ਮੁੱਖ ਮੰਤਰੀ ਨੇ ਫਲਾਇੰਗ ਟਰੇਨਿੰਗ ਇੰਸਟੀਚਿਊਟ ਦੇ ਫੀਸ ਢਾਂਚੇ ਦਾ ਜਾਇਜ਼ਾ ਲੈਣ ਦੇ ਹੁਕਮ ਚਾੜ੍ਹੇ

amrinder
ਚੰਡੀਗੜ੍ਹ, 11 ਅਗਸਤ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਵਾਈ ਉਡਾਣ ਸਿਖਲਾਈ ਦੇ ਮੌਜੂਦਾ ਫੀਸ ਢਾਂਚੇ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਹਨ ਤਾਂ ਕਿ ਇਸ ਨੂੰ ਵਾਜਬ ਬਣਾ ਕੇ ਪਾਇਲਟ ਦੀ ਸਿਖਲਾਈ ਲਈ ਹੋਰ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ, ਜੋ ਇਸ ਕੌਂਸਲ ਦੇ ਚੇਅਰਮੈਨ ਵੀ ਹਨ, ਨੇ ਕੌਂਸਲ ਨੂੰ ‘ਫਲਾਇੰਗ ਟ੍ਰੇਨਿੰਗ ਆਰਗੇਨਾਈਜ਼ੇਸ਼ਨ’ (ਐਫ ਟੀ ਓ) ਵਿਖੇ ਸਿਖਲਾਈ ਦਾ ਪੱਧਰ ਉਚਾ ਚੁੱਕਣ ਲਈ ਯਤਨ ਤੇਜ਼ ਕਰਨ ਦੇ ਹੁਕਮ ਦਿੱਤੇ ਤੇ ਇਨ੍ਹਾਂ ਨੂੰ ਕੌਮਾਂਤਰੀ ਉਡਾਣ ਕਲੱਬਾਂ ਦੇ ਬਰਾਬਰ ਲਿਆਉਣ ਲਈ ਆਖਿਆ ਹੈ। ਪੰਜਾਬ ਭਰ ਵਿੱਚ ਹਵਾਈ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਲਈ ਕੌਂਸਲ ਦੀ ਮੰਗ ਨਾਲ ਸਹਿਮਤ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ ਨੂੰ ਇਸ ਕੰਮ ਲਈ 10 ਕਰੋੜ ਰੁਪਏ ਦੇਣ ਤੋਂ ਇਲਾਵਾ ਸਿਵਲ ਐਰੋਡਰਾਮ ਪਟਿਆਲਾ ਲਈ ਦੋ ਨਵੇਂ ਆਧੁਨਿਕ ਜਹਾਜ਼ ਖਰੀਦਣ ਤੇ ਹਵਾਈ ਪੱਟੀ ਦੀ ਲਾਈਟਿੰਗ ਲਈ ਪ੍ਰਵਾਨਗੀ ਦਿੱਤੀ। ਮੁੱਖ ਮੰਤਰੀ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਸਿੰਚਾਈ ਵਿਭਾਗ ਤੇ ਰੱਖਿਆ ਮੰਤਰਾਲੇ ਕੋਲ ਜ਼ਮੀਨ ਦੇ ਟੁਕੜੇ ਦੀ ਅਦਲਾ ਬਦਲੀ ਦਾ ਮਸਲਾ ਉਠਾਉਣ ਲਈ ਆਖਿਆ ਤਾਂ ਜੋ ਸਿਵਲ ਐਰੋਡਰੋਮ ਪਟਿਆਲਾ ਦੀ ਮੌਜੂਦਾ ਹਵਾਈ ਪੱਟੀ ਦਾ ਵਿਸਥਾਰ ਹੋ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਹੋਰ ਵੱਧ ਪੁਲਸ ਮੁਲਾਜ਼ਮ ਤਾਇਨਾਤ ਕਰਕੇ ਐਰੋਡਰਾਮ ‘ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਸਮੁੱਚੀ ਚਾਰਦੀਵਾਰੀ ‘ਤੇ ਲੋਹੇ ਦੀ ਕੰਡਿਆਲੀ ਤਾਰ ਲਾਉਣ ਨੂੰ ਆਖਿਆ ਹੈ। ਉਨ੍ਹਾਂ ਨੇ ਕੌਂਸਲ ਨੂੰ ਅਗਲੇ ਪੜਾਅ ਦੌਰਾਨ ਲੁਧਿਆਣਾ ਵਿਖੇ ਬੰਦ ਪਏ ਐਫ ਟੀ ਓ ਨੂੰ ਸੁਰਜੀਤ ਕਰਨ ਲਈ ਵੀ ਆਖਿਆ। ਫਲਾਇੰਗ ਸਟਾਫ ਖਾਸ ਕਰਕੇ ਟਰੇਨਿੰਗ ਇੰਸਟਰਕਟਰਾਂ ਅਤੇ ਪਾਇਲਟਾਂ ਦੀਆਂ ਤਨਖਾਹਾਂ ਅਤੇ ਭੱਤੇ ਤਰਕਸੰਗਤ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਉਚ ਯੋਗਤਾ ਪ੍ਰਾਪਤ ਅਤੇ ਹੁਨਰਮੰਦ ਸਟਾਫ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।