ਮੈਕਸਿਕੋ ਸਿਟੀ ਵਿੱਚ ਪਟਾਕਿਆਂ ਕਾਰਨ ਹੋਏ ਧਮਾਕਿਆਂ ਵਿੱਚ 24 ਮਰੇ, 49 ਜ਼ਖ਼ਮੀ

ਟੁਲਟੇਪੈਕ, ਮੈਕਸਿਕੋ, 6 ਜੁਲਾਈ (ਪੋਸਟ ਬਿਊਰੋ): ਪਹਿਲਾਂ ਤੋਂ ਹੀ ਪਟਾਕਿਆਂ ਸਬੰਧੀ ਹਾਦਸਿਆਂ ਕਾਰਨ ਜਾਣੇ ਜਾਂਦੇ ਟਾਊਨ ਟੁਲਟੇਪੈਕ ਵਿੱਚ ਇੱਕ ਵਾਰੀ ਮੁੜ ਧਮਾਕਿਆਂ ਨੇ ਲੋਕਾਂ ਦੇ ਦਿਲ ਦਹਿਲਾ ਦਿੱਤੇ। ਪਹਿਲਾਂ ਜ਼ੋਰਦਾਰ ਧਮਾਕਿਆਂ ਕਾਰਨ ਲੋਕ ਡਰ ਗਏ ਤੇ ਫਿਰ 20 ਮਿੰਟ ਮਗਰੋਂ ਇੱਕ ਵਾਰੀ ਫਿਰ ਧਮਾਕਿਆਂ ਦੀ ਝੜੀ ਲੱਗ ਗਈ। ਇਸ ਹਾਦਸੇ ਵਿੱਚ 24 ਲੋਕ ਮਾਰੇ ਗਏ ਜਦਕਿ 49 ਹੋਰ ਜ਼ਖ਼ਮੀ ਹੋ ਗਏ।
ਮਰਨ ਵਾਲਿਆਂ ਵਿੱਚ ਚਾਰ ਫਾਇਰ ਫਾਈਟਰਜ਼, ਦੋ ਪੁਲਿਸ ਅਧਿਕਾਰੀ ਤੇ ਇੱਕ ਸਿਵਲ ਡਿਫੈਂਸ ਵਰਕਰ ਸ਼ਾਮਲ ਹੈ। ਸਵੇਰੇ 9:40 ਉੱਤੇ ਸ਼ੁਰੂ ਹੋਏ ਇਨ੍ਹਾਂ ਧਮਾਕਿਆਂ ਨੂੰ ਸੁਣਨ ਵਾਲੀ ਟੈਰੇਸਾ ਗੌਂਜ਼ਾਲੇਜ਼ ਨੇ ਦੱਸਿਆ ਕਿ ਉਹ ਤਾਂ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਸੱਭ ਉਨ੍ਹਾਂ ਨਾਲ ਵੀ ਹੋ ਜਾਵੇਗਾ। ਟੁਲਟੇਪੈਕ ਵਿੱਚ ਲੱਗਭਗ 130,000 ਲੋਕ ਰਹਿੰਦੇ ਹਨ ਤੇ ਇਹ ਇਲਾਕਾ ਪਟਾਕੇ ਬਣਾਉਣ ਲਈ ਹੀ ਮਸ਼ਹੂਰ ਹੈ। ਇੱਥੇ ਨਿੱਕੀਆਂ ਨਿੱਕੀਆਂ ਵਰਕਸ਼ਾਪਜ਼ ਹਨ ਜਿੱਥੇ ਮੁੱਖ ਤੌਰ ਉੱਤੇ ਇਹੀ ਕੰਮ ਹੁੰਦਾ ਹੈ। ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਇੱਥੇ 70 ਲੋਕ ਮਾਰੇ ਜਾ ਚੁੱਕੇ ਹਨ।
ਟਾਊਨ ਵਿੱਚ ਹੀ ਰਹਿਣ ਵਾਲੇ ਗੁਆਡਾਲੁਪੇ ਰੋਮੇਰੋ ਇਹ ਆਖਦੇ ਆਖਦੇ ਰਹਿ ਗਏ ਕਿ ਇਹ ਪਟਾਕਿਆਂ ਵਾਲੀ ਇੰਡਸਟਰੀ ਬੰਦ ਹੋ ਜਾਣੀ ਚਾਹੀਦੀ ਹੈ ਕਿਉਂਕਿ ਇਸ ਇਲਾਕੇ ਦੇ ਬਹੁਤੇ ਪਰਿਵਾਰ ਇਸ ਇੰਡਸਟਰੀ ਉੱਤੇ ਹੀ ਨਿਰਭਰ ਕਰਦੇ ਹਨ। ਪਰ ਉਨ੍ਹਾਂ ਆਖਿਆ ਕਿ ਇੱਥੇ ਨੇੜੇ ਹੀ ਪ੍ਰੋਪੇਨ ਗੈਸ ਪਲਾਂਟ ਹੋਣ ਕਾਰਨ ਅਸੀਂ ਇੱਕ ਤਰ੍ਹਾਂ ਟਾਈਮ ਬੰਬ ਉੱਤੇ ਬੈਠੇ ਹਾਂ। ਇਸ ਇਲਾਕੇ ਵਿੱਚ ਹੋਣ ਵਾਲੇ ਹਾਦਸਿਆਂ ਨੂੰ ਵੇਖਦਿਆਂ ਹੋਇਆਂ ਸਟੇਟ ਤੇ ਫੈਡਰਲ ਅਧਿਕਾਰੀ ਇਹ ਵਾਅਦਾ ਕਰ ਚੁੱਕੇ ਹਨ ਕਿ ਇਸ ਇਲਾਕੇ ਵਿੱਚ ਸੇਫਟੀ ਸਬੰਧੀ ਪਾਬੰਦੀਆਂ ਲਾਈਆਂ ਜਾਣਗੀਆਂ। ਪਰ ਅਜਿਹਾ ਅਜੇ ਤੱਕ ਕੁੱਝ ਨਹੀਂ ਹੋਇਆ।