ਮੁੱਖ ਮੰਤਰੀ ਦੇ ਹਲਕੇ ਦਾ ਨੌਜਵਾਨ ਆਪਣੇ ਭਰਾ ਦੀ ਲਾਸ਼ ਸਾਈਕਲ ਉੱਤੇ ਲੈ ਕੇ ਗਿਆ

deadbody on bicycle
ਆਸਾਮ, 20 ਅਪ੍ਰੈਲ (ਪੋਸਟ ਬਿਊਰੋ)- ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਲ ਦੇ ਚੋਣ ਖੇਤਰ ਵਿੱਚ ਸੜਕ ਦੀ ਹਾਲਤ ਠੀਕ ਨਾ ਹੋਣ ਕਾਰਨ ਇਕ ਨੌਜਵਾਨ ਨੂੰ ਆਪਣੇ ਭਰਾ ਦੀ ਲਾਸ਼ ਸਾਈਕਲ ‘ਤੇ ਲਿਜਾਣੀ ਪਈ। ਘਟਨਾ ਦੇ ਕੁਝ ਘੰਟੇ ਬਾਅਦ ਮੁੱਖ ਮੰਤਰੀ ਸੋਨੋਵਾਲ ਨੇ ਇਸ ਕੇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਮਜੁਲੀ ਜਿ਼ਲੇ ਦੇ ਡਿਪਟੀ ਕਮਿਸ਼ਨਰ ਪੀ ਜੀ ਝਾਅ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ਡਿੰਪਲ ਦਾਸ ਸੀ ਤੇ ਉਹ ਲਖੀਮਪੁਰ ਜ਼ਿਲੇ ਦੇ ਬਾਲਿਜਾਨ ਪਿੰਡ ਦਾ ਵਸਨੀਕ ਸੀ। ਲੱਗਦਾ ਹੈ ਕਿ ਉਸ ਦੇ ਪਿੰਡ ਨੂੰ ਗੱਡੀ ਜਾਣ ਲਾਇਕ ਸੜਕ ਨਹੀਂ ਤੇ ਉਨ੍ਹਾਂ ਨੂੰ ਬਾਂਸ ਦਾ ਪੁਲ ਪਾਰ ਕਰਨਾ ਪੈਂਦਾ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਿੰਪਲ ਦਾਸ ਨੂੰ ਸਾਹ ਲੈਣ ਦੀ ਤਕਲੀਫ ਸੀ, ਉਸ ਨੂੰ ਗੰਭੀਰ ਹਾਲਤ ‘ਚ ਗਾਰਮੁਰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ, ਪਰ ਆਕਸੀਜਨ ਸਪਲਾਈ ਦੇਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਉਸ ਦੀ ਲਾਸ਼ ਭੇਜਣ ਲਈ ਵੈਨ ਨੂੰ ਬੁਲਾਇਆ, ਪਰ ਹਸਪਤਾਲ ਦੀ ਵੈਨ ਦਾ ਇੰਤਜ਼ਾਰ ਕੀਤੇ ਬਿਨਾਂ ਮ੍ਰਿਤਕ ਦਾ ਭਰਾ ਉਸ ਦੀ ਲਾਸ਼ ਨੂੰ ਸਾਈਕਲ ਉੱਤੇ ਲੱਦ ਕੇ ਤੁਰ ਪਿਆ।