ਮੈਗਿੰਟੀ ਦੇ ਸਾਬਕਾ ਸਹਾਇਕਾਂ ਖਿਲਾਫ ਅੱਜ ਤੋਂ ਸ਼ੁਰੂ ਹੋਵੇਗੀ ਗੈਸ ਪਲਾਂਟਸ ਕੰਪਿਊਟਰ ਮਾਮਲੇ ਦੀ ਸੁਣਵਾਈ

3
ਓਨਟਾਰੀਓ, 10 ਸਤੰਬਰ (ਪੋਸਟ ਬਿਊਰੋ) : ਸਾਬਕਾ ਪ੍ਰੀਮੀਅਰ ਡਾਲਟਨ ਮੈਗਿੰਟੀ ਦੇ ਦੋ ਸਹਾਇਕਾਂ ਖਿਲਾਫ ਸੋਮਵਾਰ ਨੂੰ ਮੁਜਰਮਾਨਾਂ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ। ਇਨ੍ਹਾਂ ਦੋਵਾਂ ਉੱਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਲਿਬਰਲਾਂ ਵੱਲੋਂ ਖ਼ਤਮ ਕੀਤੇ ਗਏ ਗੈਸ ਪਾਵਰ ਪਲਾਂਟਸ ਨਾਲ ਸਬੰਧਤ ਕੰਪਿਊਟਰ ਹਾਰਡ ਡਰਾਈਵਜ਼ ਨੂੰ ਕਥਿਤ ਤੌਰ ਉੱਤੇ ਡਲੀਟ ਕਰਨ ਦਾ ਕੰਮ ਕੀਤਾ ਸੀ।
2013 ਵਿੱਚ ਮੈਗਿੰਟੀ ਦੇ ਆਖਰੀ ਚੀਫ ਆਫ ਸਟਾਫ 65 ਸਾਲਾ ਡੇਵਿਡ ਲਿਵਿੰਗਸਟਨ ਤੇ ਡਿਪਟੀ ਚੀਫ 38 ਸਾਲਾ ਲਾਰਾ ਮਿਲਰ ਬਰੀਚ ਆਫ ਟਰਸਟ, ਡਾਟਾ ਨਾਲ ਛੇੜਛਾੜ ਕਰਨ ਤੇ ਕੰਪਿਊਟਰ ਸਿਸਟਮ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਮਸ਼ਕੂਕ ਹਨ। ਦੋਸ਼ੀ ਪਾਏ ਜਾਣ ਉੱਤੇ ਇਸ ਜੋੜੀ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਦੋਵਾਂ ਨੇ ਹੀ ਸਾਬਕਾ ਪ੍ਰੀਮੀਅਰ ਦੇ ਆਫਿਸ ਦੇ ਕੰਪਿਊਟਰਜ਼ ਦੀਆਂ ਹਾਰਡ ਡਰਾਈਵਜ਼ ਨਾਲ ਕਿਸੇ ਕਿਸਮ ਦੀ ਛੇੜਛਾੜ ਤੋਂ ਇਨਕਾਰ ਕੀਤਾ ਹੈ।
ਬਚਾਅ ਪੱਖ ਦੇ ਵਕੀਲ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਤੇ ਉਹ ਪਿੱਛੇ ਜਿਹੇ ਕ੍ਰਾਊਨ ਵੱਲੋਂ ਜ਼ਾਹਰ ਕੀਤੇ ਗਏ ਸਬੂਤਾਂ ਦੀ ਜਾਂਚ ਕਰਨ ਲਈ ਇੱਕ ਹੋਰ ਹਫਤੇ ਦਾ ਸਮਾਂ ਮੰਗਣਗੇ। ਇੱਥੇ ਦੱਸਣਾ ਬਣਦਾ ਹੈ ਕਿ ਮੈਗਿੰਟੀ ਕਦੇ ਵੀ ਜਾਂਚ ਦੇ ਦਾਇਰੇ ਵਿੱਚ ਨਹੀਂ ਆਏ ਤੇ ਉਨ੍ਹਾਂ ਪੂਰੀ ਜਾਂਚ ਦੌਰਾਨ ਪੁਲਿਸ ਨੂੰ ਹਰ ਕਿਸਮ ਦਾ ਸਹਿਯੋਗ ਦਿੱਤਾ ਹੈ। ਉਨ੍ਹਾਂ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਆਪਣੇ ਬਿਆਨ ਦਰਜ ਕਰਵਾਉਣ ਲਈ ਸੱਦੇ ਜਾਣ ਦੀ ਕੋਈ ਉਮੀਦ ਨਹੀਂ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਹ ਦੋਸ਼ ਲਾਇਆ ਸੀ ਕਿ ਲਿਵਿੰਗਸਟਨ ਨੇ ਕੰਪਿਊਟਰ ਦਾ ਸਪੈਸ਼ਲ ਪਾਸਵਰਡ ਇੱਕ ਗੈਰ ਸਰਕਾਰੀ ਕਰਮਚਾਰੀ ਪੀਟਰ ਫੇਸਟ ਨੂੰ ਦਿੱਤਾ, ਜੋ ਕਿ ਮਿਲਰ ਦਾ ਕਾਮਨ-ਲਾਅ ਹਸਬੈਂਡ ਹੈ। ਫਿਰ ਉਸ ਨੂੰ ਕੈਥਲੀਨ ਵਿੰਨ ਦੇ 11 ਫਰਵਰੀ, 2013 ਨੂੰ ਪ੍ਰੀਮੀਅਰ ਵਜੋਂ ਸੰਹੁ ਚੁੱਕੇ ਜਾਣ ਤੋਂ ਪਹਿਲਾਂ ਪ੍ਰੀਮੀਅਰ ਦੇ ਆਫਿਸ ਦੀਆਂ ਕੰਪਿਊਟਰ ਡਰਾਈਵਜ਼ ਨੂੰ ਸਾਫ ਕਰਨ ਲਈ ਆਖਿਆ। ਦੂਜੇ ਪਾਸੇ ਕੰਪਿਊਟਰ ਮਾਹਿਰ ਫੇਸਟ ਨੇ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਕੀਤੇ ਜਾਣ ਤੋਂ ਇਨਕਾਰ ਕੀਤਾ ਸੀ। ਡਰਾਈਵਜ਼ ਨੂੰ ਸਾਫ ਕਰਨ ਲਈ ਫੇਸਟ ਨੂੰ ਟੈਕਸਦਾਤਾਵਾਂ ਵੱਲੋਂ ਲਿਬਰਲ ਕਾਕਸ ਨੂੰ ਦਿੱਤੇ ਜਾਣ ਵਾਲੇ ਫੰਡ ਵਿੱਚੋਂ 10,000 ਡਾਲਰ ਅਦਾ ਕੀਤੇ ਗਏ। ਇਸ ਰਕਮ ਨੂੰ ਬਾਅਦ ਵਿੱਚ ਪਾਰਟੀ ਨੇ ਖਜ਼ਾਨੇ ਨੂੰ ਮੋੜ ਦਿੱਤਾ।
ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਤੇ ਨਿਊ ਡੈਮੋਕ੍ਰੈਟਸ, ਦੋਵਾਂ ਪਾਰਟੀਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਨ੍ਹਾਂ ਕੰਪਿਊਟਰਜ਼ ਵਿੱਚ ਮਿਸੀਸਾਗਾ ਤੇ ਓਕਵਿੱਲੇ ਵਿੱਚ ਲਾਏ ਜਾਣ ਵਾਲੇ ਗੈਸ ਪਲਾਂਟਸ ਨੂੰ 2011 ਦੀਆਂ ਚੋਣਾਂ ਤੋਂ ਪਹਿਲਾਂ ਰੱਦ ਕੀਤੇ ਜਾਣ ਵਾਲੇ ਵਿਵਾਦਗ੍ਰਸਤ ਫੈਸਲੇ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਹੋ ਸਕਦੀ ਸੀ। 2011 ਤੇ 2014 ਵਿੱਚ ਆਪਣੀ ਮੁਹਿੰਮ ਦੌਰਾਨ ਲਿਬਰਲਾਂ ਨੇ ਦੋ ਪ੍ਰਸਤਾਵਿਤ ਫੈਸਿਲਿਟੀਜ਼ ਨਾਲ ਲੱਗਦੀਆਂ ਸਾਰੀਆਂ ਪੰਜ ਸੀਟਾਂ ਜਿੱਤੀਆਂ। ਆਡੀਟਰ ਜਨਰਲ ਬੋਨੀ ਲਿਜਿ਼ਕ ਨੇ ਆਖਿਆ ਕਿ ਇਨ੍ਹਾਂ ਨੂੰ ਸਾਰਨੀਆ ਤੇ ਨੇਪਾਨੀ ਲਿਜਾਏ ਜਾਣ ਉੱਤੇ ਆਉਣ ਵਾਲੇ 1.1 ਬਿਲੀਅਨ ਡਾਲਰ ਖਰਚੇ ਦਾ ਭਾਰ ਅਗਲੇ ਵੀਹ ਸਾਲਾਂ ਤੱਕ ਟੈਕਸਦਾਤਾਵਾਂ ਨੂੰ ਚੁੱਕਣਾ ਹੋਵੇਗਾ।
ਇਸ ਮਾਮਲੇ ਦੀ ਸੁਣਵਾਈ ਇਤਫਾਕਨ ਸੋਮਵਾਰ ਨੂੰ ਉਦੋਂ ਸ਼ੁਰੂ ਹੋਣ ਜਾ ਰਹੀ ਹੈ ਜਦੋਂ ਵਿਧਾਨਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ ਤੇ ਦੂਜੇ ਪਾਸੇ 2015 ਦੀਆਂ ਸਡਬਰੀ ਜਿ਼ਮਨੀ ਚੋਣਾਂ ਦੇ ਸਬੰਧ ਵਿੱਚ ਇਲੈਕਸ਼ਨ ਟ੍ਰਾਇਲ ਚੱਲ ਰਿਹਾ ਹੋਵੇਗਾ। ਉਸ ਮਾਮਲੇ ਵਿੱਚ ਪ੍ਰੀਮੀਅਰ ਕੈਥਲੀਨ ਵਿੰਨ ਦੀ ਸਾਬਕਾ ਡਿਪਟੀ ਚੀਫ ਆਫ ਸਟਾਫ ਪੈਟਰੀਸ਼ੀਆ ਸੋਰਬਾਰਾ ਤੇ ਸਥਾਨਕ ਸਮਾਜ ਸੇਵਕ ਗੈਰੀ ਲੌਹੀਡ ਨੂੰ ਸਾਬਕਾ ਲਿਬਰਲ ਉਮੀਦਵਾਰ ਨੂੰ ਨਾਮਜ਼ਦਗੀ ਦੌੜ ਵਿੱਚੋਂ ਆਪਣਾ ਨਾਂ ਵਾਪਿਸ ਲੈਣ ਲਈ ਮਨਾਉਣ ਵਾਸਤੇ ਵੱਡੀ ਪੇਸ਼ਕਸ਼ ਕਰਨ ਲਈ ਚਾਰਜ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਉੱਤੇ ਮੌਜੂਦਾ ਊਰਜਾ ਮੰਤਰੀ ਗਲੈਨ ਥੀਬਾਲਟ ਲਈ ਰਾਹ ਸਾਫ ਕਰਵਾਉਣ ਦਾ ਦੋਸ਼ ਹੈ। ਬੁੱਧਵਾਰ ਨੂੰ ਇਸ ਮਾਮਲੇ ਵਿੱਚ ਵਿੰਨ ਆਪਣਾ ਬਿਆਨ ਦੇਵੇਗੀ।