ਮੇਰੇ ਸੇਧਗਾਰ ਅਧਿਆਪਕ ਤੇ ਸਨੇਹੀ ਵਿਦਿਆਰਥੀ

-ਰਾਜ ਕੌਰ ਕਮਾਲਪੁਰ
ਮੈਂ ਐਮ ਏ ਕਰ ਕੇ ਘਰ ਵਿਹਲੀ ਬੈਠੀ ਸੀ। ਮੇਰੇ ਦੋ ਅਧਿਆਪਕਾਂ ਨੇ ਮੈਨੂੰ ਸਰਕਾਰੀ ਸਕੂਲ ਵਿੱਚ ਪੀ ਟੀ ਏ ਫੰਡ ਵਿੱਚੋਂ ਪੜ੍ਹਾਉਣ ਲਈ ਸੱਦਾ ਦਿੱਤਾ। ਭਾਵੇਂ ਮੈਂ ਸਕੂਲ ਜਾਣਾ ਨਹੀਂ ਸੀ ਚਾਹੁੰਦੀ, ਫਿਰ ਵੀ ਆਪਣੇ ਅਧਿਆਪਕਾਂ ਦੇ ਬਚਨਾਂ ਉੱਤੇ ਫੁੱਲ ਚੜ੍ਹਾਏ। ਅਗਲੇ ਦਿਨ ਮੈਂ ਪੜ੍ਹਾਉਣ ਲਈ ਸਕੂਲ ਪਹੁੰਚ ਗਈ। ਮੈਂ ਆਪਣੇ ਅਧਿਆਪਕਾਂ ਦਾ ਇੰਨਾ ਸਤਿਕਾਰ ਕਰਦੀ ਸੀ ਕਿ ਉਨ੍ਹਾਂ ਬਰਾਬਰ ਕੁਰਸੀ ‘ਤੇ ਬੈਠਣਾ ਮੈਨੂੰ ਬੜਾ ਔਖਾ ਅਤੇ ਅਜੀਬ ਲੱਗਾ। ਉਨ੍ਹਾਂ ਨੇ ਮੈਨੂੰ ਸਮਝਾਉਂਦਿਆਂ ਕਿਹਾ, ‘ਸਾਡੀ ਪੜ੍ਹਾਈ ਵਿਦਿਆਰਥਣ ਜਦੋਂ ਅਧਿਆਪਕਾ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਵੇਗੀ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।’ ਉਸੇ ਦਿਨ ਉਨ੍ਹਾਂ ਨੇ ਮੈਨੂੰ ਬੀ ਐਡ ਕਰਨ ਲਈ ਪ੍ਰੇਰਤ ਕੀਤਾ। ਮੈਂ ਤਿਆਰੀ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਰਹੀ। ਆਪ ਪੜ੍ਹਨ ਲਈ ਵੀ ਦਿਨ ਰਾਤ ਇਕ ਕਰ ਦਿੱਤਾ। ਉਸੇ ਸਾਲ ਮੇਰੀ ਬੀ ਐਡ ਹੋ ਗਈ। ਉਸ ਤੋਂ ਪਿੱਛੋਂ ਮੇਰੇ ਅਧਿਆਪਕਾਂ ਨੇ ਮੈਨੂੰ ਪੋਸਟਾਂ ਨਿਕਲਣ ਬਾਰੇ ਦੱਸਿਆ ਅਤੇ ਈ ਟੀ ਟੀ ਅਤੇ ਮਾਸਟਰ ਕਾਡਰ ਲਈ ਅਪਲਾਈ ਕਰਵਾ ਦਿੱਤਾ। ਭਾਵੇਂ ਮੈਂ ਈ ਟੀ ਟੀ ਨਹੀਂ ਕੀਤੀ ਸੀ, ਪਰ ਬੀ ਐਡ ਵਾਲਾ ਪ੍ਰਾਇਮਰੀ ਸਕੂਲ ਵਿੱਚ ਜਾ ਸਕਦਾ ਸੀ। ਮੇਰਾ ਨਤੀਜਾ ਆ ਗਿਆ। ਦੋਵੇਂ ਪਾਸੇ ਮੇਰੀ ਚੋਣ ਹੋ ਗਈ। ਮੇਰੇ ਮਾਪਿਆਂ ਨੇ ਤਾਂ ਖੁਸ਼ ਹੋਣਾ ਸੀ, ਪਰ ਮੇਰੇ ਅਧਿਆਪਕ ਵੀ ਖੁਸ਼ੀ ਨਾਲ ਫੁੱਲੇ ਕਹਿ ਰਹੇ ਸਨ, ‘ਲੈ ਬਈ ਰਾਜ, ਹੁਣ ਤੂੰ ਬਣ ਗਈ ਪੱਕੀ ਅਧਿਆਪਕਾ।’
ਮੈਨੂੰ ਜੁਲਾਈ 1997 ਵਿੱਚ ਉਸੇ ਸਕੂਲ ਪ੍ਰਾਇਮਰੀ ਵਿੱਚ ਪੜ੍ਹਾਉਣ ਦੇ ਹੁਕਮ ਮਿਲ ਗਏ। ਮੈਨੂੰ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਨਾਲੋਂ ਨਿਰਾਸ਼ਾ ਵੱਧ ਹੋਈ, ਕਿਉਂਕਿ ਮੈਂ ਹਾਈ ਸਕੂਲ ਵਿੱਚ ਜਾਣਾ ਚਾਹੁੰਦੀ ਸੀ। ਪੱਕੀ ਨੌਕਰੀ ਪ੍ਰਾਇਮਰੀ ਸਕੂਲ ਵਿੱਚ ਨਹੀਂ ਕਰਨਾ ਚਾਹੁੰਦੀ ਸੀ। ਮੇਰੇ ਮਨ ਵਿੱਚ ਫਤੂਰ ਪੈਦਾ ਹੋ ਗਿਆ ਕਿ ਜੇ ਮੈਂ ਛੋਟੇ ਬੱਚਿਆਂ ਨੂੰ ਹੀ ਪੜ੍ਹਾਉਣਾ ਸੀ ਤਾਂ ਬੀ ਐਡ ਕਿਉਂ ਕੀਤੀ? ਕਈ ਮੈਨੂੰ ਮਖੌਲ ਕਰਦੇ ਤੇ ਇਹ ਵੀ ਕਹਿ ਦਿੰਦੇ, ‘ਪ੍ਰਾਇਮਰੀ ਸਕੂਲ ਵਿੱਚ ਛੋਟੇ-ਛੋਟੇ ਬੱਚਿਆਂ ਦੀਆਂ ਨਲੀਆਂ ਵੀ ਸਾਫ ਕਰਿਆ ਕਰ ਲਿਆ ਕਰੀਂ।’ ਇਹੋ ਜਿਹੀਆਂ ਗੱਲਾਂ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ। ਮੈਂ ਪ੍ਰਾਇਮਰੀ ਸਕੂਲ ਵਿੱਚ ਜੁਆਇਨ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਵਾਰੀ ਫਿਰ ਮੇਰੇ ਅਧਿਆਪਕਾਂ ਅਤੇ ਮੇਰੇ ਪਿਤਾ ਨੇ ਮੈਨੂੰ ਸਮਝਾਇਆ, ‘ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ, ਛੋਟੀ ਤਾਂ ਬੰਦੇ ਦੀ ਸੋਚ ਹੁੰਦੀ ਹੈ। ਅਧਿਆਪਕ, ਅਧਿਆਪਕ ਹੁੰਦਾ ਹੈ, ਚਾਹੇ ਉਹ ਕਿਸੇ ਵੀ ਬੱਚੇ ਨੂੰ ਪੜ੍ਹਾਵੇ।’
ਮੈਨੂੰ ਇਹ ਨਸੀਹਤ ਜੱਚ ਗਈ। ਮੈਨੂੰ ਪੜ੍ਹਾਉਣ ਲਈ ਚੌਥੀ ਜਮਾਤ ਮਿਲੀ। ਦੋ ਚਾਰ ਦਿਨ ਤਾਂ ਮੈਨੂੰ ਓਪਰਾ ਲੱਗਾ, ਫਿਰ ਮੈਂ ਕੁਝ ਦਿਨਾਂ ਵਿੱਚ ਉਨ੍ਹਾਂ ਨਾਲ ਘੁਲ ਮਿਲ ਗਈ। ਉਨ੍ਹਾਂ ਦੇ ਮਾਸੂਮ ਤੇ ਪਿਆਰੇ-ਪਿਆਰੇ ਚਿਹਰਿਆਂ ਨੇ ਮੇਰਾ ਮਨ ਮੋਹ ਲਿਆ। ਹੁਣ ਉਨ੍ਹਾਂ ਨੂੰ ਮੈਂ ਪੂਰੇ ਜੀਅ ਜਾਨ ਨਾਲ ਪੜ੍ਹਾਉਂਦੀ। ਮੇਰੇ ਆਖੇ ਅਨੁਸਾਰ ਹਰ ਬੱਚਾ ਸਕੂਲ ਦਾ ਕੰਮ ਪੂਰਾ ਕਰਦਾ। ਉਹ ਨਹਾ ਕੇ ਵਾਲ ਵਾਹ ਕੇ ਨਹੁੰ ਕੱਟ ਕੇ, ਸਾਫ ਵਰਦੀ ਪਾ ਕੇ ਹੀ ਸਕੂਲ ਆਉਂਦੇ। ਮੇਰੀਆਂ ਦਿੱਤੀਆਂ ਸਾਰੀਆਂ ਨਸੀਹਤਾਂ ਉਪਰ ਅਮਲ ਕਰਦੇ। ਇਮਾਨਦਾਰ ਇੰਨੇ ਕਿ ਜੇ ਕੋਈ ਗਲਤੀ ਹੋ ਜਾਣੀ, ਝੱਟ ਦੱਸ ਦਿੰਦੇ। ਇਕ ਬੱਚੇ ਤੋਂ ਕੋਈ ਚੀਜ਼ ਮੰਗਾਉਣੀ ਤਾਂ ਚਾਰ ਨੇ ਭੱਜ ਕੇ ਜਾਣਾ। ਜੇ ਕਦੀ ਮੇਰੀ ਚੁੰਨੀ ਦਾ ਲੜ ਲਮਕ ਜਾਣਾ ਤਾਂ ਫਟਾਫਟ ਦੱਸਦੇ। ਕਦੀ-ਕਦੀ ਮੈਨੂੰ ਗੀਤ ਜਾਂ ਗੱਲਾਂ ਵੀ ਸੁਣਾਉਂਦੇ। ਮੈਂ ਉਨ੍ਹਾਂ ਨੂੰ ਪ੍ਰੇਰਕ ਪ੍ਰਸੰਗ ਸੁਣਾਉਂਦੀ। ਅਜਿਹੇ ਪ੍ਰਸੰਗਾਂ ਦਾ ਵਿਸ਼ਾ ਚੋਰੀ ਨਾ ਕਰਨਾ, ਸੱਚ ਬੋਲਣਾ, ਕਿਸੇ ਨਾਲ ਲੜਾਈ ਨਾ ਕਰਨਾ, ਸਫਾਈ ਰੱਖਣਾ ਆਦਿ ਹੁੰਦਾ। ਕੁਝ ਸਮਝਣ ਵੇਲੇ ਮੇਰੇ ਕੁਰਸੀ ਮੇਜ਼ ਦੇ ਦੁਆਲੇ ਝੁਰਮਟ ਪਾ ਲੈਂਦੇ। ਨੀਟੂ, ਜਿਹੜਾ ਦੂਜੇ ਵਿਦਿਆਰਥੀਆਂ ਨਾਲੋਂ ਥੋੜ੍ਹਾ ਜ਼ਿਆਦਾ ਸ਼ਰਾਰਤੀ ਸੀ, ਹੌਲੀ-ਹੌਲੀ ਬਹੁਤ ਹੁਸ਼ਿਆਰ ਤੇ ਸਿਆਣਾ ਹੋ ਗਿਆ ਸੀ। ਹੁਣ ਮੈਂ ਉਨ੍ਹਾਂ ਦੀ ਬਹੁਤ ਚਹੇਤੀ ਮੈਡਮ ਬਣ ਗਈ ਸੀ।
ਅਗਲੇ ਸਾਲ ਮੇਰਾ ਵਿਆਹ ਹੋ ਗਿਆ। ਫਿਰ ਮੇਰੇ ਮਾਸਟਰ ਕਾਡਰ ਲਈ ਆਰਡਰ ਹੋ ਗਏ। ਮੇਰੇ ਜਾਣ ਬਾਰੇ ਸੁਣ ਕੇ ਮੇਰੀ ਕਲਾਸ ਦੇ ਬੱਚੇ ਬੜੇ ਉਦਾਸ ਹੋ ਗਏ। ਨੀਟੂ ਨੇ ਮੇਰੇ ਕੋਲ ਆ ਕੇ ਪੁੱਛਿਆ, ‘ਮੈਡਮ ਜੀ ਤੁਸੀਂ ਵੱਡੇ ਸਕੂਲ ਵਿੱਚ ਇਸ ਕਰਕੇ ਜਾ ਰਹੇ ਹੋ, ਉਥੇ ਤੁਹਾਨੂੰ ਤਨਖਾਹ ਜ਼ਿਆਦਾ ਮਿਲੇਗੀ?’ ਮੈਂ ਹੱਸਦਿਆਂ ‘ਹਾਂ’ ਵਿੱਚ ਸਿਰ ਹਿਲਾ ਦਿੱਤਾ। ਉਸ ਨੇ ਕਿਹਾ, ‘ਮੈਡਮ ਜੀ, ਅਸੀਂ ਸਾਰੀ ਜਮਾਤ ਤੁਹਾਨੂੰ ਓਨੇ ਪੈਸੇ ਇਕੱਠੇ ਕਰਕੇ ਦੇ ਦਿਆ ਕਰਾਂਗੇ, ਜਿੰਨੀ ਤਨਖਾਹ ਤੁਹਾਨੂੰ ਵੱਧ ਮਿਲਿਆ ਕਰੇਗੀ, ਪਰ ਤੁਸੀਂ ਸਾਨੂੰ ਛੱਡ ਕੇ ਨਾ ਜਾਵੋ।’ ਇੰਨਾ ਆਖ ਕੇ ਉਹ ਹੁਬਕੀ-ਹੁਬਕੀ ਰੋਣ ਲੱਗ ਪਿਆ। ਮੇਰੇ ਜਾਣ ਵਾਲੀ ਗੱਲ ਸੁਣ ਕੇ ਦੂਜੇ ਬੱਚੇ ਵੀ ਰੋਣ ਲੱਗ ਪਏ। ਮੈਂ ਵੀ ਬੜੀ ਭਾਵੁਕ ਹੋ ਗਈ। ਫਿਰ ਸੰਭਲ ਕੇ ਆਪਣੇ ਜਾਣ ਦਾ ਸਹੀ ਕਾਰਨ ਉਨ੍ਹਾਂ ਨੂੰ ਸਮਝਾਇਆ। ਮੈਨੂੰ ਉਸ ਦਿਨ ਮਹਿਸੂਸ ਹੋਇਆ ਕਿ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਸਚਮੁੱਚ ਕਿੰਨਾ ਅਨਮੋਲ ਹੁੰਦਾ ਹੈ। ਉਹ ਮੈਨੂੰ ਏਨੇ ਆਪਣੇ ਜਾਪਦੇ ਸਨ ਕਿ ਉਨ੍ਹਾਂ ਤੋਂ ਵਿਛੜਨਾ ਮੈਨੂੰ ਸਚਮੁੱਚ ਔਖਾ ਲੱਗ ਰਿਹਾ ਸੀ। ਉਸ ਘਟਨਾਕ੍ਰਮ ਦੀ ਹੁਣ ਵੀ ਕਦੇ ਯਾਦ ਆਉਂਦੀ ਹੈ ਤਾਂ ਅੱਖਾਂ ਖੁਦ-ਬਖੁਦ ਨਮ ਹੋ ਜਾਂਦੀਆਂ ਹਨ। ਨਾਲ ਹੀ ਆਪਣੇ ਅਧਿਆਪਕਾਂ ਦੀ ਨੇਕ ਨਸੀਹਤ ਯਾਦ ਆਉਂਦੀ ਹੈ, ਜਿਸ ਦੀ ਬਦੌਲਤ ਮੈਂ ਅਧਿਆਪਕ ਬਣੀ ਅਤੇ ਅਧਿਆਪਕ ਤੇ ਵਿਦਿਆਰਥੀ ਦੇ ਸਨੇਹਮਈ ਰਿਸ਼ਤੇ ਦੀ ਮਹੱਤਤਾ ਤੋਂ ਵਾਕਫ ਹੋਈ।