ਮੁੰਬਈ ਧਮਾਕੇ ਕੇਸ ਵਿੱਚ ਤਾਹਿਰ ਅਤੇ ਫ਼ਿਰੋਜ਼ ਨੂੰ ਫਾਂਸੀ ਦਾ ਹੁਕਮ

abu slem
* ਅਬੂ ਸਲੇਮ ਤੇ ਕਰੀਮਉੱਲਾ ਨੂੰ ਉਮਰ ਕੈਦ ਦੀ ਸਜ਼ਾ
ਮੁੰਬਈ, 7 ਸਤੰਬਰ, (ਪੋਸਟ ਬਿਊਰੋ)- ਸਾਲ 1993 ਦੇ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਮੁੰਬਈ ਦੀ ਅਦਾਲਤ ਨੇ ਅੱਜ ਤਾਹਿਰ ਮਰਚੈਂਟ ਅਤੇ ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ ਨੂੰ ਫਾਂਸੀ ਤੇ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸੇ ਕੇਸ ਵਿੱਚ ਅਬੂ ਸਲੇਮ ਦੇ ਨਾਲ ਕਰੀਮ-ਉੱਲਾ ਖ਼ਾਨ ਨੂੰ ਵੀ ਉਮਰ ਕੈਦ ਦੀ ਸਜ਼ਾ ਦਿੱਤੀ, ਪਰ ਪੰਜਵੇਂ ਦੋਸ਼ੀ ਰਿਆਜ਼ ਸਿੱਦੀਕੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਮੁੱਖ ਸਾਜ਼ਿਸ਼ ਕਰਤੇ ਮੁਸਤਫ਼ਾ ਦੌਸਾ ਤੇ ਅਬੂ ਸਲੇਮ ਸਮੇਤ ਛੇ ਜਣਿਆਂ ਨੂੰ ਬੀਤੇ ਜੂਨ ਵਿੱਚ ਇਸ ਕੇਸ ਦੀ ਸੁਣਵਾਈ ਮੁੱਕਣ ਪਿੱਛੋਂ ਦੋਸ਼ੀ ਕਰਾਰ ਦਿੱਤਾ ਸੀ। ਦੋਸ਼ੀ ਅਬਦੁਲ ਕਿਊਮ ਨੂੰ ਸਬੂਤਾਂ ਦੀ ਘਾਟ ਕਾਰਨ ਛੱਡ ਦਿੱਤਾ ਗਿਆ ਸੀ। ਸੱਤ ਦੋਸ਼ੀਆਂ ਉਤੇ ਫੌਜਦਾਰੀ ਸਾਜ਼ਿਸ਼, ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਅਤੇ ਕਤਲਾਂ ਸਮੇਤ ਕਈ ਦੋਸ਼ ਸਨ। ਅਦਾਲਤ ਨੇ 16 ਜੂਨ ਨੂੰ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇਂਦੇ ਹੋਏ ਕਿਹਾ ਸੀ ਕਿ ਸਰਕਾਰੀ ਪੱਖ ਅਬੂ ਸਲੇਮ ਨੂੰ ਮੁੱਖ ਸਾਜ਼ਿਸ਼ ਕਰਤਾ ਸਾਬਤ ਕਰਨ ਵਿੱਚ ਸਫਲ ਰਿਹਾ ਹੈ। ਅਬੂ ਨੇ ਹੀ ਤਿੰਨ ਏ ਕੇ-56 ਰਾਈਫਲਾਂ, ਅਸਲਾ ਅਤੇ ਹਥਗੋਲੇ ਫਿਲਮ ਸਟਾਰ ਸੰਜੇ ਦੱਤ ਨੂੰ ਦਿੱਤੇ ਸਨ। ਅਦਾਲਤ ਨੇ ਕਿਹਾ ਕਿ ਦਾਊਦ ਇਬਰਾਹਿਮ ਦੇ ਫਰਾਰ ਹੋਏ ਭਰਾ ਅਨੀਸ ਇਬਰਾਹਿਮ ਅਤੇ ਮੁਸਤਫਾ ਦੌਸਾ ਦਾ ਨਜ਼ਦੀਕੀ ਰਹਿ ਚੁੱਕਾ ਅਬੂ ਸਲੇਮ ਓਦੋਂ ਡਿੱਘੀ ਤੋਂ ਮੁੰਬਈ ਤੱਕ ਹਥਿਆਰ ਅਤੇ ਅਸਲਾ ਲੈ ਕੇ ਆਇਆ ਸੀ।
ਇਸ ਕੇਸ ਦੌਰਾਨ ਅਬੂ ਸਲੇਮ, ਮੁਸਤਫ਼ਾ ਦੌਸਾ, ਕਰੀਮ-ਉੱਲਾ ਖ਼ਾਨ, ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ, