ਮੋਟਾਪੇ ਦੇ ਦੁਸ਼ਮਣ

-ਕੇ ਐੱਲ ਗਰਗ
ਅਸੀਂ ਔਰਤਾਂ ਬਾਰੇ ਤਾਂ ਕੋਈ ਦਾਅਵਾ ਨਹੀਂ ਕਰ ਸਕਦੇ, ਇਸ ਦਾ ਸਾਨੂੰ ਕੋਈ ਇਲਮ ਜਾਂ ਤਜਰਬਾ ਨਹੀਂ ਹੈ, ਪਰ ਆਪਣੇ ਬਾਰੇ ਅਸੀਂ ਪੂਰੀ ਤਸੱਲੀ ਅਤੇ ਸੁਹੰ ਖਾ ਕੇ ਆਖ ਸਕਦੇ ਹਾਂ ਕਿ ਸਾਨੂੰ ਮੋਟਾਪਾ ਅਤੇ ਮੋਟੇ ਔਰਤਾਂ-ਆਦਮੀ ਬਹੁਤ ਚੰਗੇ ਲੱਗਦੇ ਹਨ। ਕੇਵਲ ਚੰਗੇ ਨਹੀਂ ਲੱਗਦੇ, ਅਸੀਂ ਉਨ੍ਹਾਂ ਦੇ ਪੂਰੇ ਫੈਨ ਹਾਂ। ਦੁਨੀਆ ਭਾਵੇਂ ਸਾਰੀ ਦੀ ਸਾਰੀ ਉਨ੍ਹਾਂ ਦੀ ਜਾਨੀ ਦੁਸ਼ਮਣ ਬਣੀ ਹੋਈ ਹੈ, ਸਾਡੀ ਅਤੇ ਸਾਡੇ ਸਾਰੇ ਟੱਬਰ ਦੀ ਵੋਟ ਉਨ੍ਹਾਂ ਦੇ ਹੱਕ ਵਿੱਚ ਭੁਗਤਦੀ ਹੈ।
ਕਹਿਣ ਨੂੰ ਭਾਵੇਂ ਕੁਝ ਆਖੀ ਜਾਓ, ਪਰ ਤੁਸੀਂ ਕਦੀ ਟਾਈਮ ਕੱਢ ਕੇ ਮੋਟੇ ਬੰਦੇ ਜਾਂ ਔਰਤਾਂ ਦੇ ਚਿਹਰੇ ਵੱਲ ਦੇਖਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੇ ਚਿਹਰਿਆਂ ਉਤੇ ਕਿੰਨਾ ਨੂਰ ਝਲਕਦਾ ਦਿਸਦਾ ਹੈ। ਇਕਦਮ ਲੱਗੇਗਾ, ਜਿਵੇਂ ਕਿਸੇ ਰੱਜੇ-ਪੁੱਜੇ ਘਰ ਦੇ ਜੀਅ ਹੋਣ। ਚੰਗੇ, ਉੱਚੇ ਅਤੇ ਖਾਨਦਾਨੀ ਜੀਆਂ ਦੇ ਚਿਹਰਿਆਂ ਉਤੇ ਇਹੋ ਜਿਹੀ ਰੌਣਕ ਖੇਡਦੀ ਹੁੰਦੀ ਹੈ। ਜਿੱਥੇ ਇਹ ਬੈਠੇ ਹੋਣ, ਥਾਂ ਭਰੀ-ਭਰੀ ਤੇ ਹਰੀ-ਹਰੀ ਲੱਗਦੀ ਹੈ। ਤੁਹਾਨੂੰ ਸ਼ਾਇਦ ਇਨ੍ਹਾਂ ‘ਤੇ ਇਸ ਕਰ ਕੇ ਖਿੱਝ ਆਉਂਦੀ ਹੋਵੇ ਕਿ ਜਿੱਥੇ ਇਹ ਪਧਾਰੇ ਹੋਣ, ਉਥੇ ਤੁਹਾਨੂੰ ਪੱਸਰਨ ਦਾ ਮੌਕਾ ਨਹੀਂ ਮਿਲਦਾ। ਇਨ੍ਹਾਂ ਦੇ ਬੈਠਿਆਂ ਤੁਹਾਡੇ ਜਿਹੇ ਕਮਜ਼ੋਰ ਲੋਕਾਂ ਦੀ ਜ਼ਿੰਦਗੀ ਖੜ੍ਹੇ-ਖੜੋਤਿਆਂ ਗੁਜ਼ਰ ਜਾਂਦੀ ਹੈ। ਸਿਆਣੇ ਕਹਿੰਦੇ ਤਾਂ ਹੁੰਦੇ ਆ…
ਦੁਨੀਆ ਤਕੜੇ ਦੀ, ਕਮਜ਼ੋਰਾਂ ਦਾ ਕੀ ਜੀਣਾ,
ਜਿਉਣਾ ਤਕੜੇ ਦਾ, ਕਮਜ਼ੋਰਾਂ ਦਾ ਕੀ ਥੀਣਾ।
ਇਸ ਦੇ ਉਲਟ ਕਿਸੇ ਸੁੱਕੇ ਬੰਦੇ-ਬੁੜ੍ਹੀ ਦੀ ਸ਼ਕਲ ਨਿਹਾਰੋ। ਸੁੱਕੇ ਛੁਹਾਰੇ ਜਿਹੇ ਚਿਹਰੇ ਉਤੇ ਇਉਂ ਲੱਗਦਾ ਜਿਵੇਂ ਭੰਗ ਭੁੱਜ ਰਹੀ ਹੋਵੇ। ਮਨਹੂਸੀਅਤ ਦਾ ਪੱਕਾ ਚੌਕੀਦਾਰਾ। ਜਿੱਥੇ ਬਿਰਾਜੇ ਹੋਣ, ਥਾਂ ਖਾਲੀ-ਖਾਲੀ ਦਿੱਸਦੀ ਹੈ, ਜਿਵੇਂ ਵੱਡੇ ਆਲੇ ‘ਚ ਬੁੱਝਿਆ ਦੀਵਾ ਪਿਆ ਹੋਵੇ। ਸ਼ਕਲਾਂ ਤੋਂ ਇਉਂ ਲੱਗਦਾ ਹੈ ਜਿਵੇਂ ਭੁੱਖ-ਨੰਗ ਨਾਲ ਲੜੀ ਕੁਸ਼ਤੀ ‘ਚ ਹਾਰ ਕੇ ਆਏ ਹੋਣ। ਕਿਸੇ ਨੇ ਠੀਕ ਹੀ ਆਖਿਆ ਹੋਣੈ, ਪਤਲੇ ਨੌਂ ਤੇ ਮੰਜਾ ਇੱਕ, ਮੰਜੇ ਨੌਂ ਤੇ ਮੋਟਾ ਇੱਕ। ਹੈ ਕੋਈ ਮੁਕਾਬਲਾ? ਜੇ ਚਾਹੋ ਤਾਂ ਤੁਸੀਂ ਇਨ੍ਹਾਂ ਦੀ ਆਪਸ ਵਿੱਚ ਤੁਲਨਾ ਵੀ ਕਰ ਕੇ ਦੇਖ ਸਕਦੇ ਹੋ। ਤੁਲਨਾ ਹੋ ਤਾਂ ਨਹੀਂ ਸਕਦੀ, ਮੁਕਾਬਲਾ ਹੀ ਕੋਈ ਨਹੀਂ ਦੋਵਾਂ ਵਿੱਚ, ਪਰ ਕੋਸ਼ਿਸ਼ ਕਰਨ ‘ਚ ਹਰਜ਼ ਵੀ ਕੀ ਹੈ?
ਮੋਟੇ ਨਾਲ ਅਸੀਂ ਹਮੇਸ਼ਾ ਤਾਜ਼ਾ ਸ਼ਬਦ ਵਰਤਦੇ ਹਾਂ। ਮੋਟਾ ਤਾਜ਼ਾ ਜਿਵੇਂ ਤਾਜ਼ਾ ਮੱਖਣ ਰਿੜਕਿਆ ਹੋਵੇ। ਮੋਟੜ ਸ਼ਬਦ ਬੋਲਦਿਆਂ ਹੀ ਬੰਦੇ ਦਾ ਮੂੰਹ ਇਵੇਂ ਭਰ ਜਾਂਦਾ ਹੈ ਜਿਵੇਂ ਪਾਣੀ ਭਰਿਆ ਗੋਲਗੱਪਾ ਮੂੰਹ ‘ਚ ਪਾ ਲਿਆ ਹੋਵੇ। ਮੋਟੇ ਦੀ ਤੁਲਨਾ ਹਮੇਸ਼ਾ ਰੱਜੇ-ਪੁੱਜੇ ਸੂਰ ਜਾਂ ਪਲੇ ਹੋਏ ਬੱਕਰੇ ਨਾਲ ਕੀਤੀ ਜਾਂਦੀ ਹੈ। ਉਸ ਨੂੰ ਸੂਰ ਵਾਂਗ ਫੈਲਰਿਆ ਆਖਦੇ ਹਨ, ਮੋਟਾ-ਤਾਜ਼ਾ ਸੂਰ ਵਰਗਾ ਮੋਟਾ ਝੋਟਾ ਕਹਿਣਾ ਵੀ ਸੋਹਣਾ ਲੱਗਦਾ ਹੈ। ਚਾਰ ਕੂਈਆਂ ਵਾਲੇ ਹਕੀਮ ਤੋਂ ਪੁੱਛ ਕੇ ਵੇਖ ਲੈਣਾ ਕਿ ਝੋਟਾ ਮਰਦਾਨਗੀ ਦਾ ਚਿੰਨ੍ਹ ਹੈ। ਅੰਨ੍ਹੀ ਤਾਕਤ ਦੀ ਨਿਸ਼ਾਨੀ ਹੈ। ਦੂਸਰੇ ਪਾਸੇ ਪਤਲੇ ਆਦਮੀ ਨੂੰ ਸੁੱਕੜ ਜਾਂ ਸੁਕੜੂ ਕਿਹਾ ਜਾਂਦਾ ਹੈ। ਪਤਲੇ ਬੰਦੇ ਦੀ ਤੁਲਨਾ ਅਸੀਂ ਤੀਲ੍ਹੇ ਨਾਲ ਕਰਦੇ ਹਾਂ, ਤੀਲ੍ਹੇ ਜਾਂ ਸੂਈ ਜਿਹਾ ਪਤਲਾ। ਕਿੱਥੇ ਸੂਰ ਤੇ ਝੋਟਾ ਤੇ ਕਿੱਥੇ ਮਾਂ ਮਛੋਹਰ ਪਤਲਾ ਜਿਹਾ, ਹਵਾ ਨਾਲ ਕੰਬਦਾ ਤੀਲ੍ਹਾ। ਤੁਸੀਂ ਸਿਆਣੇ ਹੋ, ਆਪ ਹੀ ਦੱਸੋ, ਹੈ ਕੋਈ ਮੁਕਾਬਲਾ?
ਸਾਡੇ ਇੱਕ ਸੁੱਕੇ ਤੇ ਪਤਲੇ ਮਿੱਤਰ ਨੂੰ ਇੱਕ ਤੀਵੀਂ ਹੱਸ ਕੇ ਕਹਿਣ ਲੱਗੀ, ‘ਮਿਸਟਰ ਪੀਚੂ, ਤੁਸੀਂ ਤਾਂ ਸੂਈ ਵਾਂਗ ਪਤਲੇ ਹੋ।’
ਸਾਡਾ ਮਿੱਤਰ ਆਪਣੀ ਹੇਠੀ ਛੁਪਾਉਂਦਿਆਂ ਰੋਣੀ ਜਿਹੀ ਸੂਰਤ ਬਣਾ ਕੇ ਕਹਿਣ ਲੱਗਾ, ‘ਨਹੀਂ ਮੈਡਮ, ਸਾਡੇ ਨਾਲੋਂ ਤਾਂ ਕਈ ਸੂਈਆਂ ਵੀ ਮੋਟੀਆਂ ਹੁੰਦੀਆਂ ਨੇ।’
ਸਾਡੇ ਉਸ ਮਿੱਤਰ ਨੂੰ ਇੱਕ ਦਿਨ ਹੋਰ ਬੰਦੇ ਨੇ ਪੁੱਛਿਆ, ‘‘ਤੁਹਾਡੀ ਜਵਾਨੀ ਅਤੇ ਬੁਢਾਪੇ ‘ਚ ਕੀ ਫਰਕ ਹੈ?”
