ਮੁੱਕਿਆ ਚੇਤ ਵਿਸਾਖੀ ਆਈ..


-ਡਾ. ਲਖਵੀਰ ਸਿੰਘ ਨਾਮਧਾਰੀ
ਪੰਜਾਬ ਦੀ ਧਰਤੀ ਮੇਲਿਆਂ ਦਾ ਦੇਸ਼ ਹੈ। ਇਨ੍ਹਾਂ ਵਿੱਚੋਂ ਵਿਸਾਖੀ ਮੇਲਾ ਆਪਣਾ ਪ੍ਰਮੁੱਖ ਸਥਾਨ ਰੱਖਦਾ ਹੈ। ਵਿਸਾਖ ਚੜ੍ਹਦੇ ਹੀ ਹਾੜੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ, ਇਸ ਲਈ ਵਿਸਾਖੀ ਦਾ ਤਿਉਹਾਰ ਹੋਰਾਂ ਖੁਸ਼ੀਆਂ ਦੇ ਨਾਲ ਆਰਥਿਕ ਖੁਸ਼ਹਾਲੀਆਂ ਵੀ ਲੈ ਕੇ ਆਉਂਦਾ ਹੈ। ਮਹਾਨ ਕੋਸ਼ ਦੇ ਅਨੁਸਾਰ ਵਿਸਾਖੀ ਦਾ ਪੁਰਬ ਭਾਈ ਪਾਰੋ ਪਰਮ ਹੰਸ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਸ਼ੁਰੂ ਕੀਤਾ ਸੀ।
ਵਿਸਾਖੀ ਦੇ ਦਿਹਾੜੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਨੂੰ ਕੇਸਗੜ੍ਹ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਮਿਆਨ ਵਿੱਚੋਂ ਤਲਵਾਰ ਧੂਹ ਕੇ ਸੰਗਤ ਦੇ ਭਾਰੀ ਇਕੱਠ ਵਿੱਚੋਂ ਗੁਰੂ ਸਾਹਿਬ ਨੇ ਇਕ ਸੀਸ ਦੀ ਮੰਗ ਕੀਤੀ। ਇਸ ਮੰਗ ਮੁਤਾਬਕ ਇਕ-ਇਕ ਕਰਕੇ ਪੰਜ ਪਿਆਰਿਆਂ ਨੇ ਆਪਣੇ ਸੀਸ ਅਰਪਣ ਕੀਤੇ। ਗੁਰੂ ਗੋਬਿੰਦ ਸਿੰਘ ਨੇ ਇਨ੍ਹਾਂ ਪੰਜ ਪਿਆਰਿਆਂ ਦੀ ਸਮਰਪਣ ਭਾਵਨਾ ਪਰਖ ਕੇ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਪੰਜ ਪਿਆਰਿਆਂ ਤੋਂ ਖੁਦ ਅੰਮ੍ਰਿਤ ਛਕ ਕੇ ‘ਆਪੇ ਗੁਰ ਚੇਲਾ’ ਦੇ ਨਾਂ ਨਾਲ ਖਾਲਸੇ ਨੂੰ ਨਵੀਂ ਪਛਾਣ ਦਿੱਤੀ। ਦਸਮੇਸ਼ ਪਿਤਾ ਨੇ ਵਿਸਾਖੀ ਵਾਲੇ ਦਿਨ ਕਿਰਤੀ ਸਿੰਘਾਂ ਦੇ ਸਿਰਾਂ ‘ਤੇ ਆਪਣੇ ਹੱਥੀਂ ਕਲਗੀਆਂ ਸਜਾਈਆਂ ਤੇ ਪੰਜ ਪਿਆਰਿਆਂ ਨੂੰ ਆਪਣਾ ਹੀ ਰੂਪ ਮੰਨਿਆ।
ਵਿਸਾਖੀ ਦੇ ਦਿਹਾੜੇ ‘ਤੇ ਪੰਜਾਬ ਵਿੱਚ ਥਾਂ-ਥਾਂ ਮੇਲੇ ਭਰਦੇ ਹਨ। ਭਾਵੇਂ ਪੁਰਾਤਨਤਾ ਦਾ ਗੂੜ੍ਹਾ ਰੂਪ ਮੇਲਿਆਂ ਵਿੱਚ ਨਹੀਂ ਰਿਹਾ, ਫਿਰ ਵੀ ਕਿਤੇ-ਕਿਤੇ ਘੋਲ ਤੇ ਕੁਸ਼ਤੀਆਂ ਹੁੰਦੀਆਂ ਹਨ। ਅਖਾੜੇ, ਗਵੰਤਰੀਆਂ ਦੇ ਗੌਣ, ਕਵੀਸ਼ਰੀ ਤੇ ਢੱਡ ਸਾਰੰਗੀ ਨਾਲ ਸੂਰਮਗਤੀ ਦੀਆਂ ਵਾਰਾਂ ਲੱਗਦੀਆਂ ਹਨ। ਭੰਗੜੇ ਪੈਂਦੇ ਹਨ, ਗਤਕੇਬਾਜ਼ੀ ਹੁੰਦੀ ਹੈ, ਮਾਲਵੇ ਦੇ ਮਰਦਾਂ ਦੇ ਗਿੱਧਿਆਂ ਵਿੱਚ ਧਮਾਲਾਂ ਕਿਧਰੇ-ਕਿਧਰੇ ਨਜ਼ਰੀਂ ਪੈਂਦੀਆਂ ਹਨ ਤੇ ਬਾਜ਼ੀਗਰ ਆਪਣੀਆਂ ਕਲਾਬਾਜ਼ੀਆਂ ਦਿਖਾਉਂਦੇ ਹਨ।
12 ਅਪ੍ਰੈਲ 1857 ਦੀ ਵਿਸਾਖੀ ਦਾ ਵੀ ਇਤਿਹਾਸ ਵਿੱਚ ਅਹਿਮ ਸਥਾਨ ਹੈ। ਇਸ ਦਿਨ ਦੀ ਵਿਸਾਖੀ ਵੀ 1699 ਈਸਵੀ ਦੀ ਵਿਸਾਖੀ ਵਾਂਗ ਦੇਸ਼ ਵਾਸੀਆਂ ਲਈ ਆਜ਼ਾਦੀ ਦਾ ਪੈਗਾਮ ਲੈ ਕੇ ਆਈ। ਇਸ ਦਿਨ ਕੂਕਾ ਅੰਦੋਲਨ ਦੇ ਬਾਨੀ ਬਾਬਾ ਰਾਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਦੱਸੀ ਰਹਿਤ ਮਰਿਆਦਾ ਮੁਤਾਬਕ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਭਾਰਤ ਵਿੱਚ ਅੰਗਰੇਜ਼ਾਂ ਦੇ ਰਾਜ ਖਿਲਾਫ ਆਜ਼ਾਦੀ ਪ੍ਰਾਪਤੀ ਦਾ ਬਿਗਲ ਵਜਾ ਦਿੱਤਾ। ਉਸ ਸਮੇਂ ਦੀਆਂ ਲੋਕ ਬੋਲੀਆਂ ਵਿੱਚ ਆਜ਼ਾਦੀ ਸੰਘਰਸ਼ ਦੇ ਇਸ ਬਿਰਤਾਂਤ ਨੂੰ ਇੰਝ ਬਿਆਨ ਕੀਤਾ ਹੈ:

ਅਠਾਰਾਂ ਸੌ ਸਤਵੰਜਾ ਦੇ ਵਿੱਚ ਜਦੋਂ ਵਿਸਾਖੀ ਆਈ।
ਦੂਰ-ਦੂਰ ਤੱਕ ਘੱਲ ਸੁਨੇਹੇ ਸੰਗਤ ਗੁਰਾਂ ਬੁਲਾਈ।
ਕੌਡਿਆਂ ਤਾਈ ਸੰਤ ਬਣਾ ਕੇ, ਗੁਰਸਿੱਖੀ ਰੁਸ਼ਨਾਈ।
ਬਿੱਲਿਆਂ ਦਾ ਮਿਲਵਰਤਨ ਛੱਡ ਕੇ, ਕੂਕਾ ਲਹਿਰ ਚਲਾਈ।
ਰਾਮ ਸਿੰਘ ਸਤਿਗੁਰ ਨੇ, ਗੋਰਿਆਂ ਨੂੰ ਭਾਜੜ ਪਾਈ।

ਵਿਸਾਖ ਵਿੱਚ ਪੀਲੇ ਫੁੱਲਾਂ ਵਾਲੀ ਸਰੋਂ ਦੀ ਫਸਲ ਦੀਆਂ ਪਲੀਆਂ ਦਾਣਿਆਂ ਨਾਲ ਭਰ ਜਾਂਦੀਆਂ ਹਨ ਅਤੇ ਹਰੀਆਂ ਕਚਾਰ ਕਣਕਾਂ ਰੰਗ ਵਟਾ ਕੇ ਸੋਨੇ ਰੰਗੀ ਭਾਅ ਮਾਰਨ ਲੱਗਦੀਆਂ ਹਨ। ਜਦ ਕਿਸਾਨ ਹਵਾਵਾਂ ਨਾਲ ਲਹਿਰਾਉਂਦੇ ਫਸਲਾਂ ਦੇ ਖੇਤ ਵੇਖਦਾ ਹੈ ਤਾਂ ਉਸ ਅੰਦਰ ਖੁਸ਼ੀਆਂ ਦੇ ਬੇਰ ਪੱਕ ਜਾਂਦੇ ਹਨ। ਗੁਲਾਬ ਤੇ ਡੇਲੀਆ ਮਹਿਕਾਂ ਵੰਡਣ ਲੱਗਦਾ ਹੈ। ਬੋਹੜ, ਪਿੱਪਲ, ਟਾਹਲੀਆਂ, ਤੂਤ ਤੇ ਸਮੁੱਚੀ ਬਨਸਪਤੀ ਹਰੇ ਕਚੂਰ ਲਵੇ-ਲਵੇ ਚਮਕੀਲੇ ਨਵੇਂ ਪੱਤਿਆਂ ਨਾਲ ਲਹਿਰਾਉਣ ਲੱਗ ਜਾਂਦੀ ਹੈ। ਅੰਬਾਂ ਨੂੰ ਬੂਰ ਪੈ ਜਾਂਦਾ ਹੈ। ਵਿਸਾਖ ਮਹੀਨੇ ਦੇ ਇਸ ਸੁਹੱਪਣ ਪ੍ਰਤੀ ਧਨੀ ਰਾਮ ਚਾਤਿ੍ਰਕ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਇੰਝ ਲਿਖਦੇ ਹਨ:

ਪੱਕ ਗਈਆਂ ਕਣਕਾਂ ਲੁਕਾਠ ਰਸਿਆ।
ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।
ਬਾਗਾਂ ਉਤੇ ਰੰਗ ਫੇਰਿਆ ਬਹਾਰ ਨੇ।
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।
ਸਾਈਂ ਦੀ ਨਿਗਾਹ ਜੱਗ ‘ਤੇ ਸਵੱਲੀ ਏ।
ਚੱਲ ਨੀ ਪ੍ਰੇਮੀਏ, ਵਿਸਾਖੀ ਚੱਲੀਏ।

ਅੱਜ ਕੱਲ੍ਹ ਕੰਬਾਈਨਾਂ ਤੇ ਨਵੀਨ ਤਕਨਾਲੋਜੀ ਦੇ ਅਨੇਕਾਂ ਉਪਕਰਨ ਆ ਗਏ ਹਨ, ਪੁਰਾਤਨ ਸਮੇਂ ਵਿੱਚ ਹਾੜ੍ਹੀ ਦੀ ਫਸਲ ਮੰਗ ਪਾ ਕੇ ਵੱਢਦੇ ਸਨ। ਮੰਗ ਪਾਉਣ ਵਾਲੇ ਸਾਰੇ ਯਾਰ ਬੇਲੀ, ਰਿਸ਼ਤੇਦਾਰ ਇਕੱਠੇ ਹੋ ਕੇ ਪਹਿਲਾਂ ਇਕ ਘਰ ਦੀ ਹਾੜ੍ਹੀ ਵੱਢਦੇ ਤੇ ਫਿਰ ਵਾਰੋ-ਵਾਰੀ ਇਕੱਠੇ ਹੋ ਕੇ ਇਕ ਦੂਜੇ ਘਰ ਦਾ ਕੰਮ ਵਾਰੀ ਨਾਲ ਨਿਬੇੜੀ ਜਾਂਦੇ। ਮੰਗ ਪਾਉਣ ਵੇਲੇ ਹਾੜ੍ਹੀ ਵੱਢਣ ਵਾਲਿਆਂ ਵਿੱਚ ਜੋਸ਼ ਭਰਨ ਲਈ ਖੇਤਾਂ ਵਿੱਚ ਸਾਰਾ-ਸਾਰਾ ਦਿਨ ਢੋਲ ਵੱਜਦਾ। ਇਕ ਦੂਸਰੇ ਨਾਲ ਜਿ਼ਦ ਕੇ ਲੋਕ ਦਾਤੀਆਂ ਨਾਲ ਹਾੜ੍ਹੀ ਵੱਢਦੇ। ਲੋਕ ਬੋਲੀਆਂ ਰਾਹੀਂ ਪਤਨੀ ਆਪਣੇ ਪਤੀ ਨੂੰ ਇਹੋ ਕਹਿੰਦੀ ਨਜ਼ਰ ਆਉਂਦੀ ਹੈ:

ਦਾਤੀ ਨੂੰ ਲਵਾਦੇ ਘੁੰਗਰੂ,
ਹਾੜ੍ਹੀ ਵੱਢੂੰਗੀ ਬਰਾਬਰ ਤੇਰੇ।

ਦਾਤੀਆਂ ਨਾਲ ਹਾੜ੍ਹੀ ਵੱਢਣਾ ਸੌਖਾ ਕੰਮ ਨਹੀਂ ਸੀ। ਸਾਰਾ ਦਿਨ ਉਪਰੋਂ ਸੂਰਜ ਅੱਗ ਵਰ੍ਹਾਉਂਦਾ ਅਤੇ ਹੇਠੋਂ ਧਰਤੀ ਸੇਕ ਮਾਰਦੀ। ਅਜਿਹੇ ਦਿ੍ਰਸ਼ ਨੂੰ ਸਾਡਾ ਸੱਭਿਆਚਾਰ ਲੋਕ ਬੋਲੀਆਂ ਰਾਹੀਂ ਇੰਝ ਪ੍ਰਗਟ ਹੁੰਦਾ ਹੈ:

ਵਾਢੀ ਕਰਦੀ ਮੁਰੱਬਿਆਂ ਵਾਲੀ,
ਤਿੱਪ-ਤਿੱਪ ਚੋਵੇ ਮੁੜ੍ਹਕਾ।

ਪੁਰਾਤਨ ਕਹਾਵਤਾਂ ਬਣੀਆਂ ਹੋਈਆਂ ਹਨ ਕਿ ਪੰਜਾਬੀ ਲੋਕ ਦੁਨੀਆ ਵਿੱਚ ਆਉਂਦੀ ਮੇਲਾ ਮਨਾਉਣ ਲਈ ਹਨ। ਇਨ੍ਹਾਂ ਮੇਲਿਆਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਲੋਕ ਪਹੁੰਚਦੇ ਹਨ। ਵਿਸਾਖੀ ਦੇ ਮੇਲੇ ‘ਤੇ ਜਾਣ ਦਾ ਸਭ ਨੂੰ ਚਾਅ ਹੁੰਦਾ ਹੈ। ਮੁਟਿਆਰਾਂ ਤੋਂ ਮੇਲੇ ਜਾਣ ਦੀ ਖੁਸ਼ੀ ਸਾਂਭੀ ਨਹੀਂ ਜਾਂਦੀ। ਅਜਿਹੇ ਚਾਵਾਂ ਨੂੰ ਲੋਕ ਬੋਲੀਆਂ ਇੰਝ ਸਪੱਸ਼ਟ ਕਰਦੀਆਂ ਹਨ:

ਚਿੱਟਿਆ ਕਬੂਤਰਾ ਚਿੱਟੀਆਂ ਵੇ ਅੱਖੀਆਂ,
ਵਿੱਚ ਕਜਲੇ ਦੀ ਧਾਰੀ ਵੇ ਕਬੂਤਰਾ,
ਸਾਡੀ ਹੋਈ ਐ ਵਿਸਾਖੀ ਦੀ ਤਿਆਰੀ ਵੇ ਕਬੂਤਰਾ।

ਜੇ ਕੋਈ ਮੁਟਿਆਰ ਕਿਸੇ ਕਾਰਨ ਮੇਲੇ ਵਿੱਚ ਜਾ ਨਹੀਂ ਸਕਦੀ ਤਾਂ ਉਹ ਮੇਲੇ ਜਾਂਦੇ ਆਪਣੇ ਪਤੀ ਨੂੰ ਆਖਦੀ ਹੈ:

ਮੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ,
ਵਿਸਾਖੀ ਤੋਂ ਲਿਆ ਦੀਂ ਹਾਣੀਆਂ।

ਵਿਸਾਖੀ ਦੇ ਮੇਲੇ ਦੀ ਰੌਣਕ ਮਨ ਨੂੰ ਮੋਹ ਲੈਂਦੀ ਹੈ। ਹਰ ਪਾਸੇ ਸਜੇ ਤਿਆਰ ਬਰ ਤਿਆਰ ਲੋਕਾਂ ਦੀ ਭੀੜ ਨਜ਼ਰ ਆਉਂਦੀ ਹੈ। ਖਾਣ ਪੀਣ ਦੇ ਸ਼ੌਕੀਨ ਹਲਵਾਈਆਂ ਤੋਂ ਪਕੌੜੇ, ਮਠਿਆਈਆਂ ਤੇ ਗਰਮਾ ਗਰਮ ਜਲੇਬੀਆਂ ਖਾਂਦੇ ਹਨ। ਬੱਚੇ ਖਿਡੌਣੇ ਤੇ ਨਵੀਆਂ ਤੋਂ ਨਵੀਆਂ ਕਲਾਤਮਿਕ ਢੰਗ ਨਾਲ ਤਿਆਰ ਕੀਤੀਆਂ ਮਨ ਭਾਉਂਦੀਆਂ ਵਸਤਾਂ ਖਰੀਦਦੇ ਹਨ। ਔਰਤਾਂ ਹਾਰ ਸ਼ਿੰਗਾਰ ਦਾ ਸਾਮਾਨ ਵਿਸਾਖੀ ਮੇਲੇ ਤੋਂ ਖਰੀਦਦੀਆਂ ਹਨ। ਸਰਕਸਾਂ, ਚੰਡੋਲਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਕਲਾਬਾਜ਼ੀਆਂ ਨਾਲ ਚੁਫੇਰੇ ਖੇੜਾ ਹੁੰਦਾ ਹੈ। ਹਰ ਚਿਹਰਾ ਮੁਸਕਰਾਉਂਦਾ ਹੈ। ਵਿਸਾਖੀ ਮੇਲੇ ਦੀ ਰੌਣਕ ਨੂੰ ਵੇਖ ਕੇ ਕਿਸੇ ਗਭਰੇਟ ਮਨ ਵਿੱਚੋਂ ਨਿਕਲੇ ਇਹ ਸ਼ਬਦ ਮਸ਼ਹੂਰ ਲੋਕ ਬੋਲੀ ਦਾ ਰੂਪ ਧਾਰਨ ਕਰ ਗਏ ਹਨ:

ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ,
ਤੇ ਅਸਾਂ ਤੇਰੀ ਤੋਰ ਵੇਖਣੀ।

ਪਹਿਲਾਂ ਵਰਗੀਆਂ ਖੁਸ਼ੀਆਂ ਖੇੜਿਆ ਵਾਲੇ ਰੂਹ ਨੂੰ ਅਨੰਦ ਦੇਣ ਵਾਲੇ ਵਿਸਾਖੀ ਮੇਲੇ ਮੁੜ ਵੇਖਣ ਲਈ ਸਾਨੂੰ ਸਾਡੇ ਸੱਭਿਆਚਾਰ, ਮਾਂ ਬੋਲੀ, ਪਿਤਾ ਪੁਰਖੀ ਜੜ੍ਹਾਂ ਨਾਲ ਜੁੜ ਕੇ ਕੁਦਰਤ ਨਾਲ ਇਕ ਸੁਰ ਹੋ ਕੇ ਚੱਲਣਾ ਪਵੇਗਾ।