ਮੇਰੀ ਮਾਂ ਬੋਲੀ ਪੰਜਾਬੀ

-ਡਾ. ਫਕੀਰ ਚੰਦ ਸ਼ੁਕਲਾ
ਮੈਂ ਪਿੰਡ ਦਾ ਜੰਮਪਲ ਹਾਂ ਤੇ ਸਕੂਲੀ ਸਿੱਖਿਆ ਵੀ ਆਪਣੇ ਪਿੰਡ ਖਿਜ਼ਰਾਬਾਦ ਵਿੱਚ ਰਹਿ ਕੇ ਹਾਸਲ ਕੀਤੀ ਐ ਅਤੇ ਮੇਰੀ ਮਾਂ ਬੋਲੀ ਵੀ ਪੰਜਾਬੀ ਹੈ, ਪਰ ਫੇਰ ਵੀ ਮੈਂ ਜ਼ਿਆਦਾਤਰ ਹਿੰਦੀ ਵਿੱਚ ਲਿਖਦਾ ਰਿਹੈਂ ਅਤੇ ਹੈਲਥ ਬਾਰੇ ਤਾਂ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਹੀ ਜ਼ਿਆਦਾ ਲਿਖਿਆ। ਉਂਝ ਵੇਖਿਆ ਜਾਵੇ ਤਾਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖਣ ਨਾਲ ਇੱਕ ਆਰਟੀਕਲ ਦੀ ਹੀ ਐਨੀ ਪੇਮੈਂਟ ਹੋ ਜਾਂਦੀ ਹੈ ਜਿੰਨੀ ਸ਼ਾਇਦ ਪੰਜਾਬੀ ਵਿੱਚ ਪੂਰੀ ਕਿਤਾਬ ਲਿਖਣ ‘ਤੇ ਵੀ ਨਾ ਮਿਲੇ (ਜੇ ਭਲਾ ਪੰਜਾਬੀ ਵਿੱਚ ਲਿਖਣ ਦੇ ਕੋਈ ਪੈਸੇ ਦਿੰਦਾ ਹੋਇਆ, ਤਾਂ)।
ਇਹ ਨਹੀਂ ਕਿ ਮੈਂ ਪੰਜਾਬੀ ਵਿੱਚ ਉਕਾ ਹੀ ਨਹੀਂ ਲਿਖਿਆ। ਪੰਜਾਬੀ ਵਿੱਚ ਵੀ ਮੇਰੀਆਂ ਕਈ ਕਿਤਾਬਾਂ ਛਪੀਆਂ ਹਨ, ਪਰ ਹਿੰਦੀ ਵਿੱਚ ਛਪੀਆਂ ਕਿਤਾਬਾਂ ਦੀ ਤੁਲਨਾ ਵਿੱਚ ਕਾਫੀ ਘੱਟ ਹਨ। ਕਈ ਵਾਰੀ ਤਾਂ ਮੈਂ ਸੋਚਦਾ ਹਾਂ ਕਿ ਪੰਜਾਬੀ ਵਿੱਚ ਲਿਖਣਾ ਤਾਂ ਘਾਟੇ ਦਾ ਸੌਦਾ ਹੀ ਜਾਪਦੈ। ਜੇ ਕਿਸੇ ਚੰਗੇ ਰਸਾਲੇ ਨੂੰ ਕਹਾਣੀ ਜਾਂ ਲੇਖ ਭੇਜ ਦੇਈਏ, ਤਾਂ ਉਸ ਰਚਨਾ ਬਦਲੇ ਕਿਸੇ ਨੇ ਕੁਝ ਦੇਣਾ ਤਾਂ ਇੱਕ ਪਾਸੇ ਰਿਹਾ, ਸਗੋਂ ਮੂੰਹ ਚੌੜਾ ਕਰ ਕੇ ਆਖਣਗੇ: ‘‘ਅਸੀਂ ਤਾਂ ਜੀ ਉਨ੍ਹਾਂ ਦੀਆਂ ਲਿਖਤਾਂ ਈ ਛਾਪਦੇ ਆਂ ਜਿਹੜੇ ਸਾਡੇ ਪਰਚੇ ਲਈ ਚੰਦਾ ਭੇਜੇ…ਤੇ ਉਹ ਵੀ ਘੱਟੋ-ਘੱਟ ਦੋ ਸਾਲ ਦਾ।”
ਪਰ ਪਿੱਛੇ ਜਿਹੇ ਅਖਬਾਰਾਂ ਵਿੱਚ ਖਬਰਾਂ ਪੜ੍ਹ ਕੇ ਮੇਰਾ ਦਿਲ ਜਿਵੇਂ ਵਲੂੰਧਰਿਆ ਗਿਆ ਜਾਪਦਾ ਸੀ। ਖਬਰ ਹੀ ਦਿਲ ਨੂੰ ਟੁੱਭਣ ਵਾਲੀ ਸੀ। ਵਿਦਵਾਨਾਂ ਨੇ ਯੂਨੈਸਕੋ ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਪੰਜਾਹ ਸਾਲਾਂ ਮਗਰੋਂ ਸਾਡੀ ਮਾਂ ਬੋਲੀ ਪੰਜਾਬੀ ਇਸ ਫਾਨੀ ਦੁਨੀਆ ਤੋਂ ਕੂਚ ਕਰ ਜਾਵੇਗੀ। ਰੱਬਾ ਮਿਹਰ ਕਰੀਂ। ਸਾਨੂੰ ਅਜਿਹਾ ਦਿਨ ਨਾ ਵਿਖਾਈਂ। ਮੈਂ ਸੋਚੀਂ ਪੈ ਗਿਆ ਸਾਂ। ਰੱਬਾ ਤੂੰ ਤਾਂ ਪਹਿਲਾਂ ਹੀ ਨਾ ਸਿਰਫ ਮੇਰੀ ਮਾਂ ਸਗੋਂ ਮੇਰੇ ਬੱਚਿਆਂ ਦੀ ਮਾਂ ਵੀ ਆਪਣੇ ਕੋਲ ਸੱਦ ਲਈ ਐ। ਤੇ ਕੀ ਹੁਣ ਉਨ੍ਹਾਂ ਵਾਂਗ ਮਾਂ ਬੋਲੀ ਪੰਜਾਬੀ ਵੀ ਮੁੜ ਕਦੇ ਨਾ ਪਰਤਣ ਵਾਲੀ ਰਾਹ ਪੈ ਜਾਵੇਗੀ, ਸੋਚਦਿਆਂ-ਸੋਚਦਿਆਂ ਮੇਰੇ ਹੌਲ ਜਿਹਾ ਪੈਣ ਲੱਗਦਾ।
ਉਂਜ ਤਾਂ ਪੰਜਾਬੀ ਜ਼ੁਬਾਨ ਵਿੱਚ ਮੇਰੀਆਂ ਕਿਤਾਬਾਂ ਪਹਿਲਾਂ ਵੀ ਛਪੀਆਂ ਸਨ, ਪਰ ਇਸ ਵਾਰ ਮੈਂ ਜਿਵੇਂ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ। ਪੰਜਾਬੀ ਵਿੱਚ ਆਪਣੀਆਂ ਕਹਾਣੀਆਂ ਦਾ ਖਰੜਾ ਤਿਆਰ ਕਰ ਕੇ ਇੱਕ ਪ੍ਰਕਾਸ਼ਕ ਦੇ ਦੁਆਰੇ ਜਾ ਪੁੱਜਾ। ਉਸ ਖਰੜੇ ਵੱਲ ਸਰਸਰੀ ਝਾਤ ਮਾਰਦਿਆਂ ਆਖਿਆ: ‘‘ਤੁਸੀਂ ਤਾਂ ਐਨੇ ਮਸ਼ਹੂਰ ਹੋ ਤੇ ਨਾਲੇ ‘ਸ਼੍ਰੋਮਣੀ ਸਾਹਿਤਕਾਰ’ ਦੇ ਐਵਾਰਡ ਨਾਲ ਨਿਵਾਜੇ ਲੇਖਕ ਹੋ, ਮੈਂ ਪੜ੍ਹ ਕੇ ਕੀ ਵੇਖਣੈ, ਛਾਪ ਦੇਵਾਂਗਾ।”
‘‘ਤੇ ਛਾਪ ਦਿਓ ਫੇਰ, ਦੇਰ ਕਾਦ੍ਹੀ ਐ…?”
ਉਸ ਇੱਕ ਵਾਰ ਮੇਰੇ ਚਿਹਰੇ ਵੱਲ ਤੱਕਿਆ ਤੇ ਫੇਰ ਇੱਕ-ਦੋ ਪਲ ਸੋਚ ਕੇ ਕਹਿਣ ਲੱਗਾ: ‘‘ਗੱਲ ਇਸ ਤਰ੍ਹਾਂ ਐ ਜੀ ਕਿ ਪੰਜਾਬੀ ਵਿੱਚ ਤਾਂ ਉਕਾ ਈ ਕਿਤਾਬ ਨੀ ਵਿਕਦੀ। ਹਿੰਦੀ ‘ਚ ਹੁੰਦੀ ਤਾਂ ਹੋਰ ਗੱਲ ਸੀ।”
‘‘ਹਿੰਦੀ ‘ਚ ਤਾਂ ਜੀ ਮੈਨੂੰ ਛਾਪਣ ਵਾਲੇ ਬਥੇਰੇ ਨੇ…” ਮੈਂ ਆਖਿਆ, ‘‘…ਪਰ ਮੈਂ ਤਾਂ ਪੰਜਾਬੀ ਵਿੱਚ ਈ ਕਿਤਾਬ ਛਪਵਾਉਣੀ ਐ।”
‘‘ਫੇਰ ਤਾਂ ਜੀ ਥੋਨੂੰ ਦੋ ਸੌ ਕਾਪੀਆਂ ਖਰੀਦਣੀਆਂ ਪੈਣਗੀਆਂ”, ਉਸ ਆਪਣੇ ਵੱਲੋਂ ਤੁਰੰਤ ਫੈਸਲਾ ਸੁਣਾ ਦਿੱਤਾ।
‘‘ਪਰ ਮੈਂ ਐਨੀਆਂ ਕਿਤਾਬਾਂ ਦਾ ਕੀ ਕਰਾਂਗਾ?”
‘‘ਯਾਰਾਂ-ਦੋਸਤਾਂ ਨੂੰ ਭੇਟ ਕਰ ਦਈਓ”
ਮੈਂ ਸੋਚੀਂ ਪੈ ਗਿਆ ਸਾਂ, ਪਰ ਮਾਂ ਬੋਲੀ ਪੰਜਾਬੀ ਲਈ ਆਪਣੀ ਸ਼ਰਧਾ ਸਦਕਾ ਇਹ ਕੌੜਾ ਘੁੱਟ ਭਰ ਲਿਆ।
…ਤੇ ਹੁਣ ਮੇਰੇ ਮੂਹਰੇ ਦੋ ਸੌ ਕਿਤਾਬਾਂ ਦਾ ਢੇਰ ਲੱਗਾ ਹੋਇਐ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਸ-ਕਿਸ ਨੂੰ ਕਿਤਾਬ ਦੀ ਕਾਪੀ ਦੇਵਾਂ। ਮੁਫਤ ਵਿੱਚ ਕਿਤਾਬ ਵੰਡਣੀ ਵੀ ਮੇਰੇ ਲਈ ਮੁਸੀਬਤ ਬਣ ਗਈ ਜਾਪਦੀ ਹੈ।
ਮੈਂ ਮੁੜ ਸੋਚੀਂ ਪੈ ਗਿਆ ਸੀ। ਕੁਝ ਸਮਾਂ ਹੋਏ ਮੇਰੀ ਕਿਤਾਬ ‘ਡਾਕਟਰ ਬੀਜੀ ਅਤੇ ਹੋਰ ਵਿਗਿਆਨਕ ਬਾਲ ਨਾਟਕ” ਛਪੀ ਸੀ ਤੇ ਇਸ ਕਿਤਾਬ ‘ਤੇ ਐਵਾਰਡ ਵੀ ਮਿਲਿਆ ਸੀ। ਏਸ ਕਿਤਾਬ ਦੀਆਂ ਮੈਂ ਡੇਢ ਸੌ ਤੋਂ ਵੱਧ ਕਾਪੀਆਂ ਭੇਟ ਕੀਤੀਆਂ ਸਨ, ਪਰ ਮੈਨੂੰ ਡੇਢ ਤਾਂ ਕੀ ਕਿਸੇ ਇੱਕ ਵਿਦਵਾਨ ਨੇ ਵੀ ਉਸ ਕਿਤਾਬ ਬਾਰੇ ਨਾ ਤਾਂ ਆਪਣੀ ਪ੍ਰਤੀਕਿਰਿਆ ਦੀ ਚਿੱਠੀ ਲਿਖੀ ਸੀ ਤੇ ਨਾ ਹੀ ਉਨ੍ਹਾਂ ਦਾ ਕੋਈ ਸੁਨੇਹਾ ਆਇਆ ਸੀ।
ਇੱਕ ਵਾਰੀ ਮੈਂ ਇੱਕ ਮਸ਼ਹੂਰ ਲੇਖਕ ਨੂੰ ਪੁੱਛ ਹੀ ਲਿਆ ਸੀ, ‘‘ਸਰ, ਮੈਂ ਆਪ ਜੀ ਨੂੰ ਆਪਣੀ ਕਿਤਾਬ ਭੇਟ ਕੀਤੀ ਸੀ…ਕਿਵੇਂ ਦੀ ਲੱਗੀ?” ਕੁਝ ਪਲ ਲਈ ਤਾਂ ਉਹ ਸੋਚੀਂ ਪੈ ਗਿਆ ਸੀ। ਫੇਰ ਇਕਦਮ ਬੋਲ ਪਿਆ, ‘‘ਉਹ ਹਾਂ ਯਾਰ…ਤੇਰੀਆਂ ਕਹਾਣੀਆਂ ਬਹੁਤ ਵਧੀਆ ਸਨ…।”
ਹੁਣ ਸੋਚੀਂ ਪੈਣ ਦੀ ਜਿਵੇਂ ਮੇਰੀ ਵਾਰੀ ਸੀ। ਮੈਂ ਤਾਂ ਇਨ੍ਹਾਂ ਨੂੰ ਨਾਟਕਾਂ ਦੀ ਕਿਤਾਬ ਭੇਟ ਕੀਤੀ ਸੀ। ਪਰ ਏਹ ਤਾਂ ਕਹਾਣੀਆਂ ਦੀ ਕਿਤਾਬ ਦੱਸੀ ਜਾ ਰਹੇ ਨੇ।
‘‘ਸਰ ਤੁਸੀਂ ਕਿਹੜੀ ਕਿਤਾਬ ਦੀ ਗੱਲ ਕਰਦੇ ਓ?” ਮੈਂ ਰਤਾ ਝਿਜਕਦਿਆਂ-ਝਿਜਕਦਿਆਂ ਪੁੱਛਿਆ। ‘‘ਉਹ ਯਾਰ, ਕੀ ਨਾਂ ਸੀ ਤੇਰੀ ਕਿਤਾਬ ਦਾ? ਹਾਂ-ਹਾਂ ਚੇਤੇ ਆਇਆ, ਡਾਕਟਰ ਬੀਬੀ, ਏਹੋ ਨਾਂ ਸੀ ਨਾ ਤੇਰੀ ਕਿਤਾਬ ਦਾ…। ਬਈ ਕਮਾਲ ਏ, ਬੜੀਆਂ ਸੋਹਣੀਆਂ ਕਹਾਣੀਆਂ ਲਿਖੀਐਂ ਤੂੰ…।”
ਹੁਣ ਮੇਰੇ ਕੋਲ ਬੋਲਣ ਲਈ ਕੀ ਰਹਿ ਗਿਆ ਸੀ ਤੁਸੀਂ ਖੁਦ ਹੀ ਸਮਝ ਸਕਦੇ ਹੋ।
***
ਮੈਨੂੰ ਕਿਸੇ ਦੀ ਈਮੇਲ ਆਈ ਸੀ ਕਿ ‘‘ਮੈਂ ਬਾਲ ਨਾਟਕਾਂ ‘ਤੇ ਪੀ ਐਚ ਡੀ ਕਰ ਰਹੀ ਹਾਂ। ਮੇਰਾ ਥੀਸਿਸ ਲਗਭਗ ਤਿਆਰ ਐ। ਤੁਹਾਡੀ ਕਿਤਾਬ ‘ਡਾਕਟਰ ਬੀ ਜੀ…’ ਮੇਰੇ ਕੋਲ ਪਈ ਐ, ਪਰ ਮੇਰੇ ਕੋਲ ਏਸ ਵੇਲੇ ਇਸ ਨੂੰ ਪੜ੍ਹਨ ਦੀ ਵਿਹਲ ਨਹੀਂ। ਤੁਸੀਂ ਆਪਣੇ ਬਾਲ ਨਾਟਕਾਂ ਬਾਰੇ ਸੰਖੇਪ ਵਿੱਚ ਲਿਖ ਕੇ ਮੈਨੂੰ ਭੇਜ ਦਿਓ, ਤਾਂ ਜੋ ਮੈਂ ਆਪਣੇ ਥੀਸਿਸ ਵਿੱਚ ਸ਼ਾਮਲ ਕਰ ਸਕਾਂ।” ਮੈਂ ਜਵਾਬ ਵਿੱਚ ਲਿਖ ਦਿੱਤਾ, ‘‘ਬੀਬੀ, ਥੀਸਿਸ ਤਾਂ ਥੋਡਾ ਤਿਆਰ ਐ। ਤੁਸੀਂ ਹੁਣ ਇਸ ਦੇ ਮੰਡੀਕਰਣ ਦਾ ਫਿਕਰ ਕਰੋ। ਪੀ ਐਚ ਡੀ ਦੀ ਡਿਗਰੀ ਤੁਹਾਨੂੰ ਮੇਰੇ ਨਾਟਕਾਂ ਬਾਰੇ ਨਾ ਲਿਖਣ ਨਾਲ ਵੀ ਮਿਲ ਜਾਣੀ ਐ। ਇਸ ਲਈ ਪਹਿਲਾਂ ਥੀਸਿਸ ਸਬਮਿੱਟ ਕਰ ਦੇਵੇ। ਮੇਰੀ ਕਿਤਾਬ ਫੇਰ ਕਦੇ ਪੜ੍ਹ ਲਈਓ। ਜੇ ਸਮਾਂ ਲੱਗਿਆ ਤੇ ਜਾਂ ਤੁਹਾਡਾ ਮਨ ਕੀਤਾ।”
***
ਮੇਰੀਆਂ ਕਹਾਣੀਆਂ ਦੀ ਇੱਕ ਕਿਤਾਬ ਨੂੰ ਐਵਾਰਡ ਮਿਲਿਆ ਸੀ। ਇੱਕ ਕਾਲਜ ‘ਚ ਹੋਏ ਉਸ ਸਮਾਗਮ ਵਿੱਚ ਪੰਜਾਬੀ ਵਿੱਚ ਐਮ ਏ ਕਰਨ ਵਾਲੇ ਕਾਫੀ ਵਿਦਿਆਰਥੀ ਸਨ ਅਤੇ ਉਨ੍ਹਾਂ ਦੇ ਟੀਚਰਜ਼ ਵੀ। ਐਵਾਰਡ ਲੈਣ ਮਗਰੋਂ ਮੈਂ ਸਟੇਜ ‘ਤੇ ਬੋਲਦਿਆਂ ਆਖਿਆ ਸੀ ਕਿ ਜਿਹੜਾ ਵੀ ਅਧਿਆਪਕ ਜਾਂ ਵਿਦਿਆਰਥੀ ਮੇਰੀ ਇਸ ਕਿਤਾਬ ਨੂੰ ਪੜ੍ਹਨਾ ਚਾਹੁੰਦੈ, ਉਹ ਸਮਾਗਮ ਮਗਰੋਂ ਮੈਥੋਂ ਕਿਤਾਬ ਦੀ ਕਾਪੀ ਲੈ ਸਕਦੈ। ਮੈਨੂੰ ਉਸ ਨੂੰ ਕਿਤਾਬ ਭੇਟ ਕਰ ਕੇ ਖੁਸ਼ੀ ਹੋਵੇਗੀ। ਪਰ ਸਮਾਗਮ ਮਗਰੋਂ ਕੋਈ ਇੱਕ ਜਣਾ ਵੀ ਮੈਥੋਂ ਕਿਤਾਬ ਲੈਣ ਨਹੀਂ ਆਇਆ ਸੀ।
***
ਕਿਸੇ ਨੇ ਮੈਨੂੰ ‘ਮਾਂ ਬੋਲੀ ਵਿੱਚ ਡਾਕਟਰੀ ਕੀਤੇ’ ਇੱਕ ਡਾਕਟਰ ਸਾਹਿਬ ਮਿਲਾਏ ਸਨ। ਉਨ੍ਹਾਂ ਨਾਟਕਾਂ ‘ਤੇ ਪੀ ਐਚ ਡੀ ਕੀਤੀ ਹੋਈ ਸੀ। ਮੈਨੂੰ ਜਾਪਿਆ ਸੀ ਕਿ ਇਹ ਡਾਕਟਰ ਸਾਹਿਬ ਮੇਰੇ ਲਈ ਰਾਹ ਦਸੇਰਾ ਹੋ ਸਕਦੇ ਨੇ। ਮੈਂ ਤਾਂ ਇੱਕ ਵਿਗਿਆਨੀ ਹਾਂ। ਇਹੋ ਜਿਹੇ ਵਿਦਵਾਨ ਬੰਦੇ ਮੇਰੇ ਸਾਹਿਤਕ ਸ਼ੌਕ ਨੂੰ ਸਹੀ ਦਿਸ਼ਾ ਦੇ ਸਕਦੇ ਨੇ। ਮੈਂ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਆਪਣੀ ਨਾਟਕਾਂ ਦੀ ਕਿਤਾਬ ਭੇਂਟ ਕੀਤੀ ਅਤੇ ਉਚੇਚੇ ਤੌਰ ‘ਤੇ ਬੇਨਤੀ ਵੀ ਕੀਤੀ ਕਿ ਏਸ ਕਿਤਾਬ ਨੂੰ ਪੜ੍ਹ ਕੇ ਮੇਰੀਆਂ ਖਾਮੀਆਂ ਬਾਰੇ ਜ਼ਰੂਰ ਦੱਸੀਓ, ਤਾਂ ਜੋ ਮੈਂ ਅਗਲੀਆਂ ਲਿਖਤਾਂ ‘ਚ ਸੁਧਾਰ ਕਰ ਸਕਾਂ, ਪਰ ਕਈ ਮਹੀਨੇ ਲੰਘ ਗਏ। ਜਦੋਂ ਵੀ ਉਨ੍ਹਾਂ ਨੂੰ ਏਸ ਬਾਰੇ ਫੋਨ ਕੀਤਾ ਤਾਂ ਇਹੋ ਜਵਾਬ ਮਿਲਿਐ ਕਿ ਹਾਲੇ ਕਿਤਾਬ ਪੜ੍ਹਨ ਦੀ ਵਿਹਲ ਹੀ ਨਹੀਂ ਮਿਲੀ। ਧੰਨ ਨੇ ਪੰਜਾਬੀ ਪੜ੍ਹਾਈ ਵਾਲੇ ਇਹੋ ਜਿਹੇ ਗੁਰੂਦੇਵ।
***
ਪਿੱਛੇ ਜਿਹੇ ਇੱਕ ਵਿਦਵਾਨ ਦਾ ਕਿਸੇ ਸੈਮੀਨਾਰ ਵਿੱਚ ਪੰਜਾਬੀ ਬੋਲੀ ਦੀ ਮਹੱਤਤਾ ਬਾਰੇ ਲੱਛੇਦਾਰ ਭਾਸ਼ਣ ਸੁਣਿਆ ਸੀ। ਪਰ ਇੱਕ ਦਿਨ ਉਨ੍ਹਾਂ ਦੇ ਘਰ ਜਾਣ ‘ਤੇ ਅੱਖਾਂ ਟੱਡੀਆਂ ਹੀ ਰਹਿ ਗਈਆਂ ਸਨ। ਉਹ ਆਪਣੇ ਨਿਆਣਿਆਂ ਨੂੰ ਘਰ ਵਿੱਚ ਪੰਜਾਬੀ ਵਿੱਚ ਗੱਲਾਂ ਕਰਨ ‘ਤੇ ਝਿੜਕਾਂ ਮਾਰ ਰਹੇ ਸਨ। ਬੱਚੇ ਕਿਉਂਕਿ ਕਾਨਵੈਂਟ ਸਕੂਲ ਵਿੱਚ ਪੜ੍ਹਦੇ ਸਨ ਇਸ ਲਈ ਘਰ ਵਿੱਚ ਹੀ ਅੰਗਰੇਜ਼ੀ ਬੋਲਣ ਨਾਲ ਚੰਗਾ ਅਭਿਆਸ ਹੋ ਜਾਣਾ ਸੀ।
ਮੈਥੋਂ ਜਿਵੇਂ ਬਰਦਾਸ਼ਤ ਨਾ ਹੋਇਆ ਤੇ ਮੈਂ ਉਨ੍ਹਾਂ ਨੂੰ ਆਖ ਹੀ ਦਿੱਤਾ…” ਪਰ ਉਨ੍ਹਾਂ ਮੇਰੀ ਗੱਲ ਪੂਰੀ ਵੀ ਨਾ ਹੋਣ ਦਿੱਤੀ ਸੀ। ਉਨ੍ਹਾਂ ਆਖਿਆ, ‘‘ਨਾ, ਪੰਜਾਬੀ ਨੇ ਇਨ੍ਹਾਂ ਦੀ ਮੈਡੀਕਲ ਅਤੇ ਇੰਜੀਨੀਅਰਿੰਗ ‘ਚ ਐਡਮਿਸ਼ਨ ਤਾਂ ਨੀ ਕਰਵਾ ਦੇਣੀ।”
ਮੈਂ ਸੋਚਦੈਂ ਕਿ ਲੰਮੇ-ਚੌੜੇ ਭਾਸ਼ਣ ਜਾਂ ਸੈਮੀਨਾਰ ਕਰਨ ਨਾਲ ਤਾਂ ਪੰਜਾਬੀ ਦਾ ਭਲਾ ਨਹੀਂ ਹੋਣ ਲੱਗਿਆ। ਆਪਣੇ ਨਿਆਣੇ ਤਾਂ ਪੜ੍ਹਾਉਣੇ ਨੇ ਅੰਗਰੇਜ਼ੀ ਸਕੂਲਾਂ ਵਿੱਚ ਤੇ ਦੂਜਿਆਂ ਨੂੰ ਮੱਤਾਂ ਦੇਣੀਆਂ ਕਿ ਪੰਜਾਬੀ ਭਾਸ਼ਾ ਦਾ ਸਤਿਕਾਰ ਕਰੋ। ਜੇ ਪੰਜਾਬੀ ਬੋਲੀ ਬਚਾਉਣੀ ਐ ਤਾਂ ਪਹਿਲਾਂ ਆਪਣੇ-ਆਪਣੇੇ ਘਰਾਂ ‘ਚ ਪੰਜਾਬੀ ਬੋਲਣੀ ਸ਼ੁਰੂ ਕਰੋ। ਪੰਜਾਬੀ ਦੀਆਂ ਕਿਤਾਬਾਂ ਖੁਦ ਵੀ ਪੜ੍ਹੋ ਤੇ ਬੱਚਿਆਂ ਨੂੰ ਵੀ ਪੜ੍ਹਾਓ ਤੇ ਆਮ ਗੱਲਬਾਤ ਵਿੱਚ ਵੀ ਅੰਗਰੇਜ਼ੀ ਨੂੰ ਮੂੰਹ ਮਾਰਨ ਨਾਲੋਂ ਪੰਜਾਬੀ ਵਿੱਚ ਹੀ ਗੱਲ ਕਰ ਕੇ ਫਖਰ ਮਹਿਸੂਸ ਕਰੋ। ਘਰਾਂ ਵਿੱਚ ਪੰਜਾਬੀ ਅਖਬਾਰ ਅਤੇ ਰਸਾਲੇ ਵੀ ਜ਼ਰੂਰ ਮੰਗਵਾਓ…ਸਿਰਫ ਵਿਖਾਵੇ ਲਈ ਨਹੀਂ ਸਗੋਂ ਪੜ੍ਹਨ-ਪੜ੍ਹਾਉਣ ਲਈ। ਮੈਂ ਗਾਰੰਟੀ ਦੇਂਦੈ ਕਿ ਇੰਜ ਆਪ ਜੀ ਦੀ ਹੱਤਕ ਨਹੀਂ ਹੋਣ ਲੱਗੀ। ਆਪਣੀ ਵਾਹਵਾ ਕਰਵਾਉਣ ਲਈ ਬੇਸ਼ੱਕ ਮਹਿੰਗੇ-ਮਹਿੰਗੇ ਅੰਗਰੇਜ਼ੀ ਦੇ ਮੈਗਜ਼ੀਨਾਂ ‘ਤੇ ਵੀ ਪੈਸੇ ਪੱਟ ਲਈਓ।
…ਤੇ ਮੁੜ ਮੇਰਾ ਧਿਆਨ ਮੂਹਰੇ ਪਈਆਂ ਕਿਤਾਬਾਂ ਦੇ ਢੇਰ ਵੱਲ ਚਲਾ ਜਾਂਦਾ ਐ। ਤੇ ਮੈਂ ਫੇਰ ਸੋਚੀਂ ਪੈ ਜਾਂਦਾ ਹਾਂ ਕਿ ਇਨ੍ਹਾਂ ਦੋ ਸੌ ਕਿਤਾਬਾਂ ਦਾ ਕਿਵੇਂ ਨਿਬੇੜਾ ਕਰਾਂ। ਮੇਰੀ ਮਾਂ ਬੋਲੀ ਪੰਜਾਬੀ ਦੇ ਸਿਰ ‘ਤੇ ਜਿਨ੍ਹਾਂ ਵਿਦਵਾਨਾਂ ਦੀ ਰੋਜ਼ੀ-ਰੋਟੀ ਚੱਲਦੀ ਐ, ਉਨ੍ਹਾਂ ਨੂੰ ਨਾ ਤਾਂ ਪੜ੍ਹਨ ਦਾ ਸ਼ੌਕ ਹੈ ਅਤੇ ਨਾ ਹੀ ਉਨ੍ਹਾਂ ਕੋਲ ਪੜ੍ਹਨ ਲਈ ਸਮਾਂ ਐ। ਤੇ ਜੇ ਅਧਿਆਪਕਾਂ ਦਾ ਇਹ ਹਾਲ ਐ ਤਾਂ ਵਿਦਿਆਰਥੀ ਵਿਚਾਰੇ ਕੀ ਕਰਨਗੇ। ਉਨ੍ਹਾਂ ਨੂੰ ਪੜ੍ਹਨ-ਲਿਖਣ ਦੀ ਚੇਟਕ ਤਾਂ ਪੰਜਾਬੀ ਵਿੱਚ ਐਡੀਆਂ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਨ ਵਾਲੇ ਪੈਰੋਕਾਰਾਂ ਨੇ ਹੀ ਲਾਉਣੀ ਐ।
ਮੈਂ ਕਈ ਵਾਰੀ ਸੋਚਦਾ ਹਾਂ ਕਿ ਭਾਸ਼ਾ ਦੇ ਇਨ੍ਹਾਂ ਅਲੰਬਰਦਾਰਾਂ ਨਾਲੋਂ ਤਾਂ ਆਮ ਪਾਠਕ ਫੇਰ ਵੀ ਕਿਤਾਬਾਂ ਅਤੇ ਰਸਾਲੇ ਪੜ੍ਹ ਲੈਂਦੇ ਹਨ। ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪੀਆਂ ਮੇਰੀਆਂ ਲਿਖਤਾਂ ਪੜ੍ਹ ਕੇ ਅਤੇ ਮੇਰੀਆਂ ਕਿਤਾਬਾਂ ਪੜ੍ਹ ਕੇ ਕਈ ਪਾਠਕਾਂ ਦੇ ਫੋਨ ਜਾਂ ਖ਼ਤ ਜ਼ਰੂਰ ਆਉਂਦੇ ਹਨ। ਪਰ ਇਹੋ ਜਿਹੇ ਆਮ ਪਾਠਕਾਂ ਤੱਕ ਕਿਤਾਬ ਪਹੁੰਚਾਉਣੀ ਵੀ ਸੌਖੀ ਨਹੀਂ। ਡੇਢ ਸੌ ਰੁਪਏ ਦੀ ਕਿਤਾਬ ‘ਤੇ 35-40 ਰੁਪਏ ਡਾਕ ਖਰਚ ਆ ਜਾਣਾ ਸੁਭਾਵਕ ਐ। ਪਰ ਫੇਰ ਕੀਤਾ ਕੀ ਜਾਵੇ। ਦੋ ਸੌ ਕਿਤਾਬਾਂ ਰੱਦੀ ਵਿੱਚ ਤਾਂ ਨਹੀਂ ਵੇਚੀਆਂ ਜਾ ਸਕਦੀਆਂ।
ਅਚਾਨਕ ਮੈਨੂੰ ਖਿਆਲ ਆਉਂਦੈ ਕਿ ਮੇਰੇ ਘਰ ਦੇ ਲਾਗੇ ਹਰ ਐਤਵਾਰ ਨੂੰ ਸਬਜ਼ੀ ਮੰਡੀ ਲੱਗਦੀ ਐ। ਕਿਉਂ ਨਾ ਆਲੂ-ਪਿਆਜ਼ ਵੇਚਣ ਵਾਲੀ ਰੇਹੜੀ ਕੋਲ ਖਲੋ ਜਾਵਾਂ ਤੇ ਜਿਹੜਾ ਵੀ ਪੰਜ ਕਿਲੋ ਪਿਆਜ਼ ਲੈਂਦਾ ਉਸ ਨੂੰ ਕਿਤਾਬ ਦੀ ਇੱਕ ਕਾਪੀ ਭੇਟ ਕਰ ਦੇਵਾਂ। ਸ਼ਾਇਦ ਏਸ ਕਿਤਾਬ ਦੀ ਕੋਈ ਕਦਰ ਪਾ ਲਵੇ, ਕਿਉਂਕਿ ਮੈਨੂੰ ਉਮੀਦ ਐ ਇਨ੍ਹਾਂ ਆਮ ਲੋਕਾਂ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦਾ ਸਤਿਕਾਰ ਕਰਨ ਵਾਲੇ ਕਈ ਪਾਠਕ ਜ਼ਰੂਰ ਮਿਲ ਜਾਣਗੇ।