ਮੈਰੀਜੁਆਨਾ ਦੀ ਆਨਲਾਈਨ ਵਿੱਕਰੀ ਲਈ ਐਲਸੀਬੀਓ ਨੇ ਸੌ਼ਪੀਫਾਈ ਨਾਲ ਕੀਤਾ ਸਮਝੌਤਾ

ਓਨਟਾਰੀਓ, 12 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਨੇ ਸ਼ੌਪੀਫਾਈ ਇਨਕਾਰਪੋਰੇਸ਼ਨ ਦੇ ਈ-ਕਾਮਰਸ ਪਲੇਟਫਾਰਮ ਨੂੰ ਮੈਰੀਜੁਆਨਾ ਦੀ ਆਨਲਾਈਨ ਤੇ ਸਟੋਰਾਂ ਵਿੱਚ ਵਿੱਕਰੀ ਵਜੋਂ ਵਰਤਣ ਲਈ ਇੱਕ ਸਮਝੌਤਾ ਕੀਤਾ ਹੈ। ਅਜਿਹਾ ਕਰਕੇ ਉਹ ਮੈਰੀਜੁਆਨਾ ਦੇ ਇੱਕਮਾਤਰ ਵਿਕਰੇਤਾ ਬਣਨ ਦੀ ਆਪਣੀ ਯੋਜਨਾ ਨੂੰ ਲਾਗੂ ਕਰਨਾ ਚਾਹੁੰਦੇ ਹਨ।
ਓਨਟਾਰੀਓ ਕੈਨਾਬਿਸ ਰੀਟੇਲ ਕਾਰਪੋਰੇਸ਼ਨ (ਓਸੀਆਰਸੀ), ਜੋ ਕਿ ਓਨਟਾਰੀਓ ਦੇ ਲੀਕਰ ਕੰਟਰੋਲ ਬੋਰਡ ਦੀ ਸਬਸਿਡਰੀ ਹੈ, ਓਟਵਾ ਸਥਿਤ ਕੰਪਨੀ ਦੇ ਆਨਲਾਈਨ ਸਟੋਰ ਸੌਫਟਵੇਅਰ ਨੂੰ ਆਪਣੇ ਆਨਲਾਈਨ ਤੇ ਮੋਬਾਈਲ ਸੇਲਜ਼ ਪੋਰਟਲ ਵਜੋਂ ਵਰਤੇਗੀ। ਐਲਸੀਬੀਓ ਦੇ ਪ੍ਰੈਜ਼ੀਡੈਂਟ ਤੇ ਸੀਈਓ ਜਾਰਜ ਸੋਲੀਆਸ ਨੇ ਆਖਿਆ ਕਿ ਸਾਡੀ ਮੁੱਖ ਤਰਜੀਹ ਫੈਡਰਲ ਸਰਕਾਰ ਵੱਲੋਂ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਤੋਂ ਬਾਅਦ ਇਸ ਦੀ ਸੇਫ ਤੇ ਜਾਇਜ਼ ਰੀਟੇਲਿੰਗ ਲਈ ਖਰੜਾ ਤਿਆਰ ਕਰਨਾ ਹੈ।
ਜਿ਼ਕਰਯੋਗ ਹੈ ਕਿ ਸੌ਼ਪੀਫਾਈ ਦੀ ਤਕਨਾਲੋਜੀ ਬ੍ਰਿੱਕ ਐਂਡ ਮੌਰਟਾਰ ਸਟੋਰਜ਼ ਆਦਿ ਵਿੱਚ ਵੀ ਹੋਵੇਗੀ। ਓਸੀਆਰਸੀ ਦਾ ਕਹਿਣਾ ਹੈ ਕਿ ਓਨਟਾਰੀਅਨਜ਼ ਕੋਲ ਪ੍ਰੋਡਕਟ ਦੀ ਸਾਰੀ ਜਾਣਕਾਰੀ, ਗਾਈਡਲਾਈਨਜ਼ ਤੇ ਸੋਸ਼ਲ ਰਿਸਪਾਂਸੀਬਿਲਿਟੀ ਜਾਣਕਾਰੀ ਆਦਿ ਸੱਭ ਕੁੱਝ ਹੋਵੇਗਾ। ਇਹ ਸੱਭ ਫੈਡਰਲ ਸਰਕਾਰ ਦੇ ਪ੍ਰਾਵਧਾਨਾਂ ਅਨੁਸਾਰ ਸਟੋਰ ਤੇ ਆਨਲਾਈਨ ਮਿਲਿਆ ਕਰੇਗਾ।
ਆਨਲਾਈਨ ਵਿੱਕਰੀ ਤੋਂ ਇਲਾਵਾ ਓਨਟਾਰੀਓ 40 ਸਟੋਰ ਵੀ ਖੋਲ੍ਹੇਗਾ ਤੇ 2020 ਦੇ ਅੰਤ ਤੱਕ ਇਨ੍ਹਾਂ ਦੀ ਗਿਣਤੀ 150 ਤੱਕ ਅੱਪੜਨ ਦੀ ਉਮੀਦ ਹੈ। ਸਰਕਾਰੀ ਏਜੰਸੀ ਵੱਲੋਂ ਸ਼ੌਪੀਫਾਈ ਦੇ ਪਲੇਟਫਾਰਮ ਨੂੰ ਇਨਵੈਨਟਰੀ, ਅਕਾਊਂਟਿੰਗ ਤੇ ਹਿਊਮਨ ਰਿਸੋਰਸਿਜ਼ ਆਪਰੇਸ਼ਨਜ਼ ਲਈ ਵੀ ਵਰਤਿਆ ਜਾਵੇਗਾ। ਓਨਟਾਰੀਓ ਵਿੱਚ ਮੈਰੀਜੁਆਨਾ ਸਰਕਾਰ ਵੱਲੋਂ ਆਨਲਾਈਨ ਕੀਤੀ ਜਾਣ ਵਾਲੀ ਵਿੱਕਰੀ ਤੇ ਗਿਣੇ ਚੁਣੇ ਸਟੋਰਾਂ ਉੱਤੇ ਹੀ ਮਿਲਿਆ ਕਰੇਗੀ ਜਦਕਿ ਕੁੱਝ ਹੋਰਨਾਂ ਪ੍ਰੋਵਿੰਸਾਂ, ਜਿਵੇਂ ਕਿ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ, ਵਿੱਚ ਪ੍ਰਾਈਵੇਟ ਤੌਰ ਉੱਤੇ ਵੀ ਮੈਰੀਜੁਆਨਾ ਮਿਲ ਸਕਿਆ ਕਰੇਗੀ।