ਮੁੱਕੇਬਾਜ਼ ਮੇਰੀ ਕੌਮ ਪੰਜਵੀਂ ਵਾਰ ਏਸ਼ੀਆਈ ਚੈਂਪੀਅਨ ਜਿੱਤ ਗਈ


* ਭਾਰਤ ਦੀ ਸੋਨੀਆ ਲਾਠਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਹੋ ਚੀ ਮਿੰਨ੍ਹ ਸਿਟੀ (ਵੀਅਤਨਾਮ), 8 ਨਵੰਬਰ, (ਪੋਸਟ ਬਿਊਰੋ)- ਭਾਰਤ ਦੀ ਸਟਾਰ ਮੁੱਕੇਬਾਜ਼ ਐਮ ਸੀ ਮੇਰੀ ਕੌਮ (48 ਕਿਲੋ) ਨੇ ਏਸ਼ੀਆਈ ਮੁੱਕੇਬਾਜ਼ੀ ਵਿੱਚ ਰਿਕਾਰਡ ਪੰਜਵੀਂ ਵਾਰ ਗੋਲਡ ਮੈਡਲ ਜਿੱਤ ਲਿਆ ਹੈ। ਉਸ ਦੇ ਨਾਲ ਭਾਰਤ ਦੀ ਸੋਨੀਆ ਲਾਠਰ (57 ਕਿਲੋ) ਨੇ ਵੀ ਚਾਂਦੀ ਦਾ ਤਮਗਾ ਜਿੱਤ ਲਿਆ ਹੈ।
ਪੰਜ ਵਾਰੀਆਂ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਭਾਰਤ ਦੀ ਮੇਰੀ ਕੌਮ ਨੇ ਅੱਜ ਉੱਤਰੀ ਕੋਰੀਆ ਦੀ ਕਿਮ ਹਯਾਂਗ ਮੀ ਨੂੰ 5-0 ਨਾਲ ਹਰਾਇਆ। ਸਾਲ 2014 ਦੀਆਂ ਏਸ਼ੀਆਈ ਖੇਡਾਂ ਤੋਂ ਬਾਅਦ ਮੇਰੀ ਕੌਮ ਦਾ ਇਹ ਸੰਸਾਰ ਪੱਧਰ ਦਾ ਪਹਿਲਾ ਗੋਲਡ ਮੈਡਲ ਹੈ। ਇਸ ਦੌਰਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਸੋਨੀਆ ਲਾਠਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੂੰ ਫਾਈਨਲ ਮੈਚ ਵਿੱਚ ਚੀਨ ਦੀ ਯਿਨ ਜੋਨਹੁਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਨੂੰ ਇਸ ਵਾਰ ਏਸ਼ੀਆਈ ਚੈਂਪੀਅਨਸਿ਼ਪ ਵਿੱਚ ਇੱਕ ਸੋਨੇ ਦਾ, ਇੱਕ ਚਾਂਦੀ ਦਾ ਤੇ ਪੰਜ ਕਾਂਸੀ ਦੇ ਤਗ਼ਮੇ ਮਿਲੇ ਹਨ। ਮੇਰੀ ਕੌਮ ਨੇ ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਆਪਣਾ ਸ਼ਾਨਦਾਰ ਰਿਕਾਰਡ ਕਾਇਮ ਰੱਖਿਆ। ਉਹ ਹੁਣ ਤੱਕ ਦੇ ਸਾਰੇ ਛੇ ਵਾਰ ਫਾਈਨਲ ਵਿੱਚ ਪਹੁੰਚੀ ਅਤੇ ਸਿਰਫ ਇੱਕ ਵਾਰ ਚਾਂਦੀ ਦੇ ਤਗ਼ਮੇ ਨਾਲ ਸਬਰ ਕੀਤਾ, ਬਾਕੀ ਦੇ 2003, 2005, 2010 ਅਤੇ 2012 ਦੇ ਹਰ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਦੀ ਰਹੀ ਸੀ।
35 ਸਾਲਾ ਮੇਰੀ ਕੌਮ ਦਾ ਸਾਹਮਣਾ ਉੱਤਰੀ ਕੋਰੀਆ ਦੀ ਕਿਮ ਹਯਾਂਗ ਮੀ ਦੇ ਰੂਪ ਵਿੱਚ ਬਹੁਤ ਵੱਡੀ ਹਮਲਾਵਰ ਵਿਰੋਧੀ ਖਿਡਾਰਨ ਨਾਲ ਸੀ, ਪਰ ਮੇਰੀ ਕੌਮ ਇਸ ਚੁਣੌਤੀ ਲਈ ਵੀ ਤਿਆਰ ਸੀ। ਹੁਣ ਤੱਕ ਤਿੰਨ ਮਿੰਟ ਇੱਕ-ਦੂਜੇ ਦਾ ਮੁਲਾਂਕਣ ਕਰਨ ਵਿੱਚ ਨਿਕਲ ਜਾਂਦੇ ਸਨ, ਪਰ ਅੱਜ ਦੇ ਮੁਕਾਬਲੇ ਦੇ ਸ਼ੁਰੂ ਵਿੱਚ ਹੀ ਖੇਡ ਹਮਲਾਵਰ ਹੋ ਗਈ ਅਤੇ ਮੇਰੀ ਕੌਮ ਨੇ ਆਪਣੀ ਵਿਰੋਧੀ ਖਿਡਾਰਨ ਦੇ ਹਰ ਹਮਲੇ ਦਾ ਠੋਕਵਾਂ ਜਵਾਬ ਦਿੱਤਾ। ਦੋਵਾਂ ਨੇ ਤੇਜ਼ ਪੰਚ ਲਾਏ, ਪਰ ਮੇਰੀ ਕੌਮ ਨੇ ਬੜੇ ਠਰ੍ਹੰਮੇ ਨਾਲ ਖੇਡਦਿਆਂ ਜਿੱਤ ਦਰਜ ਕਰ ਲਈ। ਇਸ ਤੋਂ ਉਲਟ ਸੋਨੀਆ ਲਾਠਰ ਦਾ ਮੁਕਾਬਲਾ ਥਕਾਉਣ ਵਾਲਾ ਸੀ। ਉਸ ਦੀ ਮੁਕਾਬਲੇਬਾਜ਼ ਜੋਨਹੁਆ ਨੇ ਸ਼ਾਨਦਾਰ ਜਵਾਬੀ ਹਮਲੇ ਕੀਤੇ ਤੇ ਬਹੁਤ ਜ਼ੋਰਦਾਰ ਪੰਚ ਵੀ ਲਾਏ।
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਭਾਰਤੀ ਟੀਮ ਅਤੇ ਖਾਸ ਕਰਕੇ ਮੇਰੀ ਕੌਮ ਦੀ ਜਿੱਤ ਬਾਰੇ ਕਿਹਾ ਕਿ ਤਿੰਨ ਬੱਚਿਆਂ ਦੀ ਮਾਂ ਬਣਨ ਪਿੱਛੋਂ ਮੇਰੀ ਕੌਮ ਨੇ ਦਿਖਾ ਦਿੱਤਾ ਕਿ ਮਨ ਵਿੱਚ ਲਗਨ ਹੈ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਚੈਂਪੀਅਨਸ਼ਿਪ ਜਿੱਤਣ ਉੱਤੇ ਐਮ ਸੀ ਮੇਰੀ ਕੌਮ ਨੂੰ ਵਧਾਈ ਦਿੱਤੀ ਹੈ। ਕੋਵਿੰਦ ਨੇ ਟਵੀਟ ਕੀਤਾ, ‘ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਉੱਤੇ ਮਣੀਪੁਰ ਤੇ ਭਾਰਤ ਦਾ ਮਾਣ ਮੇਰੀ ਕੌਮ ਨੂੰ ਵਧਾਈ। ਤੁਸੀਂ ਅਪਣੇ ਹਰ ਪੰਚ ਨਾਲ ਸਾਡਾ ਮਾਣ ਵਧਾਇਆ।’ ਨਰਿੰਦਰ ਮੋਦੀ ਨੇ ਮੇਰੀ ਕੌਮ ਨੂੰ ਵਧਾਈ ਦਿੰਦਿਆਂ ਕਿਹਾ, ‘ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਉੱਤੇ ਮੇਰੀ ਕੌਮ ਨੂੰ ਵਧਾਈ। ਭਾਰਤ ਨੂੰ ਤੁਹਾਡੀ ਪ੍ਰਾਪਤੀ ਉੱਤੇ ਮਾਣ ਹੈ।’