ਮੋਏ ਮਿੱਤਰਾਂ ਦੀ ਸ਼ਨਾਖਤ

-ਪ੍ਰ. ਗੁਰਦੇਵ ਸਿੰਘ ਜੌਹਲ
ਬਹੁਤ ਸਾਲ ਪਹਿਲਾਂ ਦੀ ਗੱਲ ਹੈ। ਮੈਂ ਜਲੰਧਰ ਦੇ ਮੀਨਾ ਬਾਜ਼ਾਰ ‘ਚ ਜਾ ਰਿਹਾ ਸੀ। ਕਿਸੇ ਨੇ ਮੇਰਾ ਨਾਂ ਲੈ ਕੇ ‘ਵਾਜ਼ ਦਿੱਤੀ। ਆਲੇ ਦੁਆਲੇ ਦੇਖਿਆ ਕਿ ਕੌਣ ਕਿੱਧਰੋਂ ਬੁਲਾ ਰਿਹਾ ਹੈ। ਇਹ ਤਾਂ ਸੋਮਾ ਸੀ, ਮੇਰੇ ਪਿੰਡ ਦਾ ਸੋਮਨਾਥ ਤੇ ਦਸਵੀਂ ਜਮਾਤ ਦਾ ਸਹਿਪਾਠੀ। ਉਦੋਂ ਮੇਰੇ ਕੋਲ ਸਿਰਫ ਸਾਈਕਲ ਹੀ ਹੁੰਦਾ ਸੀ। ਮੈਂ ਸਾਈਕਲ ਖੜਾ ਕਰ’ਤਾ। ਸੋਮਾ ਦੁਕਾਨ ‘ਚੋਂ ਬਾਹਰ ਨਿਕਲ ਕੇ ਆਇਆ, ਬੜੀ ਗਰਮਜੋਸ਼ੀ ਨਾਲ ਮਿਲਿਆ ਤੇ ਹੱਥ ਫੜ ਕੇ ਦੁਕਾਨ ਅੰਦਰ ਲੈ ਗਿਆ। ਉਹਦੀ ਘੜੀਆਂ ਦੀ ਦੁਕਾਨ ਸੀ। ਉਹ ਹੱਥ ਘੜੀਆਂ, ਕਲਾਕ ਅਤੇ ਟਾਈਮਪੀਸ ਵੇਚਦਾ ਤੇ ਪੁਰਾਣੀਆਂ ਦੀ ਮੁਰੰਮਤ ਕਰਦਾ ਸੀ। ਉਹਨੂੰ ਸ਼ਾਇਦ ਮੇਰੇ ਬਾਰੇ ਪਤਾ ਸੀ ਕਿ ਮੈਂ ਕਾਲਜ ‘ਚ ਪੜ੍ਹਾਉਂਦਾ ਹਾਂ, ਪਰ ਮੈਨੂੰ ਉਸ ਬਾਰੇ ਕੁਝ ਨਹੀਂ ਸੀ ਪਤਾ। ਫਟਾਫਟ ਉਸ ਨੇ ਆਪਣੇ ਸਹਾਇਕ ਮੁੰਡੇ ਨੂੰ 2/3 ਚਾਹ ਲਿਆਉਣ ਲਈ ਕਿਹਾ, ਜਿਸ ਦਾ ਮਤਲਬ ਸੀ ਦੋ ਕੱਪ ਚਾਹ ਪਰ ਨਾਲ ਇਕ ਖਾਲੀ ਕੱਪ, ਤਾਂ ਜੋ ਦੋ ਕੱਪਾਂ ਦੀ ਚਾਹ ਤਿੰਨ ਕੱਪਾਂ ‘ਚ ਪਾਈ ਜਾ ਸਕੇ। ਮੈਂ ਕਿਤਾਬਾਂ ਦੀ ਮਾਰਕੀਟ ਮਾਈ ਹੀਰਾਂ ਗੇਟ ਵਿਖੇ ਵੀ ਦੇਖਿਆ ਸੀ ਕਿ ਦੁਕਾਨਦਾਰ ਚਾਹ ਦਾ ਆਰਡਰ ਏਦਾਂ ਹੀ ਦਿੰਦੇ ਹਨ ‘ਦੋ ਬਟਾ ਤਿੰਨ’, ‘ਤਿੰਨ ਬਟਾ ਚਾਰ’।
ਕਾਫੀ ਦੇਰ ਅਸੀਂ ਹੋਰ ਦੋਸਤਾਂ, ਸਹਿਪਾਠੀਆਂ ਬਾਰੇ ਗੱਲਾਂ ਕਰਦੇ ਰਹੇ। ਪਿੰਡ ਬਾਰੇ ਅਤੇ ਸਹਿਪਾਠੀਆਂ ਬਾਰੇ ਉਹਨੂੰ ਵੱਧ ਪਤਾ ਸੀ ਕਿ ਦਸਵੀਂ ਪਾਸ ਕਰਨ ਮਗਰੋਂ ਕਿਹੜਾ ਅੱਗੇ ਪੜ੍ਹਿਆ ਜਾਂ ਕਿਸੇ ਨੇ ਕਿਹੜੇ ਕੰਮ ‘ਚ ਟਰੇਨਿੰਗ ਲਈ ਹੈ। ਕਿਹੜਾ ਬਾਹਰ ਚਲਾ ਗਿਆ ਤੇ ਕੀਹਦਾ ਵਿਆਹ ਹੋ ਗਿਆ। ਉਹਨੇ ਦੱਸਿਆ, ‘ਮੈਂ ਤਾਂ ਰੋਜ ਸ਼ਾਮ ਨੂੰ ਪਿੰਡ ਚਲਾ ਜਾਂਦਾ ਹਾਂ ਤੇ ਸਵੇਰੇ ਆ ਜਾਂਦਾ ਹਾਂ।’ ਉਹ ਮੈਨੂੰ ਮਿਲ ਕੇ ਇੰਨਾ ਖੁਸ਼ ਸੀ ਕਿ ਪਤਾ ਨਹੀਂ ਉਹਨੂੰ ਕੀ ਮਿਲ ਗਿਆ ਹੋਵੇ। ਸੰਖੇਪ ‘ਚ ਉਹਨੇ ਮੇਰੇ ਪਰਵਾਰ ਬਾਰੇ ਵੀ ਜਾਣਕਾਰੀ ਲਈ। ਅਸਲ ‘ਚ ਦਸਵੀਂ ਪਾਸ ਕਰਨ ਮਗਰੋਂ ਮੈਂ ਪਹਿਲਾਂ ਕਾਲਜ ਹੋਸਟਲ ‘ਚ ਰਿਹਾ, ਫਿਰ ਯੂਨੀਵਰਸਿਟੀ ਦੇ ਹੋਸਟਲ ‘ਚ ਤੇ ਹੁਣ ਕਾਲਜ ਨੌਕਰੀ ਕਰਦਿਆਂ ਮਾਡਲ ਟਾਊਨ ‘ਚ ਪਰਵਾਰ ਨਾਲ ਰਹਿ ਰਿਹਾ ਸੀ। ਦਸਵੀਂ ਪਾਸ ਕਰਨ ਮਗਰੋਂ ਸਾਰੇ ਸਹਿਪਾਠੀ ਖਿੱਲਰ ਪੱਤਰ ਗਏ ਸਨ। ਕੋਈ ਚਾਰ ਪੰਜ ਹੀ ਮੇਰੇ ਨਾਲ ਕਾਲਜ ‘ਚ ਸਹਿਪਾਠੀ ਬਣੇ, ਪਰ ਸਾਇੰਸ ਲੈਣ ਵਾਲਾ ਮੈਂ ‘ਕੱਲਾ ਹੀ ਸੀ। ਬਾਕੀਆਂ ਨੇ ਤਾਂ ਆਰਟਸ ਰੱਖੀ ਸੀ। ਉਹ ਸਵੇਰੇ ਪਿੰਡੋਂ ਗੱਡੀ ਆਉਂਦੇ ਤੇ ਕਲਾਸਾਂ ਲਾ ਕੇ ਬਾਅਦ ਦੁਪਹਿਰ ਮੁੜ ਗੱਡੀ ਫੜ ਕੇ ਪਿੰਡ ਚਲੇ ਜਾਂਦੇ। ਸੋਮੇ ਦਾ ਘਰ ਵੀ ਪਿੰਡ ‘ਚ ਮੇਰੀ ਪੱਤੀ ‘ਚ ਹੀ ਸੀ। ਸਕੂਲ ਤਾਂ ਅਸੀਂ ਰੋਜ਼ ਮਿਲਦੇ ਹੀ ਸੀ, ਪਿੰਡ ਵੀ ਇਕ ਅੱਧੀ ਵਾਰੀ ਦਿਨ ‘ਚ ਮੇਲ ਹੋ ਜਾਂਦਾ ਸੀ। ਕਦੇ ਬਾਹਰ ਜੰਗਲ ਪਾਣੀ ਜਾਂਦਿਆਂ ਜਾਂ ਕਿਸੇ ਹੋਰ ਕੰਮ। ਜਦੋਂ ਵੀ ਮੈਂ ਉਹਦੀ ਦੁਕਾਨ ‘ਤੇ ਜਾਂਦਾ, ਸ਼ਹਿਰ ਗਿਆ ਜਾਂ ਘੜੀ ਠੀਕ ਕਰਾਉਣ (ਕਿਉਂਕਿ ਉਦੋਂ ਚਾਬੀ ਵਾਲੀਆਂ ਘੜੀਆਂ ਹੁੰਦੀਆਂ ਸਨ)। ਉਹ ਬੜੇ ਤਪਾਕ ਨਾਲ ਮਿਲਦਾ। ਦੁਕਾਨ ‘ਚ ਵੜਦਿਆਂ ਹੀ ਚਾਹ ਦਾ ਹੁਕਮ ਦੇ ਦਿੰਦਾ। ਆਏ ਗਏ ਗਾਹਕ ਨੂੰ ਦੱਸਦਾ ਕਿ ਮੇਰਾ ਇਹ ਸਹਿਪਾਠੀ ਬਹੁਤ ਹੁਸ਼ਿਆਰ ਸੀ ਤੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਕਲਾਸ ਮਾਨੀਟਰ ਰਿਹਾ ਸੀ। ਫਿਰ ਸਵੈਚਾਲਤ ਘੜੀਆਂ ਆ ਗਈਆਂ ਤੇ ਫਿਰ ਸੈਲ ਵਾਲੀਆਂ। ਉਨ੍ਹਾਂ ਦੀ ਮੁਰੰਮਤ ਦਾ ਕੰਮ ਵੀ ਹੁਣ ਮਾਡਲ ਟਾਊਨ ਮਾਰਕੀਟ ‘ਚ ਹੋ ਜਾਂਦਾ ਸੀ। ਸ਼ਹਿਰ ਜਾਣ ਦੀ ਲੋੜ ਹੀ ਨਾ ਪਈ ਤੇ ਏਦਾਂ ਪਤਾ ਨਹੀਂ ਕਿੰਨੇ ਸਾਲ ਬੀਤ ਗਏ।
ਇੱਕ ਦਿਨ ਮੈਂ ਉਹਦੀ ਦੁਕਾਨ ‘ਤੇ ਨਾ ਗਿਆ। ਦਿਨ ਦੇ ਗਿਆਰਾਂ ਕੁ ਵੱਜਣ ਵਾਲੇ ਸਨ। ਦੁਕਾਨ ਬੰਦ ਸੀ। ਸਾਹਮਣੇ ਵਾਲੀ ਦੁਕਾਨ ਤੋਂ ਪੁੱਛਿਆ ਤਾਂ ਉਹ ਕਹਿੰਦਾ ਆਉਣ ਹੀ ਵਾਲੇ ਨੇ। ਫਿਰ ਇਕ ਲੜਕਾ ਆਇਆ, ਮੋਟਰ ਸਾਈਕਲ ਖੜਾ ਕੀਤਾ ਤੇ ਤਾਲਾ ਖੋਲ੍ਹ ਕੇ ਦੁਕਾਨ ਦਾ ਸ਼ਟਰ ਚੁੱਕਿਆ। ਮੈਂ ਆਪਣੇ ਬਾਰੇ ਦੱਸਿਆ ਤੇ ਸੋਮਨਾਥ ਬਾਰੇ ਪੁੱਛਿਆ ਤਾਂ ਉਹ ਕਹਿੰਦਾ, ‘ਮੈਂ ਉਨ੍ਹਾਂ ਦਾ ਲੜਕਾ ਹਾਂ। ਉਨ੍ਹਾਂ ਨੂੰ ਗੁਜ਼ਰਿਆਂ ਤਾਂ 14 ਸਾਲ ਹੋ ਗਏ ਹਨ। ਬੱਸ ਦਿਲ ਹੀ ਫੇਲ੍ਹ ਹੋ ਗਿਆ ਸੀ।’ ਮੈਨੂੰ ਇਕਦਮ ਧੱਕਾ ਲੱਗਿਆ। ਸੋਮੇ ਦੇ ਤੁਰ ਜਾਣ ਦਾ ਅਫਸੋਸ ਕੀਤਾ। ਮੁੜ ਕਦੇ ਓਧਰ ਜਾਣ ਨੂੰ ਦਿਲ ਹੀ ਨਹੀਂ ਕੀਤਾ।
ਪ੍ਰਹਿਲਾਦ ਕੁਮਾਰ ਮੇਰੇ ਦਸਵੀਂ ਦਾ ਸਹਿਪਾਠੀ ਸੀ। ਉਹਦਾ ਪਿੰਡ ਸਮਰਾਏ ਸੀ। ਬਹੁਤ ਹੀ ਵਧੀਆ ਮੁੰਡਾ। ਸਕੂਲ ਓਹਦੇ ਮਾਮੇ ਦੀ ਕੰਟੀਨ ਸੀ। ਸਾਡੇ ਘਰ ਉਦੋਂ ਬਿਜਲੀ ਨਹੀਂ ਸੀ ਹੁੰਦੀ। ਸਰਦੀਆਂ ਦੇ ਦੋ ਤਿੰਨ ਮਹੀਨੇ ਅਸੀਂ ਰਾਤ ਨੂੰ ਸਕੂਲ ਦੇ ਹੀ ਇਕ ਕਮਰੇ ‘ਚ ਰਹਿੰਦੇ ਰਹੇ। ਦੇਰ ਤੱਕ ਪੜ੍ਹਦੇ ਰਹਿਣਾ। ਦਸਵੀਂ ਪਾਸ ਕਰਨ ਮਗਰੋਂ ਅਸੀਂ ਫਿਰ ਅਲੱਗ ਹੋ ਗਏ। ਅੱਠ ਮਾਰਚ 2008 ਨੂੰ 48 ਸਾਲਾਂ ਬਾਅਦ ਮੈਂ ਆਪਣੇ ਸਕੂਲ ਗਿਆ ਫਿਰ ਦਿਲ ‘ਚ ਆਇਆ ਕਿ ਪ੍ਰਹਿਲਾਦ ਦੇ ਪਿੰਡ ਜਾ ਕੇ ਉਹਦਾ ਜਾਂ ਕਿਸੇ ਹੋਰ ਸਹਿਪਾਠੀ ਦਾ ਥਹੁ ਪਤਾ ਲੱਭਾਂ। ਕਿਸੇ ਨੇ ਕਿਹਾ ਕਿ ਮੇਨ ਸੜਕ ‘ਤੇ ਪ੍ਰਹਿਲਾਦ ਦੇ ਮਾਮੇ ਦੇ ਮੁੰਡੇ ਦੀ ਮਠਿਆਈ ਦੀ ਦੁਕਾਨ ਹੈ, ਉਥੋਂ ਪਤਾ ਕਰੋ। ਦੁਕਾਨ ਤੋਂ ਮੈਨੂੰ ਪ੍ਰਹਿਲਾਦ ਦਾ ਸੰਪਰਕ ਨੰਬਰ ਮਿਲ ਗਿਆ। ਉਹ ਦਿੱਲੀ ਰਹਿੰਦਾ ਸੀ। ਦੂਰਦਰਸ਼ਨ ਤੋਂ ਸੇਵਾਮੁਕਤ ਹੋ ਚੁੱਕਾ ਸੀ। ਮੈਂ ਵੀ ਸੇਵਾਮੁਕਤ ਹੋ ਚੁੱਕਿਆ ਸੀ। ਮੈਂ ਉਹਦੇ ਨਾਲ ਸੰਪਰਕ ਕੀਤਾ। ਪਤਾ ਨਹੀਂ ਅਸੀਂ ਕਿੰਨਾ ਚਿਰ 48 ਸਾਲਾਂ ਦੇ ਵਕਫੇ ਦੀਆਂ ਗੱਲਾਂ ਕਰਦੇ ਰਹੇ। ਉਹ ਕਹਿੰਦਾ, ‘ਮੈਂ ਸਮਝਦਾ ਸੀ ਕਿ ਤੰੂ ਕਿਤੇ ਪਰਦੇਸ਼ ਚਲਾ ਗਿਆ ਏਂ। ਮੈਂ ਤਾਂ ਜਲੰਧਰ ਬਹੁਤ ਵਾਰੀ ਆਉਂਦਾ ਰਿਹਾ ਹਾਂ। ਹੁਣ ਜਦੋਂ ਆਇਆ, ਤੈਨੂੰ ਮਿਲਾਂਗਾ।’ ਫਿਰ ਜਲਦੀ-ਜਲਦੀ ਇਕ ਦੂਜੇ ਨਾਲ ਫੋਨ ‘ਤੇ ਕਈ ਵਾਰੀ ਗੱਲਾਂ ਕਰਦੇ ਰਹੇ। ਏਦਾਂ ਸਾਲ ਛੇ ਮਹੀਨੇ ਬੀਤ ਗਏ। ਉਹ ਜਲੰਧਰ ਨਾ ਆਇਆ ਨਾ ਮੈਂ ਹੀ ਦਿੱਲੀ ਗਿਆ। ਜਦੋਂ ਇਕ ਦਿਨ ਦਿੱਲੀ ਫੋਨ ਕੀਤਾ ਤਾਂ ਉਹਦੇ ਲੜਕੇ ਨੇ ਦੱਸਿਆ ਕਿ ਪਾਪਾ ਨੂੰ ਗੁਜ਼ਰਿਆਂ ਸਾਲ ਹੋ ਗਿਆ। ਹਾਰਟ ਦੀ ਸਮੱਸਿਆ ਸੀ। ਮੇਰੀਆਂ ਅੱਖਾਂ ਨਮ ਹੋ ਗਈਆਂ, ਮੈਥੋਂ ਬੋਲਿਆ ਨਾ ਗਿਆ।
ਮੁਖਪਾਲ ਨੂੰ ਮੈਂ ਮੋਖੀ ਕਹਿੰਦਾ ਸੀ। ਉਹ ਵੀ ਮੇਰੇ ਪਿੰਡੋਂ ਦੂਜੀ ਪੱਤੀ ਦਾ ਮੇਰਾ ਦਸਵੀਂ ਦਾ ਸਹਿਪਾਠੀ ਸੀ। ਪ੍ਰਾਇਮਰੀ ਸਕੂਲ ਦਾ ਮੈਨੂੰ ਯਾਦ ਨਹੀਂ, ਪਰ ਹਾਈ ਸਕੂਲ ‘ਚ ਅਸੀਂ ਚਾਰ ਪੰਜ ਸਾਲ ਕਲਾਸ ‘ਚ ਸਭ ਤੋਂ ਮੋਹਰੇ ਇਕੋ ਬੈਂਚ ‘ਤੇ ਬੈਠਦੇ ਰਹੇ। ‘ਕੱਠੇ ਸਕੂਲ ਜਾਂਦੇ ਤਾਂ ‘ਕੱਠੇ ਵਾਪਸ ਆਉਂਦੇ। ਦਸਵੀਂ ਦਾ ਇਮਤਿਹਾਨ ਦੇਣ ਮਗਰੋਂ ਅਸੀਂ ਤਕਰੀਬਨ ਰੋਜ਼ ਮਿਲਦੇ। ਕਾਲਜ ਵੀ ਤਿੰਨ ਕੁ ਸਾਲ ‘ਕੱਠੇ ਪੜ੍ਹੇ। ਮੇਰੇ ਕੋਲ ਸਾਇੰਸ ਅਤੇ ਉਹਨੇ ਆਰਟਸ ਰੱਖੀ। ਬੀ ਏ ਭਾਗ ਦੂਜਾ ‘ਚ ਸਫਲ ਨਾ ਹੋਣ ਉਪਰੰਤ ਉਹਨੇ ਕਾਲਜ ਛੱਡ’ਤਾ ਤੇ ਕੋਆਪ੍ਰੇਟਿਵ ਬੈਂਕ ‘ਚ ਨੌਕਰੀ ਕਰ ਲਈ। ਉਸ ਦੇ ਦੋ ਭਰਾਵਾਂ ਦੀ ਬੇਮੌਕਾ ਮੌਤ ਤੇ ਫਿਰ ਉਹਦੀ ਮਾਤਾ ਦੇ ਤੁਰ ਜਾਣ ਮਗਰੋਂ ਉਹ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ। ਫਿਰ ਉਹਦੇ ਬਾਪ ਦੀ ਵੀ ਮੌਤ ਹੋ ਗਈ। ਕਦੇ-ਕਦੇ ਅਸੀਂ ਮਿਲਦੇ ਵੀ ਰਹੇ। ਫਿਰ ਉਹਨੂੰ ਇਕ ਅਜਿਹੀ ਬਿਮਾਰੀ ਲੱਗੀ, ਬੱਸ ਨੌਕਰੀ ਵੀ ਛੱਡਣੀ ਪੈ ਗਈ। ਘਰ ਹੀ ਪਰੇਸ਼ਾਨੀ ‘ਚ ਪਏ ਰਹਿਣਾ। 2008 ‘ਚ ਜਦੋਂ ਮੈਂ ਉਹਦੇ ਘਰ ਗਿਆ ਤਾਂ ਪਤਾ ਲੱਗਾ ਕਿ ਜਲੰਧਰ ਇਕ ਡਾਕਟਰ ਕੋਲ ਉਹਦਾ ਇਲਾਜ ਚੱਲ ਰਿਹਾ ਹੈ। ਦਿਨ ਬੀਤਦੇ ਗਏ। ਫਿਰ ਇਕ ਦਿਨ ਪਿੰਡ ਦਾ ਮੋਖੀ ਹੂਣਾਂ ਦੇ ਪਾਸੇ ਦਾ ਇਕ ਸੱਜਣ ਜਲੰਧਰ ਮੇਰੇ ਘਰ ਆਇਆ ਸੀ। ਮੈਂ ਪੁੱਛਿਆ ਕਿ ਮੋਖੀ ਦਾ ਕੀ ਹਾਲ ਹੈ ਤਾਂ ਉਹ ਕਹਿੰਦਾ ਕਿ ਉਹਨੂੰ ਗੁਜ਼ਰੇ ਨੂੰ ਤਾਂ ਡੇਢ ਦੋ ਸਾਲ ਹੋ ਗਏ ਹਨ। ਮੈਨੂੰ ਦੁੱਖ ਵੀ ਸੀ ਕਿ ਉਸ ਦੇ ਬੇਟੇ/ਪਤਨੀ ਨੇ ਮੈਨੂੰ ਖਬਰ ਵੀ ਨਹੀਂ ਦਿੱਤੀ। ਹੁਣ ਤਾਂ ਮੋਖੀ ਦੀ ਪੱਤੀ ਵੱਲ ਜਾਣ ਨੂੰ ਦਿਲ ਨਹੀਂ ਕਰਦਾ। ਉਹ ਦਾ ਪੁੱਤਰ ਬਾਹਰ ਚਲਾ ਗਿਆ ਹੈ ਤੇ ਪਤਨੀ ਸ਼ਾਇਦ ਚੰਡੀਗੜ੍ਹ ਰਹਿੰਦੀ ਹੈ।