ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਸਬੰਧੀ ਬਿੱਲ ਵੀਰਵਾਰ ਨੂੰ ਲਿਆਂਦਾ ਜਾਵੇਗਾ

Fullscreen capture 4112017 55622 AMਓਟਵਾ, 10 ਅਪਰੈਲ (ਪੋਸਟ ਬਿਊਰੋ) : ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸਰਕਾਰ ਵੱਲੋਂ ਇਸ ਵੀਰਵਾਰ ਨੂੰ ਬਿੱਲ ਲਿਆਂਦਾ ਜਾਵੇਗਾ। ਇਸ ਦੀ ਪੁਸ਼ਟੀ ਜਾਣਕਾਰ ਸੂਤਰਾਂ ਵੱਲੋਂ ਕੀਤੀ ਗਈ।
ਇਸ ਬਿੱਲ ਵਿੱਚ ਪੂਰਾ ਵੇਰਵਾ ਹੋਵੇਗਾ ਕਿ ਫੈਡਰਲ ਸਰਕਾਰ ਮੈਰੀਜੁਆਨਾ ਦੀ ਵਿੱਕਰੀ ਨੂੰ ਕਿਸ ਤਰ੍ਹਾਂ ਨਿਯੰਤਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਜਿ਼ਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦਾ ਅਧਿਐਨ ਕਰਨ ਵਾਸਤੇ ਇੱਕ ਟਾਸਕ ਫੋਰਸ ਕਾਇਮ ਕੀਤੀ ਸੀ, ਜਿਸ ਵੱਲੋਂ 80 ਤੋਂ ਵੀ ਵੱਧ ਸਿਫਾਰਿਸ਼ਾਂ ਇਸ ਸੰਦਰਭ ਵਿੱਚ ਕੀਤੀਆਂ ਗਈਆਂ ਹਨ ਕਿ ਮੈਰੀਜੁਆਨਾ ਨੂੰ ਕਿਸ ਤਰ੍ਹਾਂ ਵੇਚਿਆ ਤੇ ਵੰਡਿਆ ਜਾਵੇ। ਇਨ੍ਹਾਂ ਸਿਫਾਰਿਸ਼ਾਂ ਵਿੱਚ ਮੈਰੀਜੁਆਨਾ ਦੇ ਸੇਵਨ ਲਈ ਘੱਟ ਤੋਂ ਘੱਟ ਉਮਰ 18 ਸਾਲ ਕਰਨ ਦੀ ਸਿਫਾਰਿਸ਼ ਵੀ ਹੈ ਪਰ ਇਹ ਵੀ ਆਖਿਆ ਗਿਆ ਹੈ ਕਿ ਇਹ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਉੱਤੇ ਨਿਰਭਰ ਕਰਦਾ ਹੈ ਕਿ ਉਹ ਸ਼ਰਾਬ ਖਰੀਦਣ ਦੀ ਕਾਨੂੰਨੀ ਉਮਰ ਦੇ ਹਿਸਾਬ ਨਾਲ ਹੀ ਮੈਰੀਜੁਆਨਾ ਖਰੀਦਣ ਦੀ ਉਮਰ ਤੈਅ ਕਰਨ ਜਾਂ ਨਾ ਕਰਨ।
ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਇਸ ਨੂੰ ਸਟੋਰਾਂ ਵਿੱਚ ਰੱਖ ਕੇ ਜਾਂ ਡਾਕ ਰਾਹੀਂ ਆਰਡਰ ਕਰਕੇ ਮੰਗਵਾਇਆ ਜਾ ਸਕਦਾ ਹੈ ਤੇ ਜਾਂ ਫਿਰ ਇਸ ਲਈ ਪ੍ਰਤੀ ਵਿਅਕਤੀ ਚਾਰ ਪੌਦੇ ਦੀ ਸ਼ਰਤ ਰੱਖਣ ਦਾ ਵੀ ਸੁਝਾਅ ਹੈ। ਇਸ ਦੇ ਨਾਲ ਹੀ ਇਸ਼ਤਿਹਾਰ ਆਦਿ ਦੀ ਹੱਦ ਵੀ ਸੀਮਤ ਕਰਨ ਦੀ ਸਿਫਾਰਿਸ਼ ਹੈ ਜਿਵੇਂ ਕਿ ਤੰਬਾਕੂ ਦੇ ਮਾਮਲੇ ਵਿੱਚ ਲਾਗੂ ਹੈ।
ਕੰਜ਼ਰਵੇਟਿਵ ਐਮਪੀਜ਼ ਨੂੰ ਘੱਟ ਤੋਂ ਘੱਟ ਉਮਰ ਦੇ ਸਬੰਧ ਵਿੱਚ ਸਿ਼ਕਾਇਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ 25 ਸਾਲ ਤੱਕ ਦੀ ਉਮਰ ਤੋਂ ਪਹਿਲਾਂ ਇਸ ਦੀ ਵਰਤੋਂ ਨਾਲ ਦਿਮਾਗ ਦੇ ਵਿਕਾਸ ਵਿੱਚ ਅੜਿੱਕੇ ਪੈ ਸਕਦੇ ਹਨ। ਐਨਡੀਪੀ ਦਾ ਕਹਿਣਾ ਹੈ ਕਿ ਸਰਕਾਰ ਇਸ ਪਾਸੇ ਵੱਲ ਬਹੁਤ ਹੌਲੀ ਹੌਲੀ ਅੱਗੇ ਵੱਧ ਰਹੀ ਹੈ ਤੇ ਸਰਕਾਰ ਨੂੰ ਜਲਦ ਹੀ ਮੈਰੀਜੁਆਨਾ ਸਬੰਧੀ ਬਿੱਲ ਨੂੰ ਕਾਨੂੰਨੀ ਜਾਮਾ ਪਹਿਨਾਉਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਰੱਖਣ ਦੇ ਜੁਰਮ ਵਿੱਚ ਕੋਈ ਫਸ ਹੀ ਨਾ ਜਾਵੇ।
ਇਸ ਦੌਰਾਨ ਇਸ ਫਾਈਲ ਦੇ ਇੰਚਾਰਜ ਲਿਬਰਲ ਐਮਪੀ ਤੇ ਟੋਰਾਂਟੋ ਦੇ ਸਾਬਕਾ ਚੀਫ ਆਫ ਪੁਲਿਸ ਬਿੱਲ ਬਲੇਅਰ ਦਾ ਕਹਿਣਾ ਹੈ ਕਿ ਮੈਰੀਜੁਆਨਾ ਰੱਖਣ ਦੇ ਸਬੰਧ ਵਿੱਚ ਲਾਈ ਗਈ ਮੌਜੂਦਾ ਪਾਬੰਦੀ ਨਵੇਂ ਕਾਨੂੰਨ ਦੇ ਪ੍ਰਭਾਵੀ ਹੋਣ ਤੱਕ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਨਵੇਂ ਕਾਨੂੰਨ ਨੂੰ ਲਾਗੂ ਕਰਨ ਲਈ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।