੁੱਪ ਵਲੋਂ ਪੰਜਾਬ ਵਿਚ ਨਿਵੇਸ਼ ਕਰਨ ਲਈ ਦਿਖਾਏ ਜਾ ਰਹੇ ਉਤਸ਼ਾਹ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਡਾਨੀਆਂ ਦੇ ਵੱਖੋ-ਵੱਖਰੇ ਕਾਰੋਬਾਰ ਪੰਜਾਬ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਦੇ ਸਕਦੇ ਹਨ। ਉਨ੍ਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਪਹਿਲਾਂ ਹੀ ਇਸ ਰਾਜ ਦੀ ਨਵੀਂ ਸਨਅਤੀ ਨੀਤੀ ਲਿਆਉਣ ਲਈ ਪਹਿਲਕਦਮੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਸਨਅਤੀ ਨੀਤੀ ਪੰਜਾਬ ਵਿੱਚ ਵੱਡੇ ਸਨਅਤੀ ਤੇ ਕਾਰੋਬਾਰੀ ਘਰਾਣਿਆਂ ਨੂੰ ਨਿਵੇਸ਼ ਕਰਨ ਲਈ ਪ੍ਰੇਰਿਤ ਕਰੇਗੀ।
ਇਸ ਮੌਕੇ ਪਰਨਵ ਅਡਾਨੀ ਨੇ ਮੁੱਖ ਮੰਤਰੀ ਨੂੰ ਅਪਣੇ ਗਰੁੱਪ ਦੇ ਬਹੁ-ਪੱਖੀ ਕਾਰੋਬਾਰ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗਰੁੱਪ ਦੇਸ਼ ਦਾ ਸੱਭ ਤੋਂ ਵੱਡਾ ਬਿਜਲੀ ਪੈਦਾ ਕਰਨ ਵਾਲਾ ਗਰੁੱਪ ਹੈ, ਜਿਸ ਨੇ ਕੋਲਾ, ਸੂਰਜੀ ਅਤੇ ਪੌਣ ਬਿਜਲੀ ਦੇ ਖੇਤਰ ਵਿਚ ਮੱਲਾਂ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਕੋਲ ਦੇਸ਼ ਵਿੱਚ ਬਿਜਲੀ ਟਰਾਂਸਮਿਸ਼ਨ ਦਾ ਸਭ ਤੋਂ ਵੱਡਾ ਨੈੱਟਵਰਕ ਹੈ। ਉਨ੍ਹਾਂ ਕਿਹਾ ਕਿ ਅਡਾਨੀ ਗਰੀਨ ਐਨਰਜੀ ਲਿਮਟਿਡ ਨੇ ਸਾਲ 2016 ਵਿਚ ਬਠਿੰਡਾ ਵਿਖੇ ਪੰਜਾਬ ਦਾ ਸੱਭ ਤੋਂ ਵੱਡਾ 100 ਮੈਗਾਵਾਟ ਸੂਰਜੀ ਬਿਜਲੀ ਦਾ ਪ੍ਰਾਜੈਕਟ 640 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤਾ ਸੀ। ਅਡਾਨੀ ਨੇ ਦਸਿਆ ਕਿ ਉਨ੍ਹਾਂ ਦੇ ਗਰੁੱਪ ਦਾ ਕੋਲੇ ਦਾ ਖੁਦਾਈ ਤੇ ਵਪਾਰ ਦਾ ਸੱਭ ਤੋਂ ਵੱਡਾ ਕਾਰੋਬਾਰ ਹੈ ਤੇ ਇਹ ਗਰੁੱਪ ਦੇਸ਼ ਦਾ ਸੱਭ ਤੋਂ ਵੱਡਾ ਕੋਲਾ ਵਪਾਰੀ ਹੈ। ਇਸ ਤੋਂ ਇਲਾਵਾ ਅਡਾਨੀ ਗਰੁੱਪ ਹੁਣ ਆਸਟਰੇਲੀਆ ਵਿੱਚ 60 ਮਿਲੀਅਨ ਮੀਟਰਕ ਟਨ ਸਾਲਾਨਾ ਦੀ ਸਮਰੱਥਾ ਵਾਲੀ ਸੰਸਾਰ ਭਰ ਦੀ ਸੱਭ ਤੋਂ ਵੱਡੀ ਐਕਸਪੋਰਟ ਕੋਲ ਮਾਈਨ ਲਾਉਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਅਡਾਨੀ ਇੰਟਰਪ੍ਰਾਈਜਜ਼ ਨੇ ਅੱਧਾ ਮਿਲੀਅਨ ਮੀਟਰਕ ਟਨ ਕੋਲਾ ਇਸ ਸੂਬੇ ਦੇ ਥਰਮਲ ਪਲਾਂਟਾਂ ਨੂੰ ਸਪਲਾਈ ਕੀਤਾ ਹੈ।
ਦਿਲਚਸਪ ਜਾਣਕਾਰੀ ਇਹ ਹੈ ਕਿ ਇਸ ਗਰੁੱਪ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਰਿਆਂ ਤੋਂ ਵੱਧ ਨੇੜ ਵਾਲੇ ਪੂੰਜੀਪਤੀ ਤੇ ਉਦਯੋਗਕ ਗਰੁੱਪ ਵਜੋਂ ਜਾਣਿਆ ਜਾਂਦਾ ਹੈ।