ਮਿੱਤਰ ਨੇ ਝੱਟ ਜਵਾਬ ਦਿੱਤਾ, ‘ਕੋਈ ਫਰਕ ਨਹੀਂ”, ਬਿਲਕੁਲ ਉਵੇਂ ਹੀ ਹੈ, ਇਕੋ ਜਿਹੇ ਨਾ ਹਾੜ੍ਹ ਸੁੱਕੇ, ਨਾ ਸਾਉਣ ਹਰੇ।’
‘ਇਹ ਕਿਵੇਂ ਹੋ ਸਕਦੈ? ਕੋਈ ਨਾ ਕੋਈ ਫਰਕ ਤਾਂ ਪੈ ਹੀ ਜਾਂਦੈ।’
‘ਬਿਲਕੁਲ ਵੀ ਨਹੀਂ’, ਮਿੱਤਰ ਨੇ ਅਸਲੀ ਗੱਲ ਛੁਪਾਉਂਦਿਆਂ ਕਹਿ ਦਿੱਤਾ।
ਜਦੋਂ ਪੁੱਛਣ ਵਾਲਾ ਖਹਿੜੇ ਪੈ ਗਿਆ ਤਾਂ ਮਿੱਤਰ ਛਿੱਥਾ ਜਿਹਾ ਪੈਂਦਿਆਂ ਕਹਿਣ ਲੱਗਾ, ‘ਉਹ ਪੰਸੇਰੀ ਦਾ ਵੱਟਾ ਦੀਂਹਦਾ ਪਿਆ। ਉਹ ਨਾ ਸਾਥੋਂ ਜਵਾਨੀ ‘ਚ ਚੁੱਕਿਆ ਜਾਂਦਾ ਸੀ ਤੇ ਨਾ ਹੁਣ ਬੁਢਾਪੇ ‘ਚ ਚੁੱਕ ਹੁੰਦਾ।’
ਤੁਸੀਂ ਖੁਦ ਹੀ ਦੱਸੋ, ਜਿਹੜੇ ਸ਼ਖਸ ਜਵਾਨੀ ‘ਚ ਪੰਸੇਰੀ ਦਾ ਵੱਟਾ ਨਹੀਂ ਚੁੱਕ ਸਕਦੇ, ਉਹ ਭਾਰੀ-ਭਾਰੀ ਟੱਬਰਾਂ ਦਾ, ਦੇਸ਼ ਦਾ ਭਾਰ ਕਿਵੇਂ ਚੁੱਕ ਸਕਣਗੇ? ਜਿਹੋ ਜਿਹੇ ਦੁਨੀਆ ‘ਤੇ ਆਏ, ਜਿਹੋ ਜਿਹੇ ਨਾ ਆਏ। ਇਹੋ ਜਿਹੇ ਬੰਦਿਆਂ ਦਾ ਜੀਵਨ ਸਫਲਾ ਨਹੀਂ ਮੰਨਿਆ ਜਾਂਦਾ। ਦਾਰਸ਼ਨਿਕ ਲੋਕ ਇਹੋ ਜਿਹੋ ਬੰਦਿਆਂ ਦੇ ਜੀਵਨ ਨੂੰ ਭੱਠ ਝੋਕਣਾ ਆਖ ਕੇ ਮਨ ਦੁਖੀ ਕਰਦੇ ਰਹਿੰਦੇ ਹਨ। ਜਿਸ ਦੇ ਆਪਣੇ ਚਿਹਰੇ ‘ਤੇ ਰੌਣਕ ਨਾ ਹੋਵੇ, ਦੱਸੋ ਉਹ ਆਪਣੇ ਆਲੇ ਦੁਆਲੇ ਕੀ ਰੌਣਕ ਲਾ ਸਕਦਾ ਹੈ? ਕਈ ਕਵੀ ਇਹੋ ਜਿਹਿਆਂ ‘ਤੇ ਕਬਿੱਤ ਜੋੜ ਲੈਂਦੇ ਹਨ; ਰੋਂਦੇ-ਰੋਂਦੇ ਆਏ ਸਾਲੇ, ਰੋਂਦੇ ਰੋਂਦੇ ਪਾ ਗਏ ਚਾਲੇ।
ਸਮਾਜ ਵਿਗਿਆਨੀਆਂ ਦਾ ਕਥਨ ਹੈ।
‘‘ਦੁਨੀਆ ‘ਚ ਮੋਟੇ ਬੰਦੇ ਸਭ ਤੋਂ ਵੱਧ ਹੰਸੋੜ ਹੁੰਦੇ ਹਨ। ਹਾਸਾ ਉਨ੍ਹਾਂ ਦੀ ਨਸ-ਨਸ ‘ਚ ਘੁਲਿਆ ਹੁੰਦਾ ਹੈ। ਛੋਟੀ ਛੋਟੀ ਗੱਲ ‘ਤੇ ਉਨ੍ਹਾਂ ਦਾ ਹਾਸਾ ਹੋਲੀ ਵਾਲੀ ਪਿਚਕਾਰੀ ‘ਚੋਂ ਨਿਕਲੀ ਰੰਗਦਾਰ ਧਾਰ ਜਿਹਾ ਹੁੰਦਾ ਹੈ।”
ਮੋਟਾ ਬੰਦਾ ਹੱਸੇ ਤਾਂ ਇਉਂ ਲੱਗਣ ਲੱਗਦਾ ਹੈ, ਜਿਵੇਂ ਢੋਲ ਵੱਜ ਰਿਹਾ ਹੋਵੇ, ਜਿਵੇਂ ਪਿੱਤਲ ਦੇ ਭਾਂਡੇ ‘ਚ ਬੰਟੇ ਖੜਕ ਰਹੇ ਹੋਣ। ਸੁੱਕਾ ਬੰਦਾ ਅੱਵਲ ਤਾਂ ਹੱਸਦਾ ਨੀਂ, ਪਰ ਜੇ ਕਿਤੇ ਹਾੜ੍ਹੀ ਸਾਉਣੀ ਭੁੱਲ ਭੁਲੇਖੇ ਹੱਸ ਵੀ ਪਵੇ ਤਾਂ ਆਵਾਜ਼ ਇਉਂ ਨਿਕਲਦੀ ਹੈ ਜਿਵੇਂ ਖੁੱਡ ‘ਚ ਲੁਕੀ ਚੂਹੀ ਦੀ ਪੂਛ ਭਾਰ ਹੇਠ ਦੱਬੀ ਹੋਈ ਹੋਵੇ।
ਸੁੱਕੇ ਸੜੀਅਲ ਬੰਦੇ ਨੂੰ ਦੇਖ ਕੇ ਕੌਣ ਮਾਈ ਦਾ ਲਾਲ ਹੱਸ ਸਕਦੈ। ਇਹੋ ਜਿਹੇ ਮਰੀਅਲ ਬੰਦੇ ਨੂੰ ਦੇਖ ਕੇ ਇਉਂ ਲੱਗਣ ਲੱਗ ਜਾਂਦੈ, ਜਿਵੇਂ ਤੁਹਾਡੇ ਧੁਰ ਅੰਦਰੋਂ ਰੋਣ ਨਿਕਲਿਆ ਕਿ ਨਿਕਲਿਆ। ਇਹੋ ਜਿਹੇ ਬੰਦੇ ਨੂੰ ਦੇਖ ਕੇ ਦਿਲ ਕਰਨ ਲੱਗਦੈ ਕਿ ਉਸ ਦੇ ਮਰਦੂਦ ਤੇ ਮਨਹੂਸ ਬੁਥਾੜ ‘ਤੇ ਘਸੁੰਨ ਮਾਰ ਕੇ ਨੱਸ ਜਾਈਏ, ਪਰ ਮੋਟੇ ਬੰਦੇ ਨੂੰ ਦੇਖ ਕੇ ਤਾਂ ਹਾਸਾ ਮੱਲੋਮੱਲੀ ਫੁਹਾਰੇ ਵਾਂਗ ਤੁਹਾਡੇ ਅੰਦਰੋਂ ਫੁੱਟ ਪੈਂਦੈ। ਦੁਨੀਆ ਦਾ ਕੁਲ ਹਾਸਾ ਮੋਟਿਆਂ ਵੱਲੋਂ ਧਰਤੀ ਦੇ ਬਾਸ਼ਿੰਦਿਆਂ ਨੂੰ ਇੱਕ ਸੌਗਾਤ ਵਜੋਂ ਭੇਟ ਕੀਤਾ ਜਾਂਦਾ ਹੈ। ਮੋਟੇ ਹੋਣਗੇ ਤਾਂ ਦੁਨੀਆ ‘ਚ ਹਾਸਾ ਵੀ ਰਹੇਗਾ। ਮੋਟਿਆਂ ਨਾਲ ਦੁਨੀਆ ਭਰੀ ਭਰੀ ਲੱਗਦੀ ਹੈ। ਇਸ ਦੇ ਬਾਵਜੂਦ ਸਾਰੀ ਦੁਨੀਆ ਦੇ ਮੁਲਕ ਮੋਟਾਪੇ ਤੇ ਮੋਟੇ ਬੰਦਿਆਂ ਦੇ ਦੁਸ਼ਮਣ ਬਣੇ ਹੋਏ ਹਨ। ਦੁਸ਼ਮਣ ਹੀ ਨਹੀਂ, ਜਾਨੀ ਦੁਸ਼ਮਣ ਬਣੇ ਹੋਏ ਹਨ। ਬੱਸ ਸਾਨੂੰ ਇਹੋ ਗੱਲ ਚੰਗੀ ਨਹੀਂ ਲੱਗਦੀ।
ਜਦੋਂ ਵੀ ਅਸੀਂ ‘ਮੋਟਾਪਾ ਘਟਾਓ ਦੋ ਹਫਤੇ ‘ਚ ਵੀਹ ਕਿਲੋ ਭਾਰ ਘਟਾਣ ਦੀ ਗਾਰੰਟੀ’ ਜਿਹੇ ਘਟੀਆ ਬੋਰਡ ਬਿਲਡਿੰਗਾਂ ਦੇ ਬਾਹਰ ਲਟਕਦੇ ਦੇਖਦੇ ਹਾਂ ਤਾਂ ਸਾਨੂੰ ਕੋਫਤ ਹੋਣ ਲੱਗਦੀ ਹੈ। ਗੁੱਸਾ ਆਉਣ ਲੱਗਦਾ ਹੈ। ਮੋਟੇ ਤਾਂ ਚਲੋ ਭਾਰ ਘਟਾ ਕੇ ਵੀ ਬਚੇ ਰਹਿਣਗੇ, ਵੀਹ ਕਿਲੋ ਦੇ ਸੁੱਕੇ ਸੜੇ ਬੰਦੇ ਭਾਰ ਘਟਾ ਕੇ ਕੀ ਰਹਿ ਜਾਣਗੇ। ਇਹੋ ਚਿੰਦਾ ਸਾਨੂੰ ਵੱਢ-ਵੱਢ ਖਾ ਰਹੀ ਹੈ। ਮੋਟਾਪਾ ਜਾਂ ਮੋਟੇ ਬੰਦੇ ਘਟਾ ਕੇ ਇਹੋ ਜਿਹੇ ਲੋਕ ਦੁਨੀਆ ਵਿੱਚ ਸੋਗ ਅਤੇ ਮਨਹੂਸੀਅਤ ਫੈਲਾਉਣਾ ਚਾਹੁੰਦੇ ਹਨ, ਜੋ ਅਸੀਂ ਹਰਗਿਜ਼ ਵੀ ਸਹਿਣ ਨਹੀਂ ਕਰਾਂਗੇ। ਇਸੇ ਲਈ ਔਰਤਾਂ ਦਾ ਤਾਂ ਸਾਨੂੰ ਕੋਈ ਇਲਮ ਨਹੀਂ। ਹਾਂ ਪਰ ਅਸੀਂ ਮੋਟਿਆਂ ਨੂੰ ਬਹੁਤ ਪਿਆਰ ਕਰਦੇ ਹਾਂ। ਸਾਨੂੰ ਮੋਟੇ, ਪਲੇ ਹੋਏ, ਤਾਜ਼ਾ-ਤਾਜ਼ਾ ਬੰਦੇ ਚੰਗੇ ਲੱਗਦੇ ਹਨ।