“ਮੈਰੀਜੁਆਨਾ ਦੇ ਕਾਨੂੰਨੀਕਰਨ ਨਾਲ ਨਹੀਂ ਮੁੱਕਣ ਵਾਲੀ ਕਾਲਾ ਬਜ਼ਾਰੀ”

4
ਓਟਵਾ, 11 ਸਤੰਬਰ (ਪੋਸਟ ਬਿਊਰੋ) : ਲਿਬਰਲ ਸਰਕਾਰ ਵੱਲੋਂ ਜੁਲਾਈ 2018 ਤੱਕ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਲਈ ਬਣਾਈ ਗਈ ਯੋਜਨਾ ਦਾ ਅਧਿਐਨ ਕਰ ਰਹੀ ਐਮਪੀਜ ਦੀ ਕਮੇਟੀ ਦਾ ਕਹਿਣਾ ਹੈ ਕਿ ਇਸ ਨਾਲ ਕਾਲਾ ਬਜਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੇਗੀ ਸਗੋਂ ਇਸ ਦੇ ਹੋਰ ਅਣਇੱਛਤ ਨੀਤਜੇ ਨਿਕਲ ਸਕਦੇ ਹਨ।
ਮੈਰੀਜੁਆਨਾ ਬਾਰੇ ਫੈਡਰਲ ਟਾਸਕ ਫੋਰਸ ਦੀ ਅਗਵਾਈ ਕਰਨ ਵਾਲੀ ਸਾਬਕਾ ਲਿਬਰਲ ਕੈਬਨਿਟ ਮੰਤਰੀ ਐਨੇ ਮੈਕਲੇਲਨ ਨੇ ਐਮਪੀਜ ਨੂੰ ਦੱਸਿਆ ਕਿ ਇਸ ਵਿੱਚ ਅਜੇ ਸਮਾਂ ਲੱਗੇਗਾ। ਅਸੀਂ ਅਜੇ ਇਹ ਸਿੱਖਣਾ ਹੈ ਕਿ ਸੇਫਟੀ ਤੇ ਸਿਹਤ ਦੇ ਸਬੰਧ ਵਿੱਚ ਮਾਰਕਿਟ ਦੀ ਕੀ ਲੋੜ ਹੈ ਪਰ ਸਾਨੂੰ ਕਾਲਾ ਬਜਾਰੀ ਉੱਤੇ ਵੀ ਲਗਾਮ ਲਾਉਣੀ ਹੋਵੇਗੀ ਜਾਂ ਗੈਰਕਾਨੂੰਨੀ ਮਾਰਕਿਟ ਨੂੰ ਖਤਮ ਕਰਨਾ ਹੋਵੇਗਾ। ਉਨ੍ਹਾਂ ਆਖਿਆ ਕਿ ਅਸੀਂ ਕੋਈ ਮਾਸੂਮ ਨਹੀਂ ਹਾਂ ਤੇ ਅਸੀਂ ਇਹ ਸੁਝਾਅ ਵੀ ਨਹੀਂ ਦੇ ਰਹੇ ਕਿ ਗੈਰਕਾਨੂੰਨੀ ਵਿੱਕਰੀ ਰੋਕਣ ਤੋਂ ਬਾਅਦ ਤੁਸੀਂ ਨਿਰਵਾਣ ਪ੍ਰਾਪਤ ਕਰ ਲਵੋਂਗੇ। ਅਜੇ ਵੀ ਗੈਰਕਾਨੂੰਨੀ ਤੌਰ ਉੱਤੇ ਤੰਬਾਕੂ ਦੀ ਵਿੱਕਰੀ ਹੁੰਦੀ ਹੈ ਤੇ ਥੋੜ੍ਹੀ ਬਹੁਤ ਸਰਾਬ ਦੀ ਵੀ ਗੈਰਕਾਨੂੰਨੀ ਵਿੱਕਰੀ ਹੁੰਦੀ ਹੈ।
ਮੈਕਲੇਲਨ ਦੀ ਅਗਵਾਈ ਵਿੱਚ ਇਸ ਮੁੱਦੇ ਉੱਤੇ ਅਧਿਐਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਤੋਂ ਪਹਿਲਾਂ ਸਰਕਾਰ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਹੈ। ਪਾਰਲੀਆਮੈਂਟ ਦਾ ਸੈਸਨ 18 ਸਤੰਬਰ ਤੋਂ ਸੁਰੂ ਹੋਣ ਜਾ ਰਿਹਾ ਹੈ ਤੇ ਇਸ ਸੈਸਨ ਦੇ ਸੁਰੂ ਹੁੰਦੇ ਸਾਰ ਹੀ ਕੈਨਾਬਿਸ ਐਕਟ ਸਬੰਧੀ ਬਿੱਲ ਸੀ-45 ਪੇਸ ਕੀਤੇ ਜਾਣ ਦੀ ਸਰਕਾਰ ਦੀ ਯੋਜਨਾ ਹੈ ਤੇ ਇਸੇ ਲਈ ਇਸ ਦਾ ਅਧਿਐਨ ਕਰਨ ਲਈ ਹੁਣ ਪੂਰਾ ਹਫਤਾ ਕਮੇਟੀ ਬੈਠੇਗੀ।
ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕੈਨੇਡਾ ਵਿੱਚ ਬਾਲਗਾਂ ਨੂੰ ਮੈਰੀਜੁਆਨਾ ਰੱਖਣ ਦੀ ਖੁੱਲ੍ਹ ਮਿਲ ਜਾਵੇਗੀ ਤੇ ਉਹ ਕਾਨੂੰਨੀ ਤੌਰ ਉੱਤੇ ਮੈਰੀਜੁਆਨਾ ਦੀ ਥੋੜ੍ਹੀ ਮਾਤਰਾ ਦਾ ਸੇਵਨ ਕਰ ਸਕਣਗੇ। ਪਰ ਫਿਰ ਵੀ ਇਸ ਦੇ ਉਤਪਾਦਨ, ਪੋਸੈਸਨ ਤੇ ਸੇਫਟੀ ਸਬੰਧੀ, ਇਸ ਦੀ ਵੰਡ ਆਦਿ ਲਈ ਵੀ ਮਾਪਦੰਡ ਤੈਅ ਕੀਤੇ ਜਾਣਗੇ। ਮਾਈਨਰਜ ਨੂੰ ਮੈਰੀਜੁਆਨਾ ਵੇਚਣ ਵਾਲਿਆਂ ਨੂੰ ਸਜਾ ਦੇਣ ਲਈ ਨਵਾਂ ਕ੍ਰਿਮੀਨਲ ਕੋਡ ਓਫੈਂਸ ਵੀ ਕਾਇਮ ਕੀਤਾ ਜਾਵੇਗਾ।