ਮੈਕਸੀਕੋ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਖੱਬੇ ਪੱਖੀ ਆਗੂ ਐਮਲੋ ਜਿੱਤੇ


ਮੈਕਸੀਕੋ ਸਿਟੀ, 2 ਜੁਲਾਈ, (ਪੋਸਟ ਬਿਊਰੋ)- ਮੈਕਸੀਕੋ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਵਿੱਚ ਸਰਕਾਰ ਵਿਰੋਧੀ ਖੱਬੇ ਪੱਖੀ ਆਂਦਰੇਸ ਮੈਨੂਅਲ ਲੋਪੇਜ਼ ਓਬਰਾਡੋਰ (64) ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨੂੰ ਦੇਸ਼ ਵਿਚਲੇ ਭ੍ਰਿਸ਼ਟਾਚਾਰ ਅਤੇ ਹਿੰਸਾ ਦੇ ਵਿਰੁੱਧ ਵੋਟਰਾਂ ਦੇ ਗੁੱਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
‘ਐਮਲੋ’ ਦੇ ਨਾਂਅ ਨਾਲ ਜਾਣੇ ਜਾਂਦੇ ਆਂਦਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨੇ 53 ਫੀਸਦੀ ਨਾਲ ਵਿਰੋਧੀ ਧਿਰਾਂ ਨੂੰ ਹੂੰਝ ਦਿੱਤਾ ਹੈ। ਮੋਰੇਨਾ ਪਾਰਟੀ ਦੀ ਅਗਵਾਈ ਵਾਲਾ ਇਹ ਗੱਠਜੋੜ 2014 ਵਿੱਚ ਬਣਿਆ ਸੀ। ਆਧੁਨਿਕ ਮੈਕਸੀਕੋ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਚੋਣ ਮੁਕਾਬਲੇ ਵਿੱਚ ਇਕ ਉਮੀਦਵਾਰ ਨੇ ਅੱਧੀਆਂ ਤੋਂ ਵੱਧ ਵੋਟਾਂ ਲਈਆਂ ਹਨ। ਇਸ ਨਤੀਜੇ ਨਾਲ ਦੇਸ਼ ਦੀ ਸੱਤਾ ਉੱਤੇ ਲਗਭਗ ਇਕ ਸਦੀ ਕਾਬਜ਼ ਰਹੀਆਂ ਦੋ ਪ੍ਰਮੁੱਖ ਪਾਰਟੀਆਂ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਹੈ। ਲੋਪੇਜ਼ ਨੇ ਮੈਕਸੀਕੋ ਸਿਟੀ ਦੇ ਐਲਾਮੇਦਾ ਪਾਰਕ ਦੇ ਬਾਹਰ ਇਕੱਠੇ ਹੋਏ ਹਮਾਇਤੀਆਂ ਨੂੰ ਕਿਹਾ ਕਿ ਅੱਜ ਦੀ ਰਾਤ ਬੇਹੱਦ ਯਾਦਗਾਰ ਹੈ। ਉਨ੍ਹਾਂ ਨੇ ਵਿਰੋਧੀਆਂ ਵੱਲੋਂ ਲਾਏ ਜਾਂਦੇ ਕੱਟੜਵਾਦ ਦੇ ਦੋਸ਼ ਰੱਦ ਕਰਦਿਆਂ ਕਿਹਾ ਕਿ ਵੈਂਜ਼ੂਏਲਾ ਵਰਗੀਆਂ ਨੀਤੀਆਂ ਅਪਨਾਉਣ ਦਾ ਕੋਈ ਮਤਲਬ ਨਹੀਂ। ਜੇਤੂ ਉਮੀਦਵਾਰ ਨੇ ਕਿਹਾ ਕਿ ਉਹ ਲੋਕਾਂ ਨੂੰ ਨਿੱਗਰ ਤੇ ਸਾਫ਼-ਸੁਥਰਾ ਲੋਕਤੰਤਰ ਦੇਣਗੇ ਤੇ ਕਿਸੇ ਸਿੱਧੀ ਜਾਂ ਅਸਿੱਧੀ ਤਾਨਾਸ਼ਾਹੀ ਦਾ ਭੈਅ ਮਨ ਵਿੱਚ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ, ਅਮਰੀਕਾ ਅਤੇ ਕੈਨੇਡਾ ਨਾਲ ਸਬੰਧ ਸੁਖ਼ਾਵੇਂ ਰੱਖਣ ਦੇ ਯਤਨ ਕੀਤੇ ਜਾਣਗੇ।