ਮੁੱਖ ਮੰਤਰੀ ਦਾ ਐਲਾਨ: ਸਕੂਲਾਂ ਦੇ ਸਿਲੇਬਸ ਉੱਤੇ ਛੇ ਮੈਂਬਰੀ ਕਮੇਟੀ ਮੁੜ ਵਿਚਾਰ ਕਰੇਗੀ

ਚੰਡੀਗੜ੍ਹ, 7 ਮਈ, (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਵਿਵਾਦਾਂ ਵਿੱਚ ਘਿਰੀਆਂ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸ ਦੀਆਂ ਕਿਤਾਬਾਂ ਦੀ ਮੁੜ ਵਿਚਾਰ ਲਈ ਅਖੀਰ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਪ੍ਰਮੁੱਖ ਇਤਿਹਾਸਕਾਰ ਪ੍ਰੋਫ਼ੈਸਰ ਕਿਰਪਾਲ ਸਿੰਘ ਦੀ ਅਗਵਾਈ ਹੇਠ 6 ਮੈਂਬਰੀ ਨਿਗਰਾਨ ਕਮੇਟੀ ਬਣਾਉਣ ਦਾ ਇਹ ਐਲਾਨ ਕੀਤਾ।
ਅੱਜ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਦੇ ਮੁਤਾਬਕ ਇਹ ਕਮੇਟੀ ਭਵਿੱਖ ਵਿਚਲੀਆਂ ਇਤਿਹਾਸ ਦੀਆਂ ਸਾਰੀਆਂ ਪੁਸਤਕਾਂ ਅਤੇ ਸਿਲੇਬਸ ਦੀ ਪੱਕੇ ਤੌਰ ਉੱਤੇ ਘੋਖ ਕਰੇਗੀ। ਇਹ ਕਮੇਟੀ ਸਾਲ 2014 ਵਿੱਚ ਓਦੋਂ ਦੀ ਕਮੇਟੀ ਵੱਲੋਂ ਇਤਿਹਾਸ ਦੇ ਸਿਲੇਬਸ ਵਿੱਚ ਤਬਦੀਲੀਆਂ ਕਰਨ ਦੀਆਂ ਸਿਫਾਰਸ਼ਾਂ ਦੀ ਮੁੜ ਵਿਚਾਰ ਕਰੇਗੀ ਅਤੇ ਸਿੱਖਿਆ ਬੋਰਡ ਵੱਲੋਂ ਇਸ ਵਾਰੀ ਛਾਪੀ ਗਈ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚਲੇ ਨੁਕਸਾਂ ਦੀ ਜਾਂਚ ਵੀ ਕਰੇਗੀ। ਕਮੇਟੀ 11ਵੀਂ ਜਮਾਤ ਦੀ ਛਾਪੀ ਜਾ ਰਹੀ ਬੋਰਡ ਦੀ ਇਤਿਹਾਸ ਦੀ ਕਿਤਾਬ ਦੀ ਵੀ ਮੁੜ ਘੋਖ ਕਰੇਗੀ। ਇਸ ਕਮੇਟੀ ਦੇ ਮੈਂਬਰਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫ਼ੈਸਰ ਜੇ ਐਸ ਗਰੇਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ-ਵਾਈਸ ਚਾਂਸਲਰ ਪ੍ਰੋਫ਼ੈਸਰ ਪ੍ਰਿਥੀਪਾਲ ਸਿੰਘ ਕਪੂਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇਤਿਹਾਸ ਦੀ ਪ੍ਰੋਫ਼ੈਸਰ ਇੰਦੂ ਬਾਂਗਾ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦੋ ਇਤਿਹਾਸਕਾਰਾਂ ਦੇ ਨਾਮ ਭੇਜਣ ਨੂੰ ਕਿਹਾ ਗਿਆ ਹੈ। ਇਸ ਮਸਲੇ ਉੱਤੇ ਬਿਨਾਂ ਵਜ੍ਹਾ ਸਿਆਸਤ ਕਰ ਰਹੀ ਵਿਰੋਧੀ ਧਿਰ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਤਿਹਾਸਕ ਕਿਤਾਬਾਂ ਦਾ ਸਿਆਸੀਕਰਨ ਰੋਕਣ ਲਈ ਸਥਾਈ ਕਮੇਟੀ ਬਣਾਈ ਹੈ, ਜੋ ਸਿਲੇਬਸ ਤਿਆਰ ਕਰਨ ਤੇ ਇਸ ਵਿਸ਼ੇ ਉੱਤੇ ਗਲਤੀਆਂ ਰਹਿਤ ਕਿਤਾਬਾਂ ਯਕੀਨੀ ਬਣਾਉਣ ਦਾ ਕੰਮ ਕਰੇਗੀ।
ਇਸ ਮਾਮਲੇ ਉੱਤੇ ਪੈਦਾ ਹੋਏ ਵਿਵਾਦ ਨੂੰ ਸਿਆਸੀ ਤੌਰ ਉੱਤੇ ਪ੍ਰੇਰਿਤ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2014 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਐਨ ਸੀ ਈ ਆਰ ਟੀ ਦੇ ਸਿਲੇਬਸ ਮੁਤਾਬਕ ਕਿਤਾਬਾਂ ਛਾਪਣ ਬਾਰੇ ਮੁੜ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਅਸਲ ਵਿੱਚ ਪਹਿਲਾਂ ਇਤਿਹਾਸ ਦੀ ਕੋਈ ਕਿਤਾਬ ਹੀ ਨਹੀਂ ਸੀ ਤੇ ਜਿਸ ਦਾ ਜ਼ਿਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ, ਉਹ ਸਿਰਫ ਗਾਈਡ ਹੈ।’ ਉਨ੍ਹਾਂ ਸਾਫ ਕੀਤਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਸਿਲੇਬਸ ਹਟਾਇਆ ਨਹੀਂ ਗਿਆ ਤੇ ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਸਿਲੇਬਸ ਨੂੰ ਕ੍ਰਮਵਾਰ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਨੂੰ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਲਈ ਸਿਲੇਬਸ ਦੀਆਂ ਕਿਤਾਬਾਂ ਦੇ ਵਿਸ਼ਾ-ਵਸਤੂ ਨੂੰ ਘੋਖਣ ਅਤੇ ਤੱਥਾਂ ਤੇ ਹੋਰ ਗਲਤੀਆਂ ਨੂੰ ਸੋਧਣ ਬਾਰੇ ਸੁਝਾਅ ਦੇਣ ਦੇ ਨਾਲ ਐਨ ਸੀ ਈ ਆਰ ਟੀ ਵੱਲੋਂ ਮਿਥੇ ਇਤਿਹਾਸ ਦੇ ਸਿਲੇਬਸ ਦੇ ਮੁਤਾਬਕ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕਮੇਟੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸਾਰੀਆਂ ਜਮਾਤਾਂ ਲਈ ਇਤਿਹਾਸ ਦੀਆਂ ਸਿਲੇਬਸ ਅਤੇ ਵਿਸ਼ਾ-ਵਸਤੂ ਦੀ ਨਜ਼ਰਸਾਨੀ ਕਰਨ ਤੇ ਤੱਥਾਂ ਵਿੱਚ ਉਕਾਈ ਨਾ ਰਹਿਣ ਨੂੰ ਯਕੀਨੀ ਬਣਾਉਣ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ।