ਮੁੱਖ ਮੰਤਰੀ ਵੱਲੋਂ ਲਾਏ ਦੋਸ਼ ਸਾਬਕਾ ਮੰਤਰੀ ਦਲਜੀਤ ਚੀਮਾ ਵੱਲੋਂ ਰੱਦ

* ਐੱਸ ਐੱਚ ਓ ਨਾਲ ਫੋਨ ਕਾਲਾਂ ਦੀ ਗੱਲ ਮੰਨ ਵੀ ਲਈ
ਜਲੰਧਰ, 7 ਮਈ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸ਼ਾਹਕੋਟ ਵਿਧਾਨ ਸਭਾ ਉੱਪ ਚੋਣ ਦੇ ਐਲਾਨ ਵਾਲੇ ਦਿਨ ਤੋਂ ਲੈ ਕੇ ਮਹਿਤਪੁਰ ਦੇ ਐੱਸ ਐੱਚ ਓ ਵੱਲੋਂ ਕੀਤੀਆਂ ਤੇ ਸੁਣੀਆਂ ਸਾਰੀਆਂ ਕਾਲਾਂ ਦੇ ਵੇਰਵੇ ਜਨਤਕ ਕਰ ਦੇਣ। ਉਨ੍ਹਾਂ ਨੇ ਅੱਜ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਆਸੀ ਵਿਰੋਧੀਆਂ, ਸਰਕਾਰੀ ਅਫਸਰਾਂ ਅਤੇ ਆਮ ਨਾਗਰਿਕਾਂ ਦੇ ਫੋਨ ਟੈਪ ਕਰਨ ਦੀ ਘਟੀਆ ਹਰਕਤ ਤੱਕ ਆ ਗਏ ਹਨ, ਮੁੱਖ ਮੰਤਰੀ ਨੂੰ ਉਨ੍ਹਾਂ ਫੋਨ ਕਾਲਾਂ ਦਾ ਵੇਰਵਾ ਜਨਤਕ ਕਰਨਾ ਚਾਹੀਦਾ ਹੈ, ਜਿਹੜੀਆਂ ਰੇਤ ਮਾਈਨਿੰਗ ਦੇ ਮੋਹਰੀਆਂ ਵੱਲੋਂ ਐੱਸ ਐੱਚ ਓ ਨੂੰ ਧਮਕਾਉਣ ਲਈ ਕੀਤੀਆਂ ਗਈਆਂ ਸਨ ਅਤੇ ਇਸ ਕੇਸ ਨਾਲ ਸੰਬੰਧਤ ਹੋ ਸਕਦੀਆਂ ਹਨ।
ਅੱਜ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਦਲਜੀਤ ਸਿੰਘ ਚੀਮਾ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸਿਆਸੀ ਵਿਰੋਧੀਆਂ ਦੀਆਂ ਫੋਨ ਕਾਲਾਂ ਟੈਪ ਕੀਤੇ ਜਾਣ ਦਾ ਨੋਟਿਸ ਲਵੇ। ਡਾ. ਚੀਮਾ ਨੇ ਕਿਹਾ ਕਿ ਚੋਣ ਦੇ ਦੌਰਾਨ ਏਦਾਂ ਕਰਨਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਵਾਂਗ ਹੈ। ਚੋਣ ਕਮਿਸ਼ਨ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ।
ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ ਨਾਲ ਤਿੰਨ ਵਾਰ ਫੋਨ ਉੱਤੇ ਗੱਲ ਹੋਈ ਮੰਨ ਲਈ ਹੈ। ਚੀਮਾ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਬਾਜਵਾ ਨਾਲ ਗੱਲ ਹੋਈ ਹੈ ਅਤੇ ਐੱਸ ਐੱਚ ਓ ਪਰਮਿੰਦਰ ਸਿੰਘ ਪ੍ਰੇਸ਼ਾਨੀ ਵਿੱਚ ਹੈ, ਕਿਉਂਕਿ ਉਸ ਉੱਤੇ ਕਾਂਗਰਸ ਵਲੋਂ ਪੁਲਸ ਦੀ ਮਦਦ ਨਾਲ ਦਬਾਅ ਪਾਇਆ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਐੱਸ ਐੱਚ ਦਾ ਦੋਸ਼ ਸਿਰਫ ਇੰਨਾ ਹੈ ਕਿ ਉਸ ਨੇ ਕਾਂਗਰਸ ਦੇ ਇਨਕਾਰ ਕਰਨ ਦੇ ਬਾਵਜੂਦ ਹਿੰਮਤ ਦਿਖਾ ਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਕਿ ਉਨ੍ਹਾਂ (ਚੀਮਾ) ਨੇ ਐੱਸ ਐੱਚ ਓ ਨੂੰ ਫੋਨ ਕੀਤਾ ਸੀ, ਅਸਲ ਵਿੱਚ ਐੱਸ ਐੱਚ ਓ ਨੇ ਹੀ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ ਸੀ। ਉਹ ਬਹੁਤ ਪ੍ਰੇਸ਼ਾਨ ਸੀ ਤੇ ਕਹਿੰਦਾ ਸੀ ਕਿ ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਖ਼ਿਲਾਫ਼ ਗੈਰਕਾਨੂੰਨੀ ਮਾਈਨਿੰਗ ਦਾ ਕੇਸ ਦਰਜ ਕਰਨ ਪਿੱਛੋਂ ਉਸ ਨੂੰ ਵੱਡੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਐੱਸ ਐੱਚ ਓ ਏਨਾ ਪ੍ਰੇਸ਼ਾਨ ਅਤੇ ਤਣਾਅ ਹੇਠ ਹੈ ਕਿ ਉਸ ਨੇ ਅੱਜ ਵੀ ਉਨ੍ਹਾਂ ਨੂੰ ਫੋਨ ਕੀਤਾ ਸੀ। ਉਨ੍ਹਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਇੱਕ ਸਰਕਾਰੀ ਅਧਿਕਾਰੀ ਵੱਲੋਂ ਲੋਕਾਂ ਦੇ ਨੁਮਾਇੰਦੇ ਨਾਲ ਗੱਲ ਕਰਨਾ ਕਿਸ ਪੱਖੋਂ ਗੈਰ ਕਾਨੂੰਨੀ ਹੈ?