ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਨਾਲ ਮੁਜਰਮਾਨਾ ਸੰਗਠਨਾਂ ਦੀ ਕਮਾਈ ਦਾ ਰਾਹ ਬੰਦ ਹੋ ਜਾਵੇਗਾ : ਟਰੂਡੋ

ca 3
ਐਸਕਿਮਾਲਟ, ਬੀਸੀ, 2 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੈਰੀਜੁਆਨਾ ਦੀ ਵਿੱਕਰੀ ਨੂੰ ਨਿਯੰਤਰਿਤ ਕੀਤੇ ਜਾਣ ਨਾਲ ਨਾ ਸਿਰਫ ਨੌਜਵਾਨਾਂ ਦੀ ਹਿਫਾਜ਼ਤ ਹੀ ਨਹੀਂ ਹੋਵੇਗੀ ਸਗੋਂ ਅਜਿਹਾ ਕਰਨ ਨਾਲ ਇੱਕ ਤਰ੍ਹਾਂ ਮੁਜਰਮਾਨਾਂ ਗੈਂਗਜ਼ ਤੋਂ ਪੈਸਾ ਵੀ ਖੋਹ ਲਿਆ ਜਾਵੇਗਾ। ਪਰ ਜਦੋਂ ਹੋਰ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਰਕਾਰ ਟਾਲਾ ਵੱਟ ਜਾਂਦੀ ਹੈ।
ਵਿਕਟੋਰੀਆ ਏਰੀਏ ਵਿੱਚ ਕੈਨੇਡੀਅਨ ਫੋਰਸਿਜ਼ ਦੇ ਟਿਕਾਣੇ ਐਸਕਿਮਾਲਟ ਦੇ ਦੌਰੇ ਦੌਰਾਨ ਵੀਰਵਾਰ ਨੂੰ ਟਰੂਡੋ ਨੇ ਆਖਿਆ ਕਿ ਮੈਰੀਜੁਆਨਾ ਪ੍ਰਤੀ ਫੈਡਰਲ ਸਰਕਾਰ ਦੀ ਪਹੁੰਚ ਦੇ ਦੋ ਟੀਚੇ ਹਨ। ਪਹਿਲਾ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣਾ। ਅਸੀਂ ਜਾਣਦੇ ਹਾਂ ਕਿ ਨੌਜਵਾਨਾਂ ਨੂੰ ਇਹ ਨਸ਼ੀਲਾ ਪਦਾਰਥ ਅਸਾਨੀ ਨਾਲ ਮਿਲ ਜਾਂਦਾ ਹੈ। ਇੱਕ ਬੋਤਲ ਬੀਅਰ ਖਰੀਦਣ ਨਾਲੋਂ ਕਿਸੇ ਵੀ ਨੌਜਵਾਨ ਲਈ ਇਹ ਨਸ਼ੀਲਾ ਪਦਾਰਥ ਖਰੀਦਣਾ ਕਿਤੇ ਜ਼ਿਆਦਾ ਸੌਖਾ ਹੈ। ਇਹ ਸਹੀ ਨਹੀਂ ਹੈ। ਦੂਜਾ ਅਸੀਂ ਇਹ ਵੀ ਜਾਣਦੇ ਹਾਂ ਕਿ ਮੁਜਰਮਾਨਾ ਸੰਗਠਨ ਤੇ ਸਟਰੀਟ ਗੈਂਗਜ਼ ਮੈਰੀਜੁਆਨਾ ਵੇਚ ਕੇ ਬਿਲੀਅਨ ਡਾਲਰ ਦੀ ਕਮਾਈ ਕਰ ਰਹੇ ਹਨ। ਸਾਨੂੰ ਇਹ ਲੱਗਦਾ ਹੈ ਕਿ ਇਸ ਨੂੰ ਨਿਯੰਤਰਿਤ ਕਰਕੇ ਅਸੀਂ ਮੁਜਰਮਾਨਾ ਸੰਗਠਨਾਂ ਦੀ ਕਮਾਈ ਦਾ ਵੱਡਾ ਸਰੋਤ ਬੰਦ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਅਜਿਹਾ ਕਰਕੇ ਇਸ ਨੂੰ ਇੱਕ ਅਜਿਹੇ ਸਿਸਟਮ ਵਿੱਚ ਪਾ ਰਹੇ ਹਾਂ ਜਿੱਥੇ ਅਸੀਂ ਇਸ ਦੀ ਨਿਗਰਾਨੀ ਕਰ ਸਕਾਂਗੇ, ਇਸ ਉੱਤੇ ਟੈਕਸ ਲਾ ਸਕਾਂਗੇ ਤੇ ਇਹ ਯਕੀਨੀ ਬਣਾ ਸਕਾਂਗੇ ਕਿ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਾਂ ਜਿਹੜੇ ਨਸ਼ਿਆਂ ਦੀ ਵਰਤੋਂ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਪਰ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਤੋਂ ਇਲਾਵਾ ਸਰਕਾਰ ਇਸ ਪਾਸੇ ਹੋਰ ਕੁੱਝ ਨਹੀਂ ਕਰ ਰਹੀ। ਟਰੂਡੋ ਨੂੰ ਆਸ ਹੈ ਕਿ ਇਸ ਸਬੰਧੀ ਗਰਮੀਆਂ ਵਿੱਚ ਬਿੱਲ ਪੇਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਹੋਰ ਕਿਸੇ ਵੀ ਨਸ਼ੀਲੇ ਪਦਾਰਥ ਨੂੰ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਜਾਂ ਨਿਯੰਤਰਿਤ ਕਰਨ ਬਾਰੇ ਨਹੀਂ ਸੋਚ ਰਹੇ। ਸ਼ੁੱਕਰਵਾਰ ਨੂੰ ਟਰੂਡੋ ਵੈਨਕੂਵਰ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਓਪੀਓਇਡ ਸੰਕਟ, ਜਿਸ ਕਾਰਨ ਪਿਛਲੇ ਸਾਲ 922 ਲੋਕ ਮਾਰੇ ਗਏ, ਬਾਰੇ ਫਰਸਟ ਰਿਸਪਾਂਡਰਜ਼ ਤੇ ਹੈਲਥ ਕੇਅਰ ਵਰਕਰਜ਼ ਨਾਲ ਗੋਲ ਮੇਜ਼ ਮੀਟਿੰਗ ਕਰਨਗੇ।
ਟਰੂਡੋ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨਾਲ ਨਜਿੱਠਣ ਲਈ 10 ਮਿਲੀਅਨ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਜਾਣਾ ਇਸ ਸੰਕਟ ਵਿੱਚੋਂ ਪ੍ਰੋਵਿੰਸ ਨੂੰ ਬਾਹਰ ਕੱਢਣ ਦਾ ਹੀ ਉਪਰਾਲਾ ਹੈ। ਉਨ੍ਹਾਂ ਵੈਨਕੂਵਰ ਡਾਊਨਟਾਊਨ ਈਸਟਸਾਈਡ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹੁਣ ਇਹ ਸਰਕਾਰ ਉੱਤੇ ਨਿਰਭਰ ਕਰਦਾ ਹੈ ਕਿ ਇਸ ਰਕਮ ਨੂੰ ਕਿਸ ਤਰ੍ਹਾਂ ਖਰਚ ਕੀਤਾ ਜਾਵੇ। ਟਰੂਡੋ ਨੇ ਵੀਰਵਾਰ ਦੀ ਸਵੇਰ ਜਲ ਸੈਨਾ ਦੇ ਟਿਕਾਣੇ ਉੱਤੇ ਗੁਜ਼ਾਰੀ ਜਿੱਥੇ ਉਨ੍ਹਾਂ ਫੌਜੀ ਕਰਮਚਾਰੀਆਂ ਨਾਲ ਪੰਜ ਕਿਲੋਮੀਟਰ ਦੀ ਦੌੜ ਲਾਈ ਤੇ ਸੇਲਰਜ਼ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਫੈਸਿਲਿਟੀ ਦਾ ਦੌਰਾ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਿਟੀ ਹਾਲ ਵਿੱਚ ਵਿਕਟੋਰੀਆ ਦੀ ਮੇਅਰ ਲੀਜ਼ਾ ਹੈਲਪਸ ਨਾਲ ਮੁਲਾਕਾਤ ਕੀਤੇ ਜਾਣ ਦਾ ਵੀ ਪ੍ਰੋਗਰਾਮ ਸੀ।