ਮੋਦੀ-ਟਰੰਪ ਦੁਵੱਲੇ ਸੰਬੰਧਾਂ ਤੋਂ ਵੀ ਉੱਪਰ ਮਿਲਵਰਤਣ ਲਈ ਤਿਆਰ


ਮਨੀਲਾ, 13 ਨਵੰਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਸਹਿਯੋਗ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਤੋਂ ਉਪਰ ਉਠ ਕੇ ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ। ਇਸ ਗੱਲਬਾਤ ਤੋਂ ਉਨ੍ਹਾਂ ਦੀ ਭਾਰਤ-ਪ੍ਰਸ਼ਾਂਤ ਖੇਤਰ ਵਿਚ ਰਣਨੀਤਕ ਮੁੱਦਿਆਂ ਉਤੇ ਵਧ ਰਹੀ ਇਕਜੁਟਤਾ ਦੀ ਝਲਕ ਮਿਲਦੀ ਹੈ।
ਫਿਲਪੀਨ ਵਿੱਚ ਹੋ ਰਹੇ ਆਸੀਆਨ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਦੇ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਭਰੋਸਾ ਦਿੱਤਾ ਕਿ ਵਿਸ਼ਵ ਭਾਈਚਾਰਾ ਅਤੇ ਅਮਰੀਕੀ ਲੀਡਰਸ਼ਿਪ ਜੋ ਕੁਝ ਭਾਰਤ ਤੋਂ ਆਸ ਰੱਖਦੀ ਹੈ, ਭਾਰਤ ਉਸ ਉੱਤੇ ਖਰਾ ਉੱਤਰਨ ਦਾ ਯਤਨ ਕਰਦਾ ਹੈ ਅਤੇ ਕਰਦਾ ਰਹੇਗਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਦਾ ਉਨ੍ਹਾਂ ਦੇ ਦੌਰਿਆਂ ਦੌਰਾਨ ਭਾਰਤ ਦੀ ਸ਼ਲਾਘਾ ਕਰਨ ਬਦਲੇ ਧੰਨਵਾਦ ਕੀਤਾ। ਵਰਨਣ ਯੋਗ ਹੈ ਕਿ ਇਕ ਦਿਨ ਪਹਿਲਾਂ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਦੇ ਅਧਿਕਾਰੀਆਂ ਦੀ ਰਣਨੀਤਕ ਮਹੱਤਵ ਵਾਲੇ ਭਾਰਤ-ਪ੍ਰਸ਼ਾਂਤ ਖੇਤਰ ਨੂੰ ਮੁਕਤ, ਖੁੱਲ੍ਹਾ ਅਤੇ ਸੰਮਲਿਤ ਰੱਖਣ ਲਈ ਚਾਰ ਪੱਖੀ ਗੱਠਜੋੜ ਬਾਰੇ ਚਰਚਾ ਹੋਈ ਸੀ। ਸਮਝਿਆ ਜਾਂਦਾ ਹੈ ਕਿ ਉਸ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਕਈ ਹੋਰ ਮੁੱਦਿਆਂ ਦੇ ਨਾਲ ਨਾਲ ਖੇਤਰ ਵਿਚ ਸੁਰੱਖਿਆ ਦ੍ਰਿਸ਼ ਉੱਤੇ ਵੀ ਚਰਚਾ ਕੀਤੀ ਸੀ।
ਡੋਨਾਲਡ ਟਰੰਪ ਨਾਲ ਗੱਲਬਾਤ ਵੇਲੇ ਆਪਣੀਆਂ ਆਰੰਭਕ ਟਿੱਪਣੀਆਂ ਵਿਚ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਕਾਰ ਸਹਿਯੋਗ ਦੁਵੱਲੇ ਸੰਬੰਧਾਂ ਤੋਂ ਅੱਗੇ ਵਧ ਸਕਦਾ ਹੈ ਤੇ ਦੋਵੇਂ ਦੇਸ਼ ਏਸ਼ੀਆ ਅਤੇ ਵਿਸ਼ਵ ਦੇ ਭਵਿੱਖ ਲਈ ਕੰਮ ਕਰ ਸਕਦੇ ਹਨ। ਅਸੀਂ ਕਈ ਮੁੱਦਿਆਂ ਉੱਤੇ ਅੱਗੇ ਵਧੇ ਹਾਂ। ਅਮਰੀਕਾ ਰਣਨੀਤਕ ਤੌਰ ਉੱਤੇ ਮੁੱਖ ਭਾਰਤ-ਪ੍ਰਸ਼ਾਂਤ ਖੇਤਰ, ਜਿਥੇ ਚੀਨ ਆਪਣੀ ਫੌਜੀ ਮੌਜੂਦਗੀ ਵਧਾ ਰਿਹਾ ਹੈ, ਵਿਚ ਭਾਰਤ-ਅਮਰੀਕਾ ਵਿਚਕਾਰ ਵਧੇਰੇ ਸਹਿਯੋਗ ਉੱਤੇ ਜ਼ੋਰ ਦੇ ਰਿਹਾ ਹੈ। ਮੋਦੀ ਨੇ ਕਿਹਾ ਕਿ ਜਿਥੇ ਕਿਤੇ ਰਾਸ਼ਟਰਪਤੀ ਟਰੰਪ ਗਏ ਤੇ ਜਿਥੇ ਵੀ ਉਨ੍ਹਾਂ ਨੇ ਭਾਰਤ ਬਾਰੇ ਗੱਲ ਕੀਤੀ, ਉਨ੍ਹਾਂ ਭਾਰਤ ਦੀ ਭਾਰੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਤੇ ਅਮਰੀਕੀ ਲੀਡਰਸ਼ਿਪ ਨੂੰ ਜੋ ਭਾਰਤ ਤੋਂ ਆਸਾਂ ਹਨ, ਉਨ੍ਹਾਂ ਉੱਤੇ ਸਾਡਾ ਦੇਸ਼ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ ਅਤੇ ਕਰਦਾ ਰਹੇਗਾ।