ਮੈਰਿਜ ਪੈਲੇਸਾਂ ‘ਚ ਸ਼ਰਾਬ ਪਿਆਉਣ ਦੀ ਇਜਾਜ਼ਤ ਮਿਲ ਗਈ

liquor permission
ਮੋਹਾਲੀ, 20 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਮੁੱਖ ਮਾਰਗਾਂ ‘ਤੇ ਬਣੇ ਮੈਰਿਜ ਪੈਲੇਸਾਂ ਵਿੱਚ ਸਮਾਗਮਾਂ ਮੌਕੇ ਸ਼ਰਾਬ ਵਰਤਾਉਣ ਦੀ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਮੈਰਿਜ ਪੈਲੇਸਾਂ ਦੇ ਮਾਲਕਾਂ ਦੇ ਮੁਰਝਾਏ ਚਿਹਰਿਆਂ ‘ਤੇ ਰੌਣਕ ਪਰਤ ਆਈ ਹੈ। ਐਡੀਸ਼ਨਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਗੁਰਤੇਜ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਐਡਵੋਕੇਟ ਜਨਰਲ (ਏ ਜੀ) ਪੰਜਾਬ ਤੋਂ ਕਾਨੂੰਨੀ ਰਾਏ ਲੈਣ ਪਿੱਛੋਂ ਇਹ ਫੈਸਲਾ ਕੀਤਾ ਹੈ, ਜਿਸ ਦਾ ਨੋਟੀਫਿਕੇਸ਼ਨ ਛੇਤੀ ਹੋਣ ਦੀ ਆਸ ਹੈ।
ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਵੱਲੋਂ ਦਿੱਤੀ ਕਾਨੂੰਨੀ ਰਾਏ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਮੈਰਿਜ ਪੈਲੇਸਾਂ ਵਿੱਚ ਸ਼ਰਾਬ ਵੇਚੀ ਨਹੀਂ, ਵਰਤਾਈ ਹੀ ਜਾਂਦੀ ਹੈ, ਇਸ ਲਈ ਮੈਰਿਜ ਪੈਲੇਸ ਉਸ ਕੈਟਾਗਿਰੀ ਵਿੱਚ ਨਹੀਂ ਆਉਂਦੇਂ, ਜਿਨ੍ਹਾਂ ਉੱਤੇ ਪਾਬੰਦੀ ਲਾਈ ਹੈ। ਮੈਰਿਜ ਪੈਲੇਸ ਦੇ ਮਾਲਕਾਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਤੋਂ ਇਹ ਪਾਬੰਦੀ ਲੱਗੀ ਸੀ ਉਦੋਂ ਤੋਂ ਮੈਰਿਜ ਪੈਲੇਸ ਮਾਲਕਾਂ ਵਿੱਚ ਬਹੁਤ ਬੈਚੇਨੀ ਸੀ। ਇਕੱਲੇ ਜ਼ਿਲਾ ਮੋਹਾਲੀ ਅੰਦਰ 100 ਮੈਰਿਜ ਪੈਲੇਸ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜ਼ੀਰਕਪੁਰ, ਡੇਰਾ ਬੱਸੀ ਖੇਤਰ ਤੇ ਚੰਡੀਗੜ੍ਹ-ਖਰੜ, ਲਾਂਡਰਾਂ-ਖਰੜ, ਲਾਂਡਰਾਂ-ਸਰਹੰਦ ਰੋਡ ‘ਤੇ ਹਨ। ਮੈਰਿਜ ਪੈਲੇਸ ਮਾਲਕਾਂ ਅਨੁਸਾਰ ਇਸ ਪਾਬੰਦੀ ਦੇ ਖਤਮ ਹੋਣ ਨਾਲ ਪੈਲੇਸਾਂ ਵਿੱਚ ਪ੍ਰੋਗਰਾਮ ਬੁੱਕ ਹੋਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਸਮਾਗਮ ਕਰਾਉਣ ਵਾਲੇ ਤੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।