ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਟਲੀ, ਅਰਜਨਟੀਨਾ ਤੇ ਸਵੀਡਨ ਵੋਟ ਪਾਉਣਗੇ!


ਉਮਨਿਊਹ (ਮੇਘਾਲਿਆ), 12 ਫਰਵਰੀ (ਪੋਸਟ ਬਿਊਰੋ)- ਇਸ ਸਾਲ 27 ਫਰਵਰੀ ਨੂੰ ਮੇਘਾਲਿਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਟਲੀ, ਅਰਜਨਟੀਨਾ, ਸਵੀਡਨ ਤੇ ਇੰਡੋਨੇਸ਼ੀਆ ਵੱਲੋਂ ਵੋਟ ਪਾਏ ਜਾਣਗੇ। ਤੁਸੀਂ ਹੈਰਾਨ ਹੋਵੇਗੇ ਕਿ ਇਨ੍ਹਾਂ ਦੇਸ਼ਾਂ ਨੂੰ ਭਾਰਤ ਦੇ ਇਸ ਉਤਰੀ ਪੂਰਬੀ ਪਹਾੜੀ ਰਾਜ ਵਿੱਚ ਵੋਟ ਦਾ ਅਧਿਕਾਰ ਕਿਵੇਂ ਮਿਲ ਗਿਆ।
ਇਟਲੀ, ਅਰਜਨਟੀਨਾ, ਸਵੀਡਨ ਅਤੇ ਇੰਡੋਨੇਸ਼ੀਆ ਅਸਲ ਵਿੱਚ ਸ਼ੈਲਾ ਹਲਕੇ ਂਦੇ ਪਿੰਡ ਉਮਨਿਊਹ ਤਮਾਰ ਏਲਕਾ ਦੇ ਵੋਟਰਾਂ ਦੇ ਨਾਂ ਹਨ। ਪ੍ਰਾਮਿਸਲੈਂਡ ਤੇ ਹੋਲੀਲੈਂਡ ਨਾਂਅ ਦੀਆਂ ਦੋ ਭੈਣਾਂ ਤੋਂ ਇਲਾਵਾ ਇਨ੍ਹਾਂ ਦੇ ਯੋਰੋਸ਼ਲਮ ਨਾਂਅ ਵਾਲੇ ਇੱਕ ਗੁਆਂਢੀ ਵੱਲੋਂ ਵੀ ਜਮਹੂਰੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਜਾਵੇਗਾ। ਏਲਕਾ ਪਿੰਡ ਦੇ ਮੁਖੀ ਪ੍ਰੀਮੀਅਰ ਸਿੰਘ ਨੇ ਦੱਸਿਆ, ‘ਕਈ ਖਾਸੀ ਨਾਂਅ ਤੁਹਾਡੇ ਚਿਹਰੇ ਉਤੇ ਮੁਸਕਰਾਹਟ ਲਿਆ ਸਕਦੇ ਹਨ, ਪਰ ਇਕ ਨਿੱਕੇ ਜਿਹੇ ਪਿੰਡ ਵਿੱਚ ਅਜਿਹੇ ਸੈਂਕੜੇ ਨਾਂ ਲੋਕਾਂ ਲਈ ਕਈ ਘੰਟੇ ਹਾਸੇ ਠੱਠੇ ਦਾ ਸਬੱਬ ਬਣਦੇ ਹਨ।’ ਉਨ੍ਹਾਂ ਦੱਸਿਆ ਕਿ ਪਿੰਡ ਦੇ 50 ਫੀਸਦੀ ਲੋਕ ਅੰਗਰੇਜ਼ੀ ਸ਼ਬਦਾਂ ਦੇ ਦੀਵਾਨੇ ਹਨ, ਪਰ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਦੇ ਅਸਲ ਅਰਥ ਨਹੀਂ ਪਤਾ।
ਭਾਰਤ ਬੰਗਲਾ ਦੇਸ਼ ਸਰਹੱਦ ਨੇੜੇ ਪੈਂਦੇ ਪਿੰਡ ਏਲਕਾ ਵਿੱਚ 850 ਪੁਰਸ਼ ਵੋਟਰ ਅਤੇ 916 ਮਹਿਲਾ ਵੋਟਰ ਹਨ। ਵੋਟਰ ਸੂਚੀਆਂ ਅਜਿਹੇ ਅਜੀਬ ਨਾਵਾਂ ਨਾਲ ਭਰੀਆਂ ਪਈਆਂ ਹਨ। ਪ੍ਰੀਮੀਅਰ ਸਿੰਘ ਖੁਸ਼ਕਿਸਮਤ ਸੀ ਕਿ ਉਸ ਦੇ ਪੜ੍ਹੇ ਲਿਖੇ ਪਿਤਾ ਨੇ ਉਸ ਨੂੰ ਅਜਿਹਾ ਨਾਂ ਦਿੱਤਾ, ਜੋ ਉਸ ਦੇ ਰੁਤਬੇ ਦੇ ਫਿੱਟ ਬੈਠਦਾ ਹੈ, ਪਰ ਉਸ ਦੇ ਪਿੰਡ ਦੇ ਸਾਰੇ ਲੋਕ ਐਨੇ ਸਮਝਦਾਰ ਜਾਂ ਪੜ੍ਹੇ ਲਿਖੇ ਨਹੀਂ, ਜਿਸ ਕਾਰਨ ਲੋਕਾਂ ਨੇ ਆਪਣੇ ਨਿਆਣਿਆਂ ਦੇ ਨਾਂ ਦਿਨਾਂ ਦੇ ਨਾਵਾਂ ਉਤੇ ਰੱਖ ਦਿੱਤੇ ਹਨ, ਜਿਵੇਂ ਥਰਸਡੇਅ, ਸੰਡੇ ਆਦਿ। ਤਿ੍ਰਪੁਰਾ ਤੇ ਗੋਆ ਦੇ ਨਾਂ ਵਾਲੇ ਕੁਝ ਲੋਕ ਵੀ ਇਸ ਪਿੰਡ ਵਿੱਚ ਹਨ। ਪ੍ਰੀਮੀਅਰ ਸਿੰਘ ਨੇ ਦੱਸਿਆ ਕਿ ਸਭ ਤੋਂ ਬਿਹਤਰੀਨ ਅੰਗਰੇਜ਼ੀ ਨਾਂ 12ਵੀਂ ਪਾਸ 30 ਸਾਲਾ ਔਰਤ ਨੂੰ ਉਸ ਦੀ ਮਾਂ ‘ਸਵੈਟਰ’ ਨੇ ‘ਆਈ ਹੈਵ ਬਿਨ ਡਲਿਵਰਡ’ ਦਿੱਤਾ ਸੀ। ਦਫਤਰੀ ਚੀਜ਼ਾਂ ਜਿਵੇਂ ਟੇਬਲ, ਗਲੋਬ ਤੇ ਪੇਪਰ ਤੋਂ ਇਲਾਵਾ ਵੀਨਸ, ਅਰੇਬੀਅਨ ਸੀਅ ਤੇ ਪੈਸੀਫਿਕ ਨਾਂ ਵੀ ਰੱਖੇ ਗਏ ਹਨ। 27 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਕੁਝ ਉਮੀਦਵਾਰਾਂ ਦੇ ਨਾਂ ਵੀ ਬੇਹੱਦ ਰੌਚਕ ਹਨ। ਪਿਯਨੁਰਸਲਾ ਅਤੇ ਗੈਂਬੇਗਰ ਸੀਟ ਤੋਂ ਕ੍ਰਮਵਾਰ ਨਹਿਰੂ ਸੂਟਿੰਗ ਅਤੇ ਨਹਿਰੂ ਸੰਗਮਾ ਨਾਂ ਦੇ ਉਮੀਦਵਾਰ ਚੋਣ ਲੜ ਰਹੇ ਹਨ। ਫਰੈਂਕਿਨਸਟਾਈਨ ਅਤੇ ਕੈਨੇਡੀ ਵੀ ਚੋਣ ਮੈਦਾਨ ‘ਚ ਨਿੱਤਰੇ ਹੋਏ ਹਨ।