ਮੇਅਰ ਦੇ ਅਹੁਦੇ ਲਈ ਖੜ੍ਹੇ ਹੋਣ ਦੀ ਯੋਜਨਾ ਬਣਾ ਰਹੇ ਹਨ ਬਰੈਂਪਟਨ ਕਾਉਂਸਲਰ ਸਪਰੋਵਿਏਰੀ


ਬਰੈਂਪਟਨ, 11 ਜੁਲਾਈ (ਪੋਸਟ ਬਿਊਰੋ) : ਬਰੈਂਪਟਨ ਤੇ ਵਾਰਡ ਨੰ 9 ਤੇ 10 ਦੇ ਰੀਜਨਲ ਕਾਊਂਸਲਰ ਜੌਹਨ ਸਪਰੋਵਿਏਰੀ, ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਮੇਅਰ ਲਿੰਡਾ ਜੈਫਰੀ ਦੇ ਖਿਲਾਫ ਸਿਟੀ ਦੇ ਇਸ ਉੱਘੇ ਅਹੁਦੇ ਲਈ ਖੜ੍ਹੇ ਹੋਣ ਦੀ ਯੋਜਨਾ ਬਣਾ ਰਹੇ ਹਨ। ਜਿ਼ਕਰਯੋਗ ਹੈ ਕਿ ਇਸ ਸਬੰਧੀ ਚੋਣਾਂ 22 ਅਕਤੂਬਰ ਨੂੰ ਹੋਣਗੀਆਂ।
ਸਪਰੋਵਿਏਰੀ, ਜਿਹੜੇ 1988 ਤੋਂ ਬਰੈਂਪਟਨ ਵਿੱਚ ਕਾਉਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ, ਨੇ ਅਗਲੀ ਕਾਉਂਸਲ ਟਰਮ ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਸਪਰੋਵਿਏਰੀ ਨੇ ਆਖਿਆ ਕਿ ਸਾਡੀ ਮੌਜੂਦਾ ਮੇਅਰ ਦੇ ਪ੍ਰੋਵਿੰਸ ਨਾਲ ਚੰਗੇ ਸਬੰਧ ਹਨ ਤੇ ਬਰੈਂਪਟਨ ਵਾਸੀਆਂ ਨੂੰ ਉਨ੍ਹਾਂ ਤੋਂ ਤੇ ਉਨ੍ਹਾਂ ਦੇ ਲਿਬਰਲ ਦੋਸਤਾਂ ਤੋਂ ਚੰਗੀ ਡੀਲ ਦੀ ਆਸ ਸੀ। ਪਰ ਇਸ ਦੀ ਥਾਂ ਉੱਤੇ ਬਰੈਂਪਟਨ ਨੂੰ ਘੱਟ ਹੀ ਮਿਲਿਆ ਹੈ ਤੇ ਸਗੋਂ ਸਾਨੂੰ ਪ੍ਰੀਮੀਅਰ ਤੇ ਪ੍ਰਧਾਨ ਮੰਤਰੀ ਵੱਲੋਂ ਅਣਗੌਲਿਆ ਗਿਆ। ਉਨ੍ਹਾਂ ਅਜਿਹੀਆਂ ਕਈ ਥਾਂਵਾਂ ਦੱਸੀਆਂ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਹਸਪਤਾਲ ਦੇ ਉਡੀਕ ਟਾਈਮ ਵਿੱਚ ਕਟੌਤੀ ਕਰਨਗੇ, ਐਲਆਰਟੀ ਫੰਡਿੰਗ ਤੇ ਰੀਜਨਲ ਕਾਉਂਸਲ ਵਿੱਚ ਨੁਮਾਇੰਦਗੀ ਵਿੱਚ ਅਸਮਾਨਤਾ ਨੂੰ ਖਤਮ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਮੇਂ ਓਨਟਾਰੀਓ ਦੇ ਕੋਰਟ ਆਫ ਜਸਟਿਸ ਵਿੱਚ ਚੱਲ ਰਹੇ 28.5 ਮਿਲੀਅਨ ਡਾਲਰ ਦੇ ਸੱਤ ਸਾਲ ਪੁਰਾਣੇ ਇੰਜੋਲਾ ਕੇਸ ਕਾਰਨ ਵੀ ਸਿਟੀ ਦੇ ਅਕਸ ਨੂੰ ਕਾਫੀ ਢਾਹ ਲੱਗੀ ਹੈ। ਪਿਛਲੇ ਚਾਰ ਸਾਲਾਂ ਤੋਂ ਬਰੈਂਪਟਨ ਦੀ ਕਾਉਂਸਲ ਨੇ ਕੋਈ ਖਾਸ ਕੰਮ ਨਹੀਂ ਕੀਤਾ ਤੇ ਇਸ ਨਾਲ ਵੀ ਸਾਡੇ ਅਕਸ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਰਾਇਰਸਨ ਯੂਨੀਵਰਸਿਟੀ ਕੈਂਪਸ ਲਈ ਚੁਣੀ ਗਈ ਥਾਂ ਉੱਤੇ ਵੀ ਇਤਰਾਜ ਕੀਤਾ। ਉਨ੍ਹਾਂ ਆਖਿਆ ਕਿ ਇੱਥੇ ਤਾਂ ਪਹਿਲਾਂ ਹੀ ਡਾਊਨਟਾਊਨ ਗੋ ਟਰੇਨ ਸਟੇਸਨ ਦੀ ਪਾਰਕਿੰਗ ਵਾਲੀ ਥਾਂ ਹੈ। ਇਹ ਸਾਈਟ ਪ੍ਰੋਵਿੰਸ ਵੱਲੋਂ ਚੁਣੀ ਗਈ ਹੈ। ਉਨ੍ਹਾਂ ਆਖਿਆ ਕਿ ਉਹ ਟੀਮ ਵਰਕ ਵਾਪਿਸ ਲਿਆਉਣ ਲਈ ਲੜਨਗੇ।