ਮੈਂ ਕਿਸੇ ਮਹਿਲਾ ਨਾਲ ਜਿਨਸੀ ਦੁਰਵਿਵਹਾਰ ਨਹੀਂ ਕੀਤਾ : ਟਰੂਡੋ


ਓਟਵਾ, 5 ਜੁਲਾਈ (ਪੋਸਟ ਬਿਊਰੋ) : ਮਹਿਲਾ ਰਿਪੋਰਟਰ ਨਾਲ ਜਿਨਸੀ ਦੁਰਵਿਵਹਾਰ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਪਹਿਲੀ ਵਾਰੀ ਇਸ ਮੁੱਦੇ ਉੱਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਅਜਿਹਾ ਕੋਈ ਵਿਵਹਾਰ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ। ਪਰ ਉਨ੍ਹਾਂ ਇਹ ਵੀ ਮੰਨਿਆ ਕਿ ਹੋ ਸਕਦਾ ਹੈ ਕਿ ਦੋਸ਼ ਲਾਉਣ ਵਾਲੀ ਉਸ ਮਹਿਲਾ ਨੇ ਉਨ੍ਹਾਂ ਦੀ ਗੱਲਬਾਤ ਨੂੰ ਹੋਰ ਢੰਗ ਨਾਲ ਲਿਆ ਹੋਵੇ।
ਵੀਰਵਾਰ ਨੂੰ ਓਨਟਾਰੀਓ ਦੇ ਨਵੇਂ ਪ੍ਰੀਮੀਅਰ ਡੱਗ ਫੋਰਡ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੁਈਨਜ਼ ਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ 20 ਸਾਲ ਪਹਿਲਾਂ ਦੀ ਗੱਲ ਹੈ ਪਰ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਕਿਸੇ ਨਾਲ ਵੀ ਗਲਤ ਢੰਗ ਨਾਲ ਗੱਲ ਨਹੀਂ ਕੀਤੀ। ਪਰ ਟਰੂਡੋ ਨੇ ਆਖਿਆ ਕਿ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਤੇ ਉਨ੍ਹਾਂ ਨੂੰ ਆਪਣੇ ਹਿੱਸੇ ਦਾ ਕਹਾਣੀ ਦਾ ਪਹਿਲੂ ਯਾਦ ਹੈ, ਜਾਂ ਉਨ੍ਹਾਂ ਜਿਸ ਨਜ਼ਰੀਏ ਨਾਲ ਗੱਲ ਕੀਤੀ ਉਸ ਬਾਰੇ ਪਤਾ ਹੈ। ਪਰ ਸਾਹਮਣੇ ਵਾਲੇ ਨੇ ਉਸ ਨੂੰ ਕਿਸ ਹਿਸਾਬ ਨਾਲ ਸਮਝਿਆ ਇਹ ਉਸ ਉੱਤੇ ਨਿਰਭਰ ਕਰਦਾ ਹੈ। ਉਸ ਮਹਿਲਾ ਨੂੰ ਕਿਹੋ ਜਿਹਾ ਲੱਗਿਆ ਉਸ ਬਾਰੇ ਉਹ ਕਿਵੇਂ ਕੁੱਝ ਆਖ ਸਕਦੇ ਹਨ।
ਕੈਨੇਡੀਅਨ ਪ੍ਰੈੱਸ ਰਿਪੋਰਟ ਅਨੁਸਾਰ, ਮਿਊਜਿ਼ਕ ਫੈਸਟੀਵਲ ਤੋਂ ਬਾਅਦ ਵਾਲੇ ਦਿਨਾਂ ਵਿੱਚ ਕ੍ਰੈਸਟਨ ਵੈਲੀ ਐਡਵਾਂਸ ਅਖਬਾਰ ਨੇ ਇੱਕ ਸੰਪਾਦਕੀ ਛਾਪੀ ਸੀ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਇਸ ਈਵੈਂਟ ਵਿੱਚ ਇੱਕ ਮਹਿਲਾ ਨਾਲ ਜਿਨਸੀ ਦੁਰਵਿਵਹਾਰ ਕਰਨ ਤੋਂ ਬਾਅਦ ਟਰੂਡੋ ਨੇ ਉਸ ਤੋਂ ਮੁਆਫੀ ਮੰਗੀ ਸੀ। ਸੰਪਾਦਕੀ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਟਰੂਡੋ ਨੇ ਉਸ ਮਹਿਲਾ ਨੂੰ ਆਖਿਆ ਸੀ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਹ ਨੈਸ਼ਨਲ ਅਖਬਾਰ ਲਈ ਕੰਮ ਕਰਦੀ ਹੈ ਤਾਂ ਉਨ੍ਹਾਂ ਉਸ ਨੂੰ ਛੂਹਣਾ ਨਹੀਂ ਸੀ।
ਵੀਰਵਾਰ ਨੂੰ ਟਰੂਡੋ ਨੇ ਇਹ ਮੰਨਿਆ ਕਿ ਉਨ੍ਹਾਂ ਉਸ ਸਮੇਂ ਮਹਿਲਾ ਤੋਂ ਮੁਆਫੀ ਮੰਗੀ ਸੀ। ਪਰ ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਇਹ ਲੱਗ ਰਿਹਾ ਸੀ ਕਿ ਉਹ ਮਹਿਲਾ ਉਨ੍ਹਾਂ ਦੀ ਗੱਲਬਾਤ ਤੋਂ ਸਹਿਜ ਮਹਿਸੂਸ ਨਹੀਂ ਕਰ ਰਹੀ। ਪਰ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਨ੍ਹਾਂ ਉਸ ਮਹਿਲਾ ਨਾਲ ਜਿਨਸੀ ਦੁਰਵਿਵਹਾਰ ਨਹੀਂ ਕੀਤਾ। ਸਬੰਧਤ ਮਹਿਲਾ ਨੇ ਇਸ ਮਾਮਲੇ ਬਾਰੇ ਕੋਈ ਵੀ ਗੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ। ਟਰੂਡੋ ਨੇ ਇਹ ਵੀ ਆਖਿਆ ਕਿ ਨਾ ਤਾਂ ਉਨ੍ਹਾਂ ਨੇ ਤੇ ਨਾ ਹੀ ਉਨ੍ਹਾਂ ਦੀ ਟੀਮ ਦੇ ਕਿਸੇ ਮੈਂਬਰ ਨੇ ਉਸ ਮਹਿਲਾ ਨਾਲ ਇਸ ਮਾਮਲੇ ਬਾਰੇ ਮੁੜ ਕਦੇ ਕੋਈ ਗੱਲਬਾਤ ਕੀਤੀ।