ਮੇਰੇ ਸ਼ਹਿਰ ਦਾ ਸੂਰਜ

-ਸਰਿਤਾ ਤੇਜੀ

ਤੇਰੇ ਹੱਡਾਂ ਦੇ ਪਾਲੇ ਲਈ,
ਆਹ ਮੇਰੇ ਸ਼ਹਿਰ ਦਾ ਸੂਰਜ।
ਨਾਰੰਗੀ ਰੰਗ ਦਾ ਟਿੱਕਾ,
ਬਣ ਮੱਥੇ ਠਹਿਰਦਾ ਸੂਰਜਾ।

ਹੈ ਰਿਸ਼ਮਾਂ ਇਸਦੀਆਂ ਦੀ ਖੇਡ,
ਚੁਫੇਰੇ ਪਸਰਿਆ ਜੱਗ ‘ਤੇ,
ਕਦੇ ਤਨ ਸਾੜਦਾ ਸੂਰਜ,
ਕਦੇ ਮਨ ਠਾਰਦਾ ਸੂਰਜ।

ਜੂਹਾਂ ਹਨੇਰੀਆਂ ਵਿੱਚ ਜਾ,
ਇਹ ਮੁੰਗੇ ਬਾਗ ਰੁਸ਼ਨਾਉਂਦਾ,
ਕਿਉਂ ਕੁੱਲਾਂ ਕੱਚੀਆਂ ਵਿਹੜੇ,
ਕਦੇ ਨਾ ਠਹਿਰਦਾ ਸੂਰਜ।

ਤੇਰੇ ਅੰਦਰ ਨਾ ਨਿੱਘ ਮੌਲੇ,
ਮੇਰੀ ਰੂਹ ਵਿੱਚ ਵੀ ਸਿੱਲ੍ਹ ਪਸਰੀ।
ਮਘਾਈਏ ਮਿਲ ਕੇ ਚਿੰਗਾਰੀ,
ਰੁਸ਼ਨਾਈਏ ਬਹਿਰ ਦਾ ਸੂਰਜ।

ਧੂੰਆਂ-ਧੂੰਆਂ ਫਿਜ਼ਾਵਾਂ ਨੇ,
ਭਰਨ ਹਉਕੇ ਹਵਾਵਾਂ ਇਹ।
ਨੇ ਸਾਡੇ ਸਾਹ ਪਏ ਗਿਰਵੀ,
ਦਿਖੇ ਹੁਣ ਗਹਿਰ ਦਾ ਸੂਰਜ।

ਆਬਰੂ ਧਰਤਿ ਦੀ ਲਾਹੀ,
ਤੇ ਛੇਕੋ ਛੇਕ ਅੰਬਰ ਵੀ।
ਆਓ! ਹੁਣ ਛਾਂ ਕੋਈ ਬੀਜੋ,
ਬੜਾ ਹੈ ਕਹਿਰ ਦਾ ਸੂਰਜ।