ਮੋਗਾ ਤੋਂ ਕੁੜੀ ਅਗਵਾ ਕਰ ਕੇ ਗੋਆ ਲਿਜਾਂਦੇ ਪੰਜ ਜਣੇ ਗ੍ਰਿਫਤਾਰ

arrested kidnapping girl
ਖੰਨਾ, 12 ਸਤੰਬਰ (ਪੋਸਟ ਬਿਊਰੋ)- ਮੋਗਾ ਤੋਂ ਲੜਕੀ ਨੂੰ ਪਿਸਤੌਲ ਦੀ ਨੋਕ ਅਤੇ ਅਗਵਾ ਕਰਨ ਵਾਲੇ ਗੋਆ ਦੇ ਚਾਰ ਲੜਕਿਆਂ ਅਤੇ ਇੱਕ ਔਰਤ ਨੂੰ ਖੰਨਾ ਪੁਲਸ ਨੇ ਫੜ ਲਿਆ। ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਦੇ ਮੁਤਾਬਕ ਦੋ ਵਜੇ ਆਈ ਜੀ ਪੀ ਜ਼ੋਨਲ ਜਲੰਧਰ ਦਾ ਮੈਸੇਜ ਮਿਲਿਆ ਕਿ ਨੀਲੇ ਰੰਗ ਦੀ ਸਕਾਰਪੀਓ ਵਿੱਚ ਦੋ ਨੌਜਵਾਨ ਇੱਕ ਲੜਕੀ ਮੋਗਾ ਤੋਂ ਅਗਵਾ ਕਰ ਕੇ ਸ਼ਾਹਕੋਟ ਨੂੰ ਲੈ ਗਏ ਹਨ। ਦੋਰਾਹਾ ਪੋਸਟ ਉੱਤੇ ਐੱਸ ਐੱਚ ਓ ਮਨਜੀਤ ਸਿੰਘ ਅਤੇ ਸਾਥੀਆਂ ਨੇ ਸਕਾਰਪੀਓ ਨੂੰ ਪਛਾਣ ਲਿਆ ਅਤੇ ਪਿੱਛਾ ਕਰ ਕੇ ਪਿੰਡ ਭੱਟੀਆਂ ਦੇ ਨੇੜੇ ਫੜ ਲਿਆ।
ਇਸ ਗੱਡੀ ਵਿੱਚ ਸਵਾਰ ਗੋਆ ਦੇ ਇਸਮਾਈਲ ਸ਼ੇਖ, ਫਰਹਾਨ ਸ਼ੇਖ, ਮੁਹੰਮਦ ਹਨੀਫ, ਸ਼ੇਖ ਮੁਹੰਮਦ, ਪਰਵੀਨ ਪਤਨੀ ਫਰਹਾਨ ਦੇ ਨਾਲ ਅਗਵਾ ਲੜਕੀ ਵੀ ਸੀ। ਕਰੀਬ 28 ਸਾਲ ਦੀ ਲੜਕੀ ਫਿਰੋਜ਼ਪੁਰ ਦੇ ਕਿਸੇ ਪਿੰਡ ਦੀ ਦੱਸੀ ਜਾਂਦੀ ਹੈ। ਇਸਮਾਈਲ ਤੇ ਸ਼ੇਖ ਮੁਹੰਮਦ ਗੋਆ ਤੋਂ ਜਹਾਜ਼ ਵਿੱਚ ਅੰਮ੍ਰਿਤਸਰ ਆਏ ਤੇ ਫਿਰ ਮੋਗਾ ਪਹੁੰਚੇ ਸਨ। ਫਰਹਾਨ, ਮੁਹੰਮਦ ਹਨੀਫ ਤੇ ਪਰਵੀਨ ਜਹਾਜ਼ ਤੋਂ ਦਿੱਲੀ ਪਹੁੰਚੇ ਅਤੇ ਉਥੋਂ ਸੈਲਫ ਡਰਾਈਵ ਕਰ ਕੇ ਕਾਰ ਕਿਰਾਏ ‘ਤੇ ਲੈ ਕੇ ਮੋਗਾ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਕੋਲ ਖਿਡੌਣਾ ਪਿਸਤੌਲ ਸਨ। ਉਹ ਮੋਬਾਈਲ ਤੋਂ ਦਿੱਲੀ ਤੋਂ ਗੋਆ ਦੀਆਂ ਟਿਕਟਾਂ ਵੀ ਬੁੱਕ ਕਰਵਾ ਰਹੇ ਸਨ। ਜਲੰਧਰ ਦੇ ਡੀ ਆਈ ਜੀ ਗੁਰਸ਼ਰਨ ਸਿੰਘ ਸੰਧੂ ਨੇ ਦੋਸ਼ੀਆਂ ਦੇ ਫੜੇ ਜਾਣ ਤੱਕ ਨਜ਼ਰ ਬਣਾਈ ਰੱਖੀ।