ਮੇਅਰ ਦੀ ਰਿਪੋਰਟ ਤੋਂ ਸਿੱਧੂ ਦੀ ਤਸੱਲੀ ਨਹੀਂ, ਹਫਤੇ ਦਾ ਸਮਾਂ ਦਿੱਤਾ


ਜਲੰਧਰ, 10 ਜੁਲਾਈ (ਪੋਸਟ ਬਿਊਰੋ)- ਮੇਅਰ ਜਗਦੀਸ਼ ਰਾਜ ਰਾਜਾ ਨੇ ਕੱਲ੍ਹ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਵਿਖੇ 34 ਨਾਜਾਇਜ਼ ਬਿਲਡਿੰਗਾਂ ‘ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪ ਦਿੱਤੀ ਹੈ। ਮੇਅਰ ਵੱਲੋਂ ਸੌਂਪੀ ਗਈ ਰਿਪੋਰਟ ਤੋਂ ਸਿੱਧੂ ਸੰਤੁਸ਼ਟ ਨਹੀਂ ਸਨ। ਸਿੱਧੂ ਨੇ ਸਾਰੀਆਂ 93 ਬਿਲਡਿੰਗਾਂ ਦੀ ਵਿਸਥਾਰਪੂਰਵਕ ਰਿਪੋਰਟ ਸੌਂਪਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਹੈ।
ਇਸ ਸੰਬੰਧ ਵਿੱਚ ਮੇਅਰ ਨੇ ਦੱਸਿਆ ਕਿ ਲੋਕਲ ਬਾਡੀਜ਼ ਮੰਤਰੀ ਨੇ ਇਕ ਹਫਤੇ ਵਿੱਚ ਮੁਕੰਮਲ ਰਿਪੋਰਟ ਦੇਣ ਨੂੰ ਕਿਹਾ ਹੈ। ਮੇਅਰ ਦੀ ਰਿਪੋਰਟ ‘ਚ ਬਿਲਡਿੰਗ ਬਰਾਂਚ ਨੇ ਹਰ ਕਾਰਵਾਈ ਦੇ ਨਾਲ ਸੱਤ ਤੋਂ ਅੱਠ ਲਾਈਨਾਂ ਦਾ ਬਿਉਰਾ ਦਿੰਦੇ ਹੋਏ ਸਪੱਸ਼ਟ ਕੀਤਾ ਸੀ ਕਿ ਕਦੋਂ ਬਿਲਡਿੰਗ ਬਣਾਈ ਗਈ ਅਤੇ ਬਿਲਡਿੰਗ ਬਰਾਂਚ ਨੇ ਇਸ ਦੇ ਬਣਨਾ ਸ਼ੁਰੂ ਹੋਣ ਤੋਂ ਲੈ ਕੇ ਬਣਨ ਤੱਕ ਕੀ ਕਾਰਵਾਈ ਕੀਤੀ ਸੀ। ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਰਿਪੋਰਟ ਦੇਂਦੇ ਸਮੇਂ ਹਰ ਨਾਜਾਇਜ਼ ਬਿਲਡਿੰਗ ਉਤੇ ਚਰਚਾ ਵਿੱਚ ਮੇਅਰ ਨੇ ਆਪਣੇ ਵੱਲੋਂ ਵੀ ਕੁਝ ਟਿੱਪਣੀਆਂ ਕੀਤੀਆਂ। ਕਰੀਬ ਅੱਧੇ ਘੰਟੇ ਦੀ ਮੀਟਿੰਗ ‘ਚ ਮੇਅਰ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਕਿ ਵਿਜੀਲੈਂਸ ਜਾਂਚ ਦੇ ਨਾਲ-ਨਾਲ ਚੱਲਣ ਨਾਲ ਬਿਲਡਿੰਗ ਬਰਾਂਚ ਦੇ ਅਫਸਰਾਂ ਦੀ ਇਕ ਟੀਮ ਹਫਤੇ ਭਰ ਉਨ੍ਹਾਂ ਦੇ ਨਾਲ ਰਹੀ ਸੀ। ਇਸ ਤੋਂ ਇਲਾਵਾ ਬਿਲਡਿੰਗ ਬਰਾਂਚ ਦੇ ਅੱਠ ਅਫਸਰਾਂ ਨੂੰ ਸਸਪੈਂਡ ਕਰ ਦੇਣ ਨਾਲ ਸਟਾਫ ਦੀ ਕਮੀ ਕਾਰਨ ਸਿਰਫ 34 ਨਾਜਾਇਜ਼ ਬਿਲਡਿੰਗਾਂ ਦੀ ਰਿਪੋਰਟ ਮਿਲ ਸਕੀ ਹੈ। ਮੇਅਰ ਜਗਦੀਸ਼ ਰਾਜ ਰਾਜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਮੰਤਰੀ ਨੂੰ ਕਿਹਾ ਕਿ ਜਿਨ੍ਹਾਂ ਨਾਜਾਇਜ਼ ਬਿਲਡਿੰਗਾਂ ਨੂੰ ਕੰਪਾਊਂਡ ਕੀਤਾ ਜਾ ਸਕਦਾ ਹੋਵੇ, ਉਨ੍ਹਾਂ ਨੂੰ ਕੰਪਾਊਂਡ ਕਰਕੇ ਨਿਗਮ ਨੂੰ ਆਮਦਨ ਪ੍ਰਾਪਤ ਹੋ ਸਕਦੀ ਹੈ। ਮੇਅਰ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਮੰਤਰੀ ਨੇ ਇਕ ਹਫਤੇ ਵਿੱਚ ਸਾਰੀਆਂ 93 ਬਿਲਡਿੰਗਾਂ ਦਾ ਪੂਰਾ ਬਿਊਰਾ ਮੰਗਦੇ ਹੋਏ ਕਿਹਾ ਕਿ ਕਿਸ ਬਿਲਡਿੰਗ ਵਿੱਚ ਕਿੰਨਾ ਏਰੀਆ ਕੰਪਾਊਂਡੇਬਲ ਜਾਂ ਕਿੰਨਾ ਨਾਨ ਕੰਪਾਊਂਡੇਬਲ ਹੈ, ਇਹ ਵੀ ਸਾਰਾ ਕੁਝ ਇੱਕੋ ਵਕਤ ਰਿਪੋਰਟ ਕੀਤਾ ਜਾਵੇ, ਤਾਂ ਕਿ ਅਗਲੇ ਕਦਮ ਚੁੱਕੇ ਜਾ ਸਕਣ।