ਮੈਰੀਜੁਆਨਾ ਸਬੰਧੀ ਬਿੱਲ ਉੱਤੇ ਵੋਟ ਤੋਂ ਠੀਕ ਪਹਿਲਾਂ ਦੋ ਨਵੇਂ ਸੈਨੇਟਰਾਂ ਨੇ ਸੰਹੁ ਚੁੱਕੀ


ਓਟਵਾ, 7 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿਯੁਕਤ ਕੀਤੇ ਗਏ ਦੋ ਨਵੇਂ ਆਜ਼ਾਦ ਸੈਨੇਟਰਜ਼ ਨੇ ਵੀਰਵਾਰ ਦੁਪਹਿਰ ਨੂੰ ਸਹੁੰ ਚੁੱਕ ਲਈ। ਮੈਰੀਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਲਈ ਅੱਜ ਰਾਤ ਪੈਣ ਵਾਲੀ ਵੋਟ ਤੋਂ ਠੀਕ ਪਹਿਲਾਂ ਇਨ੍ਹਾਂ ਦੋ ਨਵੇਂ ਸੈਨੇਟਰਜ਼ ਦੀ ਨਿਯੁਕਤੀ ਹੋਈ ਹੈ।
ਡੌਨਾ ਡਾਸਕੋ, ਜੋ ਕਿ ਇੱਕ ਪੋਲਸਟਰ ਤੇ ਮੀਡੀਆ ਕੰਮੈਂਟੇਟਰ ਹੈ, ਹੁਣ ਓਨਟਾਰੀਓ ਦੀ ਨੁਮਾਇੰਦਗੀ ਕਰਨਗੇ। ਸਾਬਕਾ ਜੱਜ ਪਿਏਰੇ ਡੈਲਫੌਂਡ ਵੱਲੋਂ ਕਿਊਬਿਕ ਦੀ ਨੁਮਾਇੰਦਗੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਬੁੱਧਵਾਰ ਨੂੰ ਇਨ੍ਹਾਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਦੋਵੇਂ ਸੈਨੇਟਰਾਂ ਨੇ ਰਸਮੀ ਤੌਰ ਉੱਤੇ ਸੰਹੁ ਚੁੱਕ ਕੇ ਆਪਣਾ ਅਹੁਦਾ ਸਾਂਭ ਲਿਆ ਹੈ। ਇਸ ਤੋਂ ਪਹਿਲਾਂ 4 ਜੂਨ ਨੂੰ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਤੋਂ ਅਜ਼ਾਦ ਸੈਨੇਟਰ ਮੁਹੰਮਦ ਇਕਬਾਲ ਰਵੇਲੀਆ ਸੈਨੇਟਰ ਵਜੋਂ ਸੰਹੁ ਚੁੱਕ ਚੁੱਕੇ ਹਨ।
ਬਿੱਲ ਸੀ-45 ਉੱਤੇ ਸੈਨੇਟ ਵੱਲੋਂ ਅੱਜ ਰਾਤ ਵੋਟ ਕੀਤੇ ਜਾਣ ਦੀ ਆਖਰੀ ਚੁਣੌਤੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਟਰੂਡੋ ਵੱਲੋਂ ਖਾਲੀ ਪਈਆਂ ਸੈਨੇਟ ਦੀਆਂ ਇਹ ਸੀਟਾਂ ਭਰੀਆਂ ਗਈਆਂ ਹਨ। ਅਜਿਹਾ ਕਰਕੇ ਟਰੂਡੋ ਮੈਰੀਜੁਆਨਾ ਦਾ ਕਾਨੂੰਨੀਕਰਨ ਕਰਨ ਦੇ ਆਪਣੀ ਸਰਕਾਰ ਦੇ ਚੋਣ ਵਾਅਦੇ ਨੂੰ ਮਿਥੇ ਸਮੇਂ ਉੱਤੇ ਪੂਰਾ ਕਰਨਾ ਚਾਹੁੰਦੇ ਹਨ। 95 ਮੌਜੂਦਾ ਸੈਨੇਟਰਜ਼ ਵਿੱਚੋਂ ਹਰੇਕ ਨੂੰ 10 ਮਿੰਟ ਤੱਕ ਬਿੱਲ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲੇਗਾ। ਇਸ ਬਿੱਲ ਦੀ ਸੈਨੇਟ ਵਿੱਚ ਤੀਜੀ ਰੀਡਿੰਗ ਚੱਲ ਰਹੀ ਹੈ। 32 ਕੰਜ਼ਰਵੇਟਿਵ ਸੈਨੇਟਰਜ਼ ਦੇ ਵਿਰੋਧ ਦੇ ਬਾਵਜੂਦ ਇਸ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਹੈ।