ਮੈੈਂ ਰਵਾਇਤ ਨੂੰ ਤੋੜਿਐ : ਜੂਹੀ ਚਾਵਲਾ

ਜੂਹੀ ਚਾਵਲਾ ਦਾ ਨਾਂ ਸੁਣਦਿਆਂ ਹੀ ਖਿੜਖਿੜਾਉਂਦਾ ਇੱਕ ਚਿਹਰਾ ਸਾਹਮਣੇ ਆ ਜਾਂਦਾ ਹੈ, ਜਿਸ ‘ਤੇ ਵਧਦੀ ਉਮਰ ਦੀ ਕੋਈ ਸ਼ਿਕਨ ਨਹੀਂ ਦਿਸਦੀ। ਕਰੀਅਰ ਦੀ ਦੂਜੀ ਫਿਲਮ ‘ਕਿਆਮਤ ਸੇ ਕਿਆਮਤ ਤੱਕ’ ਨਾਲ ਉਸ ਨੂੰ ਚੰਗੀ ਲੋਕਪ੍ਰਿਯਤਾ ਮਿਲੀ ਅਤੇ ਇੱਕ ਮੱਧਵਰਗੀ ਸੁਲਝੀ ਕੁੜੀ ਦੀ ਉਸ ਦੀ ਇਮੇਜ ਨੇ ਦਰਸ਼ਕਾਂ ‘ਤੇ ਅਜਿਹਾ ਜਾਦੂ ਚਲਾਇਆ, ਜੋ ਅੱਜ ਵੀ ਕਾਇਮ ਹੈ। ‘ਮਿਸ ਇੰਡੀਆ’ ਰਹਿ ਚੁੱਕੀ ਜੂਹੀ ਨੇ ਆਪਣੇ ਲੰਬੇ ਫਿਲਮੀ ਸਫਰ ‘ਚ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ, ਪਰ ਉਸ ਨੂੰ ਸਭ ਤੋਂ ਵਧੇਰੇ ਉਸ ਦੀ ਕਾਮਿਕ ਟਾਈਮਿੰਗ ਲਈ ਪਸੰਦ ਕੀਤਾ ਜਾਂਦਾ ਰਿਹਾ ਹੈ। ਪਿਛਲੇ ਦਿਨੀਂ ‘ਸਨ ਆਫ ਸਰਦਾਰ’ ਵਿੱਚ ਨਜ਼ਰ ਆਈ ਜੂਹੀ ਹੁਣ ‘ਗੁਲਾਬ ਗੈਂਗ’ ਵਿੱਚ ਆਪਣੇ ਜਲਵੇ ਦਿਖਾਉਂਦੀ ਨਜ਼ਰ ਆਏਗੀ। ਪੇਸ਼ ਹਨ ਜੂਹੀ ਚਾਵਲਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-
* ਕਿਹੋ ਜਿਹੀ ਫਿਲਮ ਹੈ ‘ਗੁਲਾਬ ਗੈਂਗ’ ਅਤੇ ਇਸ ‘ਚ ਤੁਹਾਡਾ ਕੀ ਕਿਰਦਾਰ ਹੈ?
-ਨਿਰਦੇਸ਼ਕ ਅਨੁਭਵ ਸਿਨਹਾ ਦੀ ਇਹ ਫਿਲਮ ਦੋ ਸ਼ਕਤੀਸ਼ਾਲੀ ਔਰਤਾਂ ਦੀ ਕਹਾਣੀ ਹੈ। ਅਨੁਭਵ ਨਾਲ ਇਸਦੀ ਸਕ੍ਰਿਪਟ ‘ਤੇ ਕਾਫੀ ਸਮੇਂ ਤੋਂ ਗੱਲ ਹੋ ਰਹੀ ਸੀ। ਫਿਲਮ ਦੀ ਕਹਾਣੀ ਪਸੰਦ ਆਈ ਤਾਂ ਮੈਂ ਇਸ ਵਿੱਚ ਕੰਮ ਕਰਨ ਦੀ ਹਾਮੀ ਭਰ ਦਿੱਤੀ। ਜਿੱਥੋਂ ਤੱਕ ‘ਗੁਲਾਬ ਗੈਂਗ’ ਵਿੱਚ ਮੇਰੇ ਕਿਰਦਾਰ ਦਾ ਸਵਾਲ ਹੈ ਤਾਂ ਇਸ ਸਬੰਧੀ ਬਸ ਇੰਨਾ ਸਮਝ ਲਓ ਕਿ ਬਹੁਤ ਹੀ ਮਜ਼ਬੂਤ ਕਿਰਦਾਰ ਹੈ, ਜੋ ਜ਼ਿੰਦਗੀ ਦੀ ਲੜਾਈ ਵਿੱਚ ਹਰ ਤਰ੍ਹਾਂ ਹਿੱਸਾ ਲੈਣਾ ਚਾਹੁੰਦੀ ਹੈ।
* ਕਿਹਾ ਜਾ ਰਿਹੈ ਕਿ ਇਹ ਫਿਲਮ ਯੂ ਪੀ ‘ਚ ਗੁਲਾਬੀ ਗੈਂਗ ਚਲਾਉਣ ਵਾਲੀ ਔਰਤ ਸੰਪਤ ਪਾਲ ਦੇ ਜੀਵਨ ‘ਤੇ ਆਧਾਰਤ ਹੈ?
-ਇਸ ਬਾਰੇ ਮੈਨੂੰ ਕੁਝ ਨਹੀਂ ਪਤਾ, ਪਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਇਹ ਫਿਲਮ ਕਿਸੇ ਦੇ ਜੀਵਨ ‘ਤੇ ਆਧਾਰਤ ਹੈ ਕਿਉਂਕਿ ਇਹ ਬਿਲਕੁਲ ਵੱਖਰੀ ਕਿਸਮ ਦੀ ਫਿਲਮ ਹੈ। ਇਸ ਦੀ ਕਹਾਣੀ ਐਕਸ਼ਨ, ਡਰਾਮਾ ਹੈ, ਜਿੱਥੇ ਦੋ ਮਹਿਲਾ ਕਿਰਦਾਰ ਇੱਕ ਦੂਜੇ ਨੂੰ ਬਰਾਬਰ ਦੀ ਟੱਕਰ ਦੇਣਗੇ। ਇਸ ਫਿਲਮ ਵਿੱਚ ਆਪਣੇ ਰੋਲ ਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇਸ ਦੀ ਸਕ੍ਰਿਪਟ ਇਸ ਤਰ੍ਹਾਂ ਲਿਖੀ ਗਈ ਹੈ, ਜੋ ਕਿ ਇੱਕ ਸੰਦੇਸ਼ ਦੇ ਨਾਲ ਦਰਸ਼ਕਾਂ ਨੂੰ ਬੰਨ੍ਹਣ ਦੀ ਸਮਰੱਥਾ ਰੱਖਦੀ ਹੈ। ਮੈਨੂੰ ਆਸ ਹੈ ਕਿ ਲੋਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ। ਇਸ ਫਿਲਮ ਵਿੱਚ ਜੋ ਕੁਝ ਕਰ ਰਹੀ ਹਾਂ, ਉਹ ਪੁਰਾਣੀਆਂ ਫਿਲਮਾਂ ਤੋਂ ਬਿਲਕੁਲ ਵੱਖਰਾ ਹੈ। ਤੁਸੀਂ ਸਮਝ ਲਓ ਕਿ ‘ਸਨ ਆਫ ਸਰਦਾਰ’ ਦੀ ਪੰਮੀ ਤੋਂ ‘ਗੁਲਾਬ ਗੈਂਗ’ ਦਾ ਕਿਰਦਾਰ ਬਿਲਕੁਲ ਵੱਖਰਾ ਹੈ। ਇਸ ਫਿਲਮ ਵਿੱਚ ਮੇਰੇ ਨਾਲ ਮਾਧੁਰੀ ਦੀਕਸ਼ਿਤ ਵੀ ਅਹਿਮ ਰੋਲ ਵਿੱਚ ਹਨ।
* ਪਰ ਤੁਹਾਡੀ ਪਛਾਣ ਤਾਂ ਕਾਮਿਕ ਕਿਰਦਾਰ ਹੀ ਬਣਦੇ ਜਾ ਰਹੇ ਹਨ?
-ਇਸਦਾ ਮੁੱਖ ਕਾਰਨ ਇਹ ਹੈ ਕਿ ਬਾਲੀਵੁੱਡ ਵਿੱਚ ਕਾਮਿਕ ਕਿਰਦਾਰ ਦੀ ਗੱਲ ਜਦੋਂ ਆਉਂਦੀ ਹੈ ਤਾਂ ਜ਼ਿਆਦਾ ਕਰ ਕੇ ਮਰਦ ਅਦਾਕਾਰ ਬਾਜ਼ੀ ਮਾਰ ਲੈਂਦੇ ਹਨ। ਕੁਝ ਇੱਕ ਨਾਂ ਹੀ ਅਭਿਨੇਤਰੀਆਂ ਦੇ ਆਉਂਦੇ ਹਨ। ਮੈਂ ਇਸ ਰਵਾਇਤ ਨੂੰ ਤੋੜਿਆ ਹੈ। ਲੋਕ ਮੇਰੀ ਜ਼ਿੰਦਾਦਿਲ ਕਾਮੇਡੀ ਪਸੰਦ ਕਰਦੇ ਹਨ। ਮੇਰੇ ਹਿੱਸੇ ਵਿੱਚ ਅਜਿਹੀਆਂ ਕਈ ਫਿਲਮਾਂ ਵੀ ਹਨ।
* ਪਰ ਹੁਣ ਜੇ ਇੱਕ ਵਾਰ ਫਿਰ ਰੋਮਾਂਟਿਕ ਰੋਲ ਦੀ ਪੇਸ਼ਕਸ਼ ਆਏ ਤਾਂ…?
-ਹੁਣ ਇਹ ਸਭ ਮੈਥੋਂ ਨਹੀਂ ਹੋਵੇਗੀ। ਸਮੇਂ ਦੇ ਨਾਲ ਅਸੀਂ ਸਾਰੇ ਮੈਚਿਓਰਡ ਹੋ ਜਾਂਦੇ ਹਾਂ ਅਤੇ ਰੋਲ ਵੀ ਸਾਨੂੰ ਅਜਿਹੇ ਹੀ ਚੁਣਨੇ ਚਾਹੀਦੇ ਹਨ। ਹੁਣ ਮੇਰੀ ਉਮਰ ਨੱਚ-ਗਾਉਣ ਵਾਲੀ ਹੀਰੋਇਨ ਦੀ ਨਹੀਂ ਰਹੀ। ਹੁਣ ਲੋਕ ਇਸ ਰੂਪ ਵਿੱਚ ਮੈਨੂੰ ਪਸੰਦ ਵੀ ਨਹੀਂ ਕਰਨਗੇ।
* ਕੀ ਅੱਜ ਦਾ ਬਾਲੀਵੁੱਡ ਵਾਕਈ ਬਦਲ ਗਿਆ ਹੈ?
-ਜਿਸ ਵੇਲੇ ਅਸੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਦੋਂ ਦੇ ਅਤੇ ਅੱਜ ਦੇ ਬਾਲੀਵੁੱਡ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਫਿਲਮ ਬਣਾਉਣ ਦਾ ਤਰੀਕਾ ਤਾਂ ਪੂਰੀ ਤਰ੍ਹਾਂ ਬਦਲ ਗਿਆ ਹੈ। ਅਸੀਂ ਕਾਫੀ ਆਧੁਨਿਕ ਹੋ ਗਏ ਹਾਂ। ਅੱਜ ਸਾਡੇ ਕੋਲ ਵੀ ਵੱਡੀ ਤੋਂ ਵੱਡੀ ਤਕਨੀਕ ਹੈ। ਸਾਡੇ ਜ਼ਮਾਨੇ ‘ਚ ਤਾਂ ਸੈਟ ‘ਤੇ ਵੈਨਿਟੀ ਵੈਨ ਵੀ ਇੰਨੀਆਂ ਨਹੀਂ ਹੁੰਦੀਆਂ ਸਨ। ਅਸੀਂ ਤਾਂ ਰੁੱਖ ਦੇ ਹੇਠਾਂ ਮੇਕਅਪ ਕਰਦੇ ਸੀ ਜਾਂ ਹੋਟਲ ਦੇ ਕਮਰੇ ਵਿੱਚ। ਫਿਲਮਿਸਤਾਨ ਦੇ ਸਟੂਡੀਓ ਵਿੱਚ ਪਸੀਨਾ ਵਹਾ ਵਹਾ ਕੇ ਗੀਤ ਸ਼ੂਟ ਹੰੁਦੇ ਸਨ। ਹੁਣ ਤਾਂ ਮੌਸਮ ਅਨੁਸਾਰ ਸਟੂਡੀਓ ਵਿੱਚ ਸ਼ੂਟਿੰਗ ਹੁੰਦੀ ਹੈ, ਪਰ ਇੰਨੀਆਂ ਤਬਦੀਲੀਆਂ ਦੇ ਬਾਵਜੂਦ ਇਹ ਕਹਿਣ ਵਿੱਚ ਝਿਜਕ ਨਹੀਂ ਕਿ ਅੱਜ ਦੀਆਂ ਫਿਲਮਾਂ ਦੀ ਕਹਾਣੀ ਵਿੱਚ ਡੂੰਘਾਈ ਨਜ਼ਰ ਨਹੀਂ ਆਉਂਦੀ।
* ਆਪਣੀ ਫਿੱਗਰ ਨੂੰ ਤੁਸੀਂ ਹੁਣ ਤੱਕ ਮੇਨਟੇਨ ਕਰ ਕੇ ਰੱਖਿਆ ਹੈ। ਕਿਵੇਂ ਕਰ ਲੈਂਦੇ ਹੋ, ਇਹ ਸਭ?
-ਮੈਂ ਖੁਦ ਨੂੰ ਫਿੱਟ ਰੱਖਣ ਲਈ ਡਾਈਟਿੰਗ ਦਾ ਸਹਾਰਾ ਨਹੀਂ ਲੈਂਦੀ। ਇਸ ਦੀ ਬਜਾਏ ਮੈਂ ਜੋ ਖਾਂਦੀ ਹਾਂ, ਉਸ ਦੀ ਮਾਤਰਾ ਅਤੇ ਕੁਆਲਿਟੀ ‘ਤੇ ਧਿਆਨ ਦਿੰਦੀ ਹਾਂ। ਸੰਤੁਲਿਤ ਖੁਰਾਕ ਨੂੰ ਪਹਿਲ ਦਿੰਦੀ ਹਾਂ।