ਮੈਂ ਵੱਡੀਆਂ ਫਿਲਮਾਂ ਕਰ ਰਹੀ ਹਾਂ: ਸਵਰਾ ਭਾਸਕਰ

ਅਭਿਨੇਤਰੀ ਸਵਰਾ ਭਾਸਕਰ ਵਿੱਚ ਨਾ ਤਾਂ ਉਹੋ ਜਿਹੀ ਚਮਕ ਹੈ ਅਤੇ ਨਾ ਉਹੋ ਜਿਹੇ ਨਾਜ ਨਖਰੇ, ਜਿਹੋ ਜਿਹੇ ਫਿਲਮੀ ਹੀਰੋਇਨਾਂ ਵਿੱਚ ਆਮ ਤੌਰ ‘ਤੇ ਦੇਖਣ ਨੂੰ ਮਿਲਦੇ ਹਨ, ਪਰ ਉਹ ਅਭਿਨੇਤਰੀ ਕਿਹੋ ਜਿਹੀ ਹੈ, ਇਹ ਉਸ ਨੇ ਆਪਣੀਆਂ ਕੁਝ ਫਿਲਮਾਂ ਦੇ ਜ਼ਰੀਏ ਦੱਸ ਦਿੱਤਾ ਹੈ। ਉਹ ਕਿਸ ਤਰ੍ਹਾਂ ਦੀ ਅਭਿਨੇਤਰੀ ਹੈ ਇਹ ਇੱਕ ਫਿਰ ਸਾਬਿਤ ਕਰਨ ਜਾ ਰਹੀ ਹੈ ਫਿਲਮ ‘ਲਿਸੇਨ ਅਮਾਇਆ’ ਦੇ ਜ਼ਰੀਏ। ਇਸ ਵਿੱਚ ਉਸਨੇ ਦੋ ਅਜਿਹੇ ਕਲਾਕਾਰਾਂ ਦੀਪਤੀ ਨਵਲ ਅਤੇ ਫਾਰੂਖ ਸੇਖ ਨਾਲ ਕੰਮ ਕੀਤਾ ਹੈ, ਜੋ ਚੰਗੇ ਕਲਾਕਾਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਸਵਰਾ ਇਨ੍ਹਾਂ ਦੇ ਸਾਥ ਨਾਲ ਖੁਸ਼ ਹੈ। ਉਹ ਕਹਿੰਦੀ ਹੈ, ‘ਜਦ ਮੈਨੂੰ ਇਸ ਫਿਲਮ ਲਈ ਚੁਣਿਆ ਗਿਆ ਅਤੇ ਜਦ ਇਹ ਪਤਾ ਲੱਗਾ ਕਿ ਇਸ ਵਿੱਚ ਮੇਰੇ ਨਾਲ ਕੰਮ ਕਰਨ ਵਾਲੇ ਕਲਾਕਾਰ ਹਨ ਫਾਰੂਖ ਸ਼ੇਖ ਅਤੇ ਦੀਪਤੀ ਨਵਲ, ਤੋ ਮੈਂ ਬੇਹੱਦ ਖੁਸ਼ ਹੋ ਗਈ। ਮੈਨੂੰ ਇਨ੍ਹਾਂ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ।
ਸਵਰਾ ਨਾਲ ਫਿਲਮ ‘ਲਿਸੇਨ ਅਮਾਇਆ’ ਨੂੰ ਲੈ ਕੇ ਗੱਲਬਾਤ ਹੋਈ। ਉਹ ਨੇ ਦੱਸਿਆ ਕਿ ‘ਇਹ ਫਿਲਮ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ, ਜਿਸ ਦੇ ਮਾਂ ਨਾਲ ਬਹੁਤ ਚੰਗੇ ਰਿਸ਼ਤੇ ਹਨ। ਮਾਂ ਦੀ ਜ਼ਿੰਦਗੀ ਵਿੱਚ ਇੱਕ ਪੁਰਸ਼ ਆਉਂਦਾ ਹੈ ਤੇ ਉਸ ਦੇ ਬਾਅਦ ਇੱਕ ਘਟਨਾ ਵਾਪਰਦੀ ਹੈ, ਤਾਂ ਲੜਕੀ ਅਮਾਇਆ ਕੀ ਸੋਚਦੀ ਹੈ ਅਤੇ ਉਸ ਤੇ ਇਸਦਾ ਕੀ ਪ੍ਰਭਾਵ ਪੈਂਦਾ ਹੈ, ਇਹ ਫਿਲਮ ਵਿੱਚ ਦਿਖਾਇਆ ਗਿਆ ਹੈ। ਇਹ ਸਹੀ ਅਰਥਾਂ ਵਿੱਚ ਰਿਸ਼ਤਿਆਂ ਦੀ ਕਹਾਣੀ ਹੈ ਤੇ ਖੂਬਸੂਰਤੀ ਦੇ ਨਾਲ ਪੇਸ਼ ਕੀਤੀ ਗਈ ਹੈ। ਲੋਕ ਇਸ ਫਿਲਮ ਨੂੰ ਪਸੰਦ ਕਰਨਗੇ।’
ਸਵਰਾ ਨੂੰ ਖੁਦ ‘ਤੇ ਭਰੋਸਾ ਸੀ। ਉਹ ਕਹਿੰਦੀ ਹੈ, ‘ਫਿਲਮ ਇੰਡਸਟਰੀ ਮੇਰੇ ਲਈ ਅਣਜਾਣ ਸੀ। ਇਥੋਂ ਦੇ ਲੋਕ ਮੇਰੇ ਲਈ ਅਣਜਾਣ ਸਨ, ਪਰ ਮੈਂ ਦਿੱਲੀ ਤੋਂ ਠਾਣ ਕੇ ਮੁੰਬਈ ਆਈ ਸੀ ਕਿ ਸਕਰੀਨ ‘ਤੇ ਜ਼ਰੂਰ ਦਿਸਣਾ ਹੈ।’ ਇਹ ਸਵਰਾ ਦੇ ਆਤਮਵਿਸ਼ਵਾਸ ਦੀ ਜਿੱਤ ਹੋਈ। ਉਸ ਨੂੰ ਕੁਝ ਫਿਲਮਾਂ ‘ਨੀਅਤੀ’, ‘ਮਾਧੋਲਾਲ ਕੀਪ ਵਾਕਿੰਗ’, ‘ਗੁਜਾਰਿਸ਼’ ਆਦਿ ਵਿੱਚ ਕਰਨ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਨ੍ਹਾਂ ਫਿਲਮਾਂ ਵਿੱਚ ‘ਗੁਜਾਰਿਸ਼’ ਵੱਡੀ ਫਿਲਮ ਸੀ, ਪਰ ਇਸ ਵਿੱਚ ਸਵਰਾ ਦੀ ਭੂਮਿਕਾ ਛੋਟੀ ਸੀ। ਉਹ ਕਹਿੰਦੀ ਹੈ, ‘ਮੈਂ ‘ਗੁਜਾਰਿਸ਼’ ਨੂੰ ਆਪਣੀਆਂ ਫਿਲਮਾਂ ਦੀ ਲਿਸਟ ਵਿੱਚ ਨਹੀਂ ਰੱਖਦੀ। ਅਸੀਂ ਕੁਝ ਕੰਮ ਦੋਸਤਾ ਦੀ ਵਜ੍ਹਾ ਕਾਰਨ ਵੀ ਕਰਦੇ ਹਾਂ। ਇਹ ਉਸੇ ਤਰ੍ਹਾਂ ਦਾ ਕੰਮ ਸੀ।’ ਫਿਰ ਸਵਰਾ ਨੂੰ ‘ਤਨੂ ਵੈਡਸ ਮਨੂ’ ਵਿੱਚ ਚੰਗਾ ਰੋਲ ਮਿਲਿਆ, ਜਿਸ ਵਿੱਚ ਕੰਗਨਾ ਰਣੌਤ ਨਾਲ ਉਸ ਦੇ ਕੰਮ ਨੂੰ ਸਲਾਹਿਆ ਗਿਆ। ਸਵਰਾ ਕਹਿੰਦੀ ਹੈ, ‘ਜਦ ਮੈਂ ਦਿੱਲੀ ਤੋਂ ਮੁੰਬਈ ਆਈ ਸੀ, ਮੈਨੂੰ ਆਪਣੀ ਕਾਬਲੀਅਤ ‘ਤੇ ਭਰੋਸਾ ਸੀ। ਮੈਨੂੰ ਕਈ ਫਿਲਮਾਂ ਕਰਨ ਨੂੰ ਮਿਲੀਆਂ ਤਾਂ ਮੈਂ ਖੁਸ਼ ਹਾਂ, ਵਰਨਾ ਲੋਕ ਇਥੇ ਕੰਮ ਲੱਭਦੇ ਰਹਿੰਦੇ ਹਨ। ‘ਲਿਸੇਨ ਅਮਾਇਆ’ ਮੇਰੀ ਫਿਲਮ ਹੈ। ਮੈਂ ਇਸਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹਾਂ।’