ਮੁੱਖ ਚੋਣ ਕਮਿਸ਼ਨਰ ਕਹਿੰਦੈ: ਹਾਰ ਹੋਣ ਪਿੱਛੋਂ ਵੋਟ ਮਸ਼ੀਨਾਂ ਬਾਰੇ ਰੌਲਾ ਪਾਉਂਦੀਆਂ ਨੇ ਪਾਰਟੀਆਂ


ਨਵੀਂ ਦਿੱਲੀ, 4 ਜੂਨ (ਪੋਸਟ ਬਿਊਰੋ)- ਚੋਣਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉੱਤੇ ਦੋਸ਼ ਲਾਉਣ ਬਾਰੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਤਿੱਖੀ ਟਿੱਪਣੀ ਕੀਤੀ ਹੈ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੇ ਕੱਲ੍ਹ ਸਿਆਸੀ ਪਾਰਟੀਆਂ ਉਤੇ ਵਰ੍ਹਦੇ ਹੋਏ ਕਿਹਾ ਕਿ ਈ ਵੀ ਐੱਮ (ਇਲੈਕਟਰਾਨਿਕ ਵੋਟਿੰਗ ਮਸ਼ੀਨ) ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ, ਕਿਉਂਕਿ ਉਹ ਬੋਲ ਨਹੀਂ ਸਕਦੀ। ਚੋਣਾਂ ਵਿੱਚ ਬੈਲੇਟ ਪੇਪਰ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਕਿਸੇ ਸੰਭਾਵਨਾ ਨੂੰ ਰੱਦ ਕਰਦੇ ਹੋਏ ਰਾਵਤ ਨੇ ਕਿਹਾ ਕਿ ਹਾਰ ਨੂੰ ਹਜ਼ਮ ਨਾ ਕਰ ਸਕਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਠੀਕਰਾ ਭੰਨਣ ਲਈ ਕਿਸੇ ਦੀ ਲੋੜ ਹੁੰਦੀ ਹੈ। ਮਸ਼ੀਨਾਂ ਦੀ ਗੜਬੜੀ ਬਾਰੇ ਸਵਾਲਾਂ ਉੱਤੇ ਰਾਵਤ ਨੇ ਕਿਹਾ ਕਿ ਜਦੋਂ ਵੀ ਅਜਿਹਾ ਹੁੰਦਾ ਹੈ ਤਾਂ ਅਸੀਂ ਆਪਣੀਂ ਗੱਲ ਰੱਖਦੇ ਹਾਂ। ਪਿਛਲੇ ਸਾਲ ਜੁਲਾਈ ਵਿੱਚ ਸਰਬ ਪਾਰਟੀ ਬੈਠਕ ਵਿੱਚ ਫੈਸਲਾ ਲਿਆ ਗਿਆ ਸੀ ਕਿ ਭਵਿੱਖਿ ਵਿੱਚ ਸਾਰੀਆਂ ਚੋਣਾਂ ਵੋਟ ਮਸ਼ੀਨਾਂ ਨਾਲ ਹੋਣਗੀਆਂ ਅਤੇ ਸਾਰੀਆਂ ਵਿੱਚ ਵੀ ਵੀ ਪੈਟ ਦੀ ਸਹੂਲਤ ਹੋਵੇਗੀ। ਇਸ ਨਾਲ ਵੋਟਰਾਂ ਨੂੰ ਪਤਾ ਲੱਗ ਸਕੇਗਾ ਕਿ ਉਨ੍ਹਾਂ ਨੇ ਜਿਸ ਨੂੰ ਵੋਟ ਦਿੱਤੀ ਹੈ, ਉਸੇ ਨੂੰ ਮਿਲੀ ਹੈ ਜਾਂ ਨਹੀਂ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਦੀ ਵਿਵਸਥਾ ਵਿੱਚ ਪਾਰਦਰਸ਼ਿਤਾ ਅਤੇ ਭਰੋਸੇ ਲਈ ਵੈਰੀਫਿਕੇਸ਼ਨ ਪੇਪਰ ਆਡਿਟ ਟਰੇਲ ਦੀ ਵਿਵਸਥਾ ਸ਼ੁਰੂ ਕੀਤੀ ਹੈ। ਰਾਵਤ ਨੇ ਕਿਹਾ ਕਿ ਕੁਝ ਘੰਟਿਆਂ ਅੰਦਰ ਚੋਣ ਕਮਿਸ਼ਨ ਨਤੀਜਿਆਂ ਦਾ ਐਲਾਨ ਕਰ ਦਿੰਦਾ ਹੈ, ਪਰ ਇਸ ਨਾਲ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੀ ਵੋਟ ਕਿਸ ਨੂੰ ਗਈ ਹੈ ਤੇ ਇਸ ਨਾਲ ਪ੍ਰਕਿਰਿਆ ਵਿੱਚ ਭਰੋਸਾ ਵਧੇਗਾ।