ਮੇਰੇ ਵਿਰੁੱਧ ਕੇਸ ਗਲਤ ਦਰਜ ਹੋਇਐ : ਸੁਰਵੀਨ ਚਾਵਲਾ

ਹੁਸ਼ਿਆਰਪੁਰ, 10 ਮਈ (ਪੋਸਟ ਬਿਊਰੋ)- ਇਸ ਸ਼ਹਿਰ ਵਿਚਲੇ ਥਾਣਾ ਸਿਟੀ ਵਿੱਚ ਚਾਰ ਮਈ ਨੂੰ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੈ ਠੱਕਰ ਅਤੇ ਭਰਾ ਮਨਵਿੰਦਰ ਚਾਵਲਾ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਮਗਰੋਂ ਕੱਲ੍ਹ ਸ਼ਾਮ ਸੁਰਵੀਨ ਚਾਵਲਾ ਨੇ ਕਿਹਾ ਕਿ ਮੇਰੇ ਖਿਲਾਫ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਦੋਂ ਪੁਲਸ ਨੇ ਮੇਰਾ ਬਿਆਨ ਹੀ ਦਰਜ ਨਹੀਂ ਕੀਤਾ ਅਤੇ ਕੇਸ ਦੀ ਕੋਈ ਛਾਣਬੀਣ ਵੀ ਨਹੀਂ ਕੀਤੀ ਫਿਰ ਮੇਰੇ ਅਤੇ ਮੇਰੇ ਪਰਵਾਰਕ ਮੈਂਬਰਾਂ ਦੇ ਖਿਲਾਫ ਕੇਸ ਕਿਵੇਂ ਦਰਜ ਕੀਤਾ ਜਾ ਸਕਦਾ ਹੈ।
ਸੁਰਵੀਨ ਚਾਵਲਾ ਨੇ ਜ਼ੋਰ ਨਾਲ ਕਿਹਾ ਕਿ ਇਸ ਕੇਸ ਵਿੱਚ ਬਿਲਕੁਲ ਕੋਈ ਸੱਚਾਈ ਨਹੀਂ ਹੈ। ਮੈਨੂੰ ਟਾਰਗੈਟ ਕੀਤਾ ਜਾ ਰਿਹਾ ਹੈ, ਕਿਉਂਕਿ ਮੈਂ ਸੈਲੀਬ੍ਰਿਟੀ ਹਾਂ, ਪਰ ਸੱਚ ਆਪਣੇ-ਆਪ ਪੁਲਸ ਕਾਰਵਾਈ ਵਿੱਚ ਬਾਹਰ ਆ ਜਾਵੇਗਾ।
ਇਸ ਦੌਰਾਨ ਸ਼ਿਕਾਇਤ ਕਰਤਾ ਸਤਪਾਲ ਗੁਪਤਾ ਤੇ ਉਨ੍ਹਾਂ ਦੇ ਪੁੱਤਰ ਪੰਕਜ ਗੁਪਤਾ ਨੇ ਦੱਸਿਆ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਚਾਰ ਮਹੀਨੇ ਪਹਿਲਾਂ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਪੁਲਸ ਨੇ ਵਾਰ-ਵਾਰ ਦੋਸ਼ੀਆਂ ਨੂੰ ਆਪਣਾ ਪੱਖ ਰੱਖਣ ਦੇ ਲਈ ਸੱਦਿਆ ਸੀ, ਪਰ ਇਹ ਇੱਕ ਵਾਰ ਵੀ ਪੁਲਸ ਕੋਲ ਬਿਆਨ ਦਰਜ ਕਰਾਉਣ ਨਹੀਂ ਆਏ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾ ਨੇ ਫਿਲਮ ‘ਨਿਲ ਬਟੇ ਸੰਨਾਟਾ’ ਵਿੱਚ ਪੈਸੇ ਇਨਵੈਸਟ ਕੀਤੇ ਸਨ। ਫਿਲਮ 22 ਅਪ੍ਰੈਲ 2016 ਨੂੰ ਰਿਲੀਜ਼ ਹੋਈ ਤਾਂ ਦੱਸਿਆ ਗਿਆ ਕਿ ਤੁਹਾਡੇ ਪੈਸੇ ਰਿਲੀਜ਼ ਤੋਂ ਚਾਰ ਮਹੀਨੇ ਬਾਅਦ ਵਾਪਸ ਕੀਤੇ ਜਾਣਗੇ, ਪਰ ਨਹੀਂ ਕੀਤੇ ਗਏ। ਉਸ ਤੋਂ ਬਾਅਦ ਇਨ੍ਹਾਂ ਦਾ ਗੱਲ ਕਰਨ ਦਾ ਤਰੀਕਾ ਵੀ ਬਦਲ ਗਿਆ। ਇਹੀ ਨਹੀਂ ਚਾਲੀ ਲੱਖ ਰੁਪਏ ਫਿਲਮ ਕੰਪਨੀ ਦੇ ਖਾਤੇ ਦੀ ਥਾਂ ਸੁਰਵੀਨ ਚਾਵਲਾ ਦੇ ਪਤੀ ਅਕਸ਼ੈ ਠੱਕਰ ਦੇ ਖਾਤੇ ਵਿੱਚ ਕਿਵੇਂ ਟਰਾਂਸਫਰ ਹੋ ਗਏ, ਉਹ ਵੀ ਜਾਂਚ ਦਾ ਵਿਸ਼ਾ ਹੈ।