ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਤਰੀਕ ਅੱਗੇ ਵਧਾਉਣ ਦੀ ਪੁਲਿਸ ਨੇ ਕੀਤੀ ਮੰਗ

2
ਓਟਵਾ, 12 ਸਤੰਬਰ (ਪੋਸਟ ਬਿਊਰੋ) : ਕੈਨੇਡਾ ਪੁਲਿਸ ਸਰਵਿਸਿਜ਼ ਦਾ ਕਹਿਣਾ ਹੈ ਕਿ ਅਗਲੀਆਂ ਗਰਮੀਆਂ ਤੱਕ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਤੋਂ ਬਾਅਦ ਨਵੇਂ ਕਾਨੂੰਨ ਲਾਗੂ ਕਰਨ ਲਈ ਉਹ ਤਿਆਰ ਹੋਣਗੇ ਇਸ ਦੀ ਸੰਭਾਵਨਾ ਨਿੱਲ ਹੈ।
ਕੈਨੇਡੀਅਨ ਐਸੋਸਿਏਸ਼ਨ ਆਫ ਚੀਫਜ਼ ਆਫ ਪੁਲਿਸ ਦੇ ਅਧਿਕਾਰੀਆਂ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ ਸਸਕਾਟੂਨ ਪੁਲਿਸ ਸਰਵਿਸ ਉਨ੍ਹਾਂ ਦਰਜਨਾ ਚਸ਼ਮਦੀਦਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਇਸ ਹਫਤੇ ਹਾਊਸ ਆਫ ਕਾਮਨਜ਼ ਦੀ ਹੈਲਥ ਕਮੇਟੀ ਸਾਹਮਣੇ ਆਪਣੀ ਗੱਲ ਰੱਖੀ। ਇਹ ਕਮੇਟੀ ਸਰਕਾਰ ਵੱਲੋਂ ਮੈਰੀਜੁਆਨਾ ਦਾ ਕਾਨੂੰਨੀਕਰਨ ਕੀਤੇ ਜਾਣ ਸਬੰਧੀ ਬਿੱਲ ਦਾ ਅਧਿਐਨ ਕਰ ਰਹੀ ਹੈ।
ਉਨ੍ਹਾਂ ਆਖਿਆ ਕਿ ਨਵੇਂ ਕਾਨੂੰਨ ਸਬੰਧੀ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਐਨਾ ਹੀ ਬੱਸ ਨਹੀਂ ਸਗੋਂ ਸੜਕਾਂ ਉੱਤੇ ਅਜਿਹੇ ਪੁਲਿਸ ਅਧਿਕਾਰੀਆਂ ਦੀ ਗਿਣਤੀ ਵਧਾਉਣੀ ਹੋਵੇਗੀ ਜਿਹੜੇ ਨਸ਼ੇ ਦੀ ਹਾਲਤ ਸਬੰਧੀ ਡਰਾਈਵਿੰਗ ਟੈਸਟ ਕਰ ਸਕਣ। ਲੋਕਾਂ ਨੂੰ ਇਸ ਸਬੰਧੀ ਜਾਣੂ ਕਰਵਾਉਣ ਵਿੱਚ ਵੀ ਅਜੇ ਹੋਰ ਸਮਾਂ ਲੱਗੇਗਾ। ਓਪੀਪੀ ਦੇ ਡਿਪਟੀ ਕਮਿਸ਼ਨਰ ਫੌਰ ਇਨਵੈਸਟੀਗੇਸ਼ਨ ਐਂਡ ਆਰਗੇਨਾਈਜ਼ਡ ਕ੍ਰਾਈਮ ਰਿੱਕ ਬਾਰਨਮ ਨੇ ਆਖਿਆ ਕਿ ਜੇ ਇਸ ਨੂੰ ਸ਼ੁਰੂ ਕਰਨ ਦੀ ਤਰੀਕ ਵਿੱਚ ਸਰਕਾਰ ਕੋਈ ਵਾਧਾ ਨਹੀਂ ਕਰਦੀ ਤਾਂ ਛੇ ਮਹੀਨਿਆਂ ਦੀ ਇੱਕ ਅਜਿਹੀ ਖਿੜਕੀ ਰਹਿ ਜਾਵੇਗੀ ਜਦੋਂ ਪੁਲਿਸ ਪੂਰੀ ਤਰ੍ਹਾਂ ਤਿਆਰ ਨਹੀਂ ਹੋਵੇਗੀ ਤੇ ਸੰਗਠਿਤ ਜੁਰਮ ਪੂਰੀ ਤਰ੍ਹਾਂ ਪੱਲਰ ਸਕੇਗਾ।
ਪੁਲਿਸ ਇਹ ਵੀ ਚਾਹੁੰਦੀ ਹੈ ਕਿ ਓਟਵਾ ਇਸ ਗੱਲ ਉੱਤੇ ਵੀ ਮੁੜ ਵਿਚਾਰ ਕਰ ਲਵੇ ਕਿ ਕੀ ਵਿਅਕਤੀਵਿਸੇ਼ਸ਼ ਨੂੰ ਮੈਰੀਜੁਆਨਾ ਦੇ ਚਾਰ ਪੌਦੇ ਖੁਦ ਉਗਾਉਣ ਦੀ ਇਜਾਜ਼ਤ ਦਿੱਤੇ ਜਾਣਾ ਵਾਜਬ ਹੈ। ਇਸ ਤਰ੍ਹਾਂ ਸਾਰੇ ਲੋਕਾਂ ਉੱਤੇ ਨਜ਼ਰ ਰੱਖਣਾ ਪੁਲਿਸ ਲਈ ਹੋਰ ਵੀ ਔਖਾ ਹੋ ਜਾਵੇਗਾ ਤੇ ਨੌਜਵਾਨਾਂ ਨੂੰ ਸਗੋਂ ਮੈਰੀਜੁਆਨਾ ਤੱਕ ਪਹੁੰਚ ਕਰਨ ਦਾ ਸੌਖਾ ਰਾਹ ਵੀ ਲੱਭ ਜਾਵੇਗਾ। ਬਾਰਨਮ ਨੇ ਦੱਸਿਆ ਕਿ ਕੈਨੇਡੀਅਨ ਐਸੋਸਿਏਸ਼ਨ ਆਫ ਚੀਫਜ਼ ਆਫ ਪੁਲਿਸ ਨੇ ਇਸ ਹਫਤੇ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਨੂੰ ਲਾਗੂ ਕਰਨ ਵਿੱਚ ਦੇਰ ਕੀਤੀ ਜਾਵੇ। ਜਿ਼ਕਰਯੋਗ ਹੈ ਕਿ ਲਿਬਰਲਾਂ ਨੇ 2018 ਦੀਆਂ ਗਰਮੀਆਂ ਤੱਕ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦਾ ਤਹੱਈਆ ਪ੍ਰਗਟਾਇਆ ਸੀ।