ਮੈਟਰੋਲਿੰਕਸ ਦੇ ਦੋ ਸੀਨੀਅਰ ਐਗਜੈ਼ਕਟਿਵਜ਼ ਦੀ ਕੀਤੀ ਗਈ ਛੁੱਟੀ?

ਟੋਰਾਂਟੋ, 11 ਜਨਵਰੀ (ਪੋਸਟ ਬਿਊਰੋ) : ਮੈਟਰੋਲਿੰਕਸ ਦੇ ਲੀਡਰਸਿ਼ਪ ਰੈਂਕਜ਼ ਵਿੱਚ ਵੱਡੀਆਂ ਤਬਦੀਲੀਆਂ ਕੀਤੇ ਜਾਣ ਦੇ ਸੰਕੇਤ ਮਿਲ ਰਹੇ ਹਨ।
ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਏਰੀਆ ਲਈ ਪ੍ਰੋਵਿੰਸ਼ੀਅਲ ਟਰਾਂਜਿ਼ਟ ਏਜੰਸੀ ਮੈਟਰੋਲਿੰਕਸ ਨੇ ਇਸ ਹਫਤੇ ਤਿੰਨ ਦਿਨਾਂ ਦੇ ਅੰਦਰ ਅੰਦਰ ਆਪਣੀ ਦਸ ਵਿਅਕਤੀਆਂ ਦੀ ਸੀਨੀਅਰ ਮੈਨੇਜਮੈਂਟ ਟੀਮ ਦੇ ਦੋ ਮੈਂਬਰਾਂ ਦੀ ਛੁੱਟੀ ਦੀ ਖਬਰ ਸੁਣਾਈ। ਇਨ੍ਹਾਂ ਦੋ ਵਿਅਕਤੀਆਂ ਵਿੱਚ ਪ੍ਰੈਸਟੋ ਫੇਅਰ ਕਾਰਡ ਪ੍ਰੋਗਰਾਮ ਲਈ ਜਿ਼ੰਮੇਵਾਰ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਵੀ ਸ਼ਾਮਲ ਹੈ।
ਏਜੰਸੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਰੌਬਰਟ ਹੌਲਿਸ, ਜੋ ਕਿ 2012 ਤੋਂ ਪ੍ਰੈਸਟੋ ਦੇ ਇੰਚਾਰਜ ਹਨ, ਫਰਵਰੀ ਦੇ ਅੰਤ ਵਿੱਚ ਅਹੁਦਾ ਛੱਡਣਗੇ। ਕਰਮਚਾਰੀਆਂ ਨੂੰ ਲਿਖੀ ਈਮੇਲ ਵਿੱਚ ਮੈਟਰੋਲਿੰਕਸ ਦੇ ਪ੍ਰੈਜ਼ੀਡੈਂਟ ਤੇ ਸੀਈਓ ਫਿੱਲ ਵਰਸਟਰ ਨੇ ਆਖਿਆ ਕਿ ਕਾਫੀ ਸੋਚ ਵਿਚਾਰ ਤੋਂ ਬਾਅਦ ਹੌਲਿਸ ਨੇ ਅਹੁਦਾ ਛੱਡਣ ਦਾ ਮਨ ਬਣਾਇਆ। ਇਸ ਤੋਂ ਇਲਾਵਾ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਏਜੰਸੀ ਦੀ ਚੀਫ ਕਸਟਮਰ ਐਂਡ ਮਾਰਕਿਟਿੰਗ ਆਫੀਸਰ ਅਨੀਤਾ ਸੁਲਤਮਾਨੀਸ ਪਹਿਲਾਂ ਹੀ ਏਜੰਸੀ ਛੱਡ ਚੁੱਕੀ ਹੈ। ਸੋਮਵਾਰ ਨੂੰ ਵਰਸਟਰ ਨੇ ਆਖਿਆ ਕਿ ਸੁਲਤਮਾਨੀਸ, ਜਿਸ ਨੂੰ ਪਿਛਲੇ ਸਾਲ ਮਾਰਚ ਵਿੱਚ ਹਾਇਰ ਕੀਤਾ ਗਿਆ ਸੀ, ਹੁਣ ਮੈਟਰੋਲਿੰਕਸ ਨਾਲ ਕੰਮ ਨਹੀਂ ਕਰਦੀ।