ਮੁੰਬਈ ਵਿੱਚ ਬਣ ਰਹੀ ਇਮਾਰਤ ਵਿੱਚ ਅੱਗ ਲੱਗੀ, ਛੇ ਮੌਤਾਂ

juhu building
ਮੁੰਬਈ, 8 ਸਤੰਬਰ (ਪੋਸਟ ਬਿਊਰੋ)- ਮੁੰਬਈ ਦੇ ਉਪ ਨਗਰ ਜੁਹੂ ਵਿੱਚ ਇੱਕ ਬਣ ਰਹੀ ਇਮਾਰਤ ਵਿੱਚ ਕੱਲ੍ਹ ਰਾਤ ਅੱਗ ਲੱਗਣ ਨਾਲ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 11 ਲੋਕ ਜ਼ਖਮੀ ਹੋਏ ਹਨ।
ਫਾਇਰ ਬ੍ਰਿਗੇਡ ਅਧਿਕਾਰੀ ਪ੍ਰਭਾਤ ਰਾਹੰਗਦਾਲੇ ਨੇ ਦੱਸਿਆ ਕਿ ਸਾਰੇ ਪੀੜਤ ਮਜ਼ਦੂਰ ਸਨ। ਹਾਦਸੇ ਸਮੇਂ ਉਹ ਬਣ ਰਹੀ ਇਮਾਰਤ ਵਿੱਚ ਸਨ। ਅਧਿਕਾਰੀਅਨੁਸਾਰ ਕੱਲ੍ਹ ਰਾਤ ਕਰੀਬ 10.30 ਵਜੇ ਇਮਾਰਤ ਵਿੱਚ ਗੈਸ ਸਿਲੰਡਰ ਫਟਣ ਨਾਲ ਅੱਗ ਭੜਕ ਗਈ। ਘਟਨਾ ਵਾਲੀ ਥਾਂ ਪਹੁੰਚਣ ਦੇ ਥੋੜ੍ਹੀ ਦੇਰ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਸੀ, ਪਰ ਤਦ ਤੱਕ ਛੇ ਜਣਿਆਂ ਦੀ ਮੌਤ ਹੋ ਚੁੱਕੀ ਸੀ। ਪ੍ਰਭਾਤ ਦੇ ਅਨੁਸਾਰ ਹਾਦਸੇ ਦੇ ਸਮੇਂ ਇਮਾਰਤ ਵਿੱਚ 17 ਮਜ਼ਦੂਰ ਸਨ। ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਲੋਕਾਂ ਨੇ 10 ਨੂੰ ਬਾਹਰ ਕੱਢ ਲਿਆ ਸੀ। ਬਾਅਦ ਵਿੱਚ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਛੇ ਸੜੀਆਂ ਹੋਈਆਂ ਲਾਸ਼ਾਂ ਕੱਢੀਆਂ। ਪੁਲਸ ਦੇ ਇੱਕ ਅਧਿਕਾਰੀ ਨੇ ਕਿਹਾ, ਜੁਹੂ ਥਾਣੇ ਵਿੱਚ ਉਸਾਰੀ ਅਧੀਨ ਇਮਾਰਤ ਦੇ ਬਿਲਡਰ ਅਤੇ ਠੇਕੇਦਾਰ ਸਮੇਤ ਤਿੰਨ ਜਣਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।