ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿੱਢੀ

amrinderਚੰਡੀਗੜ੍ਹ, 20 ਮਾਰਚ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿੱਢ ਦਿੱਤੀ ਹੈ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਕੀਤੀ। ਉਨ੍ਹਾਂ ਨੇ ਸੂਬੇ ਵਿੱਚ ਪਾਰਦਰਸ਼ੀ ਤੇ ਮਿਆਰੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਕਰੜੀ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਾਨੂੰਨੀ ਵਿਵਸਥਾ ਯਕੀਨੀ ਬਣਾਉਣ ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੁੱਧ ਤਿੰਨ ਦਿਨਾਂ ਵਿੱਚ ਚਾਰਜਸ਼ੀਟ ਦਾਇਰ ਕਰਨ ਦਾ ਸਮਾਂ ਤੈਅ ਕੀਤਾ ਹੈ।
ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਯਮਾਂ ਤੇ ਸੰਵਿਧਾਨਕ ਤਰੀਕਿਆਂ ਨਾਲ ਆਪਣਾ ਕੰਮ ਕਰਨ ਲਈ ਆਖਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਤੇ ਨਿਗਰਾਨੀ ਰੱਖਣ ਲਈ ਡਿਜ਼ੀਟਲ ਪ੍ਰਣਾਲੀ ਵਰਤਣ ਲਈ ਅਪੀਲ ਕੀਤੀ। ਭ੍ਰਿਸ਼ਟਾਚਾਰ ਵਿਰੁੱਧ ਤੇਜ਼ੀ ਨਾਲ ਤੇ ਫੈਸਲਾਕੁਨ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਤਿੰਨ ਦਿਨਾਂ ਦੇ ਅੰਦਰ ਇਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਚਾਰਜਸ਼ੀਟ ਦਾਇਰ ਕਰਨ ਲਈ ਆਖਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਧਿਰ ਦੀ ਗੱਲ ਨਿਰਪੱਖਤਾ ਨਾਲ ਸੁਣਨ ਤੇ ਢੁਕਵਾਂ ਤਰੀਕਾ ਅਪਨਾਉਣ ਦਾ ਹੁਕਮ ਦਿੰਦੇ ਹੋਏ ਅਧਿਕਾਰੀਆਂ ਨੂੰ ਆਪਣੇ ਜੂਨੀਅਰ ਅਧਿਕਾਰੀਆਂ ਦੇ ਕਾਰਜਾਂ ‘ਤੇ ਨਿਗਰਾਨੀ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਇਸੇ ਦੌਰਾਨ ਹੀ ਉਨ੍ਹਾਂ ਨੂੰ ਆਪਣੇ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਕਰਨ ਲਈ ਕਿਹਾ। ਸਰਕਾਰੀ ਮੁਲਾਜ਼ਮਾਂ ਦੀ ਭਲਾਈ ਤੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸੁਧਾਰ ਲਿਆਉਣ ਵਾਸਤੇ ਵੱਖ-ਵੱਖ ਕਦਮ ਚੁੱਕਣ ਲਈ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਆਸ ਕਰਦੇ ਹਨ ਕਿ ਸਾਰੇ ਜ਼ਿਲ੍ਹਾ ਅਧਿਕਾਰੀ ਤੁਰੰਤ ਕਾਰਵਾਈ ਸ਼ੁਰੂ ਕਰਨ ਤੇ ਤੇਜ਼ੀ ਨਾਲ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਸਬੰਧ ਵਿੱਚ ਇਹ ਤਬਦੀਲੀ ਇਕਦਮ ਦਿੱਸਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਮੁੱਖ ਸੱਤ ਅਧਿਕਾਰੀਆਂ ਨੂੰ ਆਪਣੇ ਕੰਮਕਾਜ ਕਰਨ ਦੇ ਤੌਰ ਤਰੀਕਿਆਂ ਵਿੱਚ ਸੁਧਾਰ ਲਿਆਉਣ ਤੇ ਇਨ੍ਹਾਂ ਨੂੰ ਲੋਕਪੱਖੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਵਿੱਚ ਸਬ-ਰਜਿਸਟਰਾਰ, ਤਹਿਸੀਲ, ਸਬ ਡਵੀਜ਼ਨ, ਟਰਾਂਸਪੋਰਟ, ਖੁਰਾਕ ਤੇ ਸਿਵਲ ਸਪਲਾਈ, ਪੁਲੀਸ ਸਟੇਸ਼ਨ ਤੇ ਪਾਵਰਕੌਮ ਦੇ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਰੇਕ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਦਫ਼ਤਰ ਵਿੱਚ ਹਾਜ਼ਰ ਰਹਿਣ ਤੇ ਦੌਰੇ ‘ਤੇ ਹੋਣ ਦੀ ਸੂਰਤ ਵਿੱਚ ਇਸ ਦੀ ਸੂਚਨਾ ਵੈਬਸਾਈਟ ਤੇ ਨੋਟਿਸ ਬੋਰਡ ‘ਤੇ ਲਿਖਣ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਲਣ ਦਾ ਸਮਾਂ ਤੈਅ ਹੋਣਾ ਚਾਹੀਦਾ ਹੈ ਤੇ ਮਿਲਣ ਲਈ ਫੋਨ ਜਾਂ ਵੈੱਬ ‘ਤੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਸਾਰੀਆਂ ਅਰਜ਼ੀਆਂ ਦੀ ਸਕੈਨਿੰਗ ਤੇ ਇਸ ਦਾ ਰਿਕਾਰਡ ਕੰਪਿਊਟਰ ਉਪਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਜਵਾਬ ਤੁਰੰਤ ਈ-ਮੇਲ, ਐਸ.ਐਮ.ਐਸ. ਜਾਂ ਡਾਕ ਰਾਹੀਂ ਭੇਜਿਆ ਜਾਣਾ ਚਾਹੀਦਾ ਹੈ ਤੇ ਸਮੇਂ ਦੀ ਸੀਮਾ ਆਰ.ਟੀ.ਐਸ. ਐਕਟ ਅਨੁਸਾਰ ਹੋਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੀਆਂ ਰਜਿਸਟਰੀਆਂ ਉਸੇ ਦਿਨ ਹੀ ਹੋਣੀਆਂ ਚਾਹੀਦੀਆਂ ਹਨ। ਜੇ ਕੋਈ ਰਜਿਸਟਰੀ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਲਿਖਤੀ ਰੂਪ ਵਿੱਚ ਰਿਕਾਰਡ ‘ਤੇ ਲਿਆਂਦਾ ਜਾਵੇ। ਸਾਰੇ ਇੰਤਕਾਲ ਸੱਤ ਦਿਨਾਂ ਦੇ ਅੰਦਰ ਹੋਣੇ ਚਾਹੀਦੇ ਹਨ ਤੇ ਇੰਤਕਾਲ ਦੀ ਅਰਜ਼ੀ ਜਿਸ ਉਪਰ ਇੰਤਕਾਲ ਕਰਾਉਣ ਵਾਲੀ ਧਿਰ ਦਾ ਪੂਰਾ ਨਾਮ ਤੇ ਪਤਾ ਲਿਖਿਆ ਹੋਵੇ, ਉਹ ਸਬ-ਰਜਿਸਟਰਾਰ ਵੱਲੋਂ ਉਸੇ ਦਿਨ ਹੀ ਫਰਦ ਕੇਂਦਰ ਨੂੰ ਭੇਜੀ ਜਾਣੀ ਚਾਹੀਦੀ ਹੈ।

ਟਰਾਂਸਪੋਰਟ ਪ੍ਰਣਾਲੀ ਨੂੰ ਸਾਫ-ਸੁਥਰਾ ਬਣਾਉਣ ਲਈ ਮੁੱਖ ਮੰਤਰੀ ਨੇ ਸਾਰੇ ਟਰਾਂਸਪੋਰਟ ਟੈਕਸਾਂ ਦੇ ਆਨਲਾਈਨ ਭੁਗਤਾਨ ਦੇ ਹੁਕਮ ਦਿੱਤੇ ਤੇ ਬਕਾਏ ਦੀ ਵਸੂਲੀ ਵੀ ਕੰਪਿਊਟਰ ਅਧਾਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਿਜਲੀ ਕੁਨੈਕਸ਼ਨਾਂ ਦੀਆਂ ਸਾਰੀਆਂ ਅਰਜ਼ੀਆਂ ਆਨਲਾਈਨ ਕੀਤੀਆਂ ਜਾਣ ਤੇ ਲੰਬਿਤ ਪਏ ਮਾਮਲੇ ਵੈਬ ਸਾਈਟ ‘ਤੇ ਪਾਏ ਜਾਣ ਤੇ ਇਨ੍ਹਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਜਾਵੇ।