ਮੁੰਬਈ ਵਾਲਿਆਂ ਦਾ ਮਿਜਾਜ਼ ਨਹੀਂ ਸਮਝ ਸਕੀ ਨਰਗਿਸ


ਕਾਫੀ ਸਮੇਂ ਤੋਂ ਉਦੈ ਚੋਪੜਾ ਨਾਲ ਰੋਮਾਂਸ, ਫਿਰ ਬ੍ਰੇਕਅਪ ਅਤੇ ਉਸ ਤੋਂ ਬਾਅਦ ਪੈਚਅਪ ਹੋਣ ਦੀਆਂ ਅਟਕਲਾਂ ਤੋਂ ਪ੍ਰੇਸ਼ਾਨ ਨਰਗਿਸ ਨੇ ਦੱਸਿਆ ਕਿ ਕਿਉਂ ਉਸ ਨੂੰ ਮੁੰਬਈ ‘ਚ ਰਹਿਣਾ ਮੁਸ਼ਕਲ ਲੱਗਦਾ ਹੈ। 2011 ਦੀ ਸੁਪਰਹਿੱਟ ਫਿਲਮ ‘ਰਾਕਸਟਾਰ’ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਤੋਂ ਬਾਅਦ ਵੀ ਛੇ ਸਾਲਾਂ ਵਿੱਚ ਉਸ ਦੇ ਖਾਤੇ ਵਿੱਚ 9 ਹੀ ਫਿਲਮਾਂ ਦਰਜ ਹਨ, ਜਿਨ੍ਹਾਂ ‘ਚੋਂ ਕੁਝ ਵਿੱਚ ਤਾਂ ਉਹ ਬਤੌਰ ਆੀਟਮ ਗਰਲ ਨਜ਼ਰ ਆਈ। ਉਸ ਨੇ 2016 ਵਿੱਚ ਫਿਲਮ ‘ਬੈਂਜੋ’ ਤੋਂ ਬਾਅਦ ਕਿਸੇ ਬਾਲੀਵੁੱਡ ਫਿਲਮ ਵਿੱਚ ਅਭਿਨੈ ਨਹੀਂ ਕੀਤਾ ਅਤੇ ਇਸ ਦਾ ਕਾਰਨ ਉਸ ਨੇ ਮੁੰਬਈ ਅਤੇ ਉਥੋਂ ਦੀ ਫਿਲਮ ਇੰਡਸਟਰੀ ਦੇ ਤਰੀਕਿਆਂ ਨੂੰ ਮੰਨਿਆ।
ਨਰਗਿਸ ਨੇ ਦੱਸਿਆ ਕਿ ਉਸ ਨੂੰ ਇਸ ਸ਼ਹਿਰ ਦਾ ਮਿਜਾਜ਼ ਸਮਝ ਨਹੀਂ ਆਇਆ ਤੇ ਉਹ ਸ਼ਾਇਦ ਇਥੇ ਦੋਸਤ ਵੀ ਨਹੀਂ ਬਣਾ ਸਕੀ। ਉਹ ਕਹਿੰਦੀ ਹੈ, ‘‘ਦੁਨੀਆ ਭਰ ਵਿੱਚ ਮੇਰੇ ਦੋਸਤ ਹਨ, ਪਰ ਇਥੇ ਮੇਰੇ ਦੋ ਹੀ ਦੋਸਤ ਬਣੇ। ਜਦੋਂ ਮੈਂ ‘ਰਾਕਸਟਾਰ’ ਲਈ ਕੰਮ ਕਰ ਰਹੀ ਸੀ ਤਾਂ ਮੈਨੂੰ ਲੱਗਾ ਕਿ ਮੇਰੇ ਦੋਸਤ ਬਣ ਰਹੇ ਹਨ, ਪਰ ਫਿਲਮ ਖਤਮ ਹੋ ਜਾਣ ਤੋਂ ਬਾਅਦ ਸਭ ਆਪੋ-ਆਪਣੇ ਰਾਹ ਪੈ ਗਏ। ਮੇਰੇ ਲਈ ਇਹ ਅਜੀਬ ਸੀ ਅਤੇ ਸ਼ਾਇਦ ਇਸ ਲਈ ਮੈਨੂੰ ਇਹ ਸ਼ਹਿਰ ਰਾਸ ਨਹੀਂ ਆਉਂਦਾ।” ਦੋ ਸਾਲਾਂ ਦੌਰਾਨ ਨਰਗਿਸ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹੀ ਤੇ ਉਸ ਨੇ ਹਾਲੀਵੁੱਡ ਵਿੱਚ ਫਿਲਮ ‘ਸਪਾਈ’ ਵਿੱਚ ਕੰਮ ਵੀ ਕੀਤਾ। ਉਹ ਹੁਣੇ ਹੁਣੇ ਇੱਕ ਪੰਜਾਬੀ ਵੀਡੀਓ ‘ਹੈਬਿਟ ਵਿਗੜਾ ਦੀ’ ਵਿੱਚ ਨਜ਼ਰ ਆਈ ਸੀ ਅਤੇ ਹੁਣ ਸੰਜੇ ਦੱਤ ਦੇ ਆਪੋਜ਼ਿਟ ਫਿਲਮ ‘ਤੋਰਬਾਜ਼’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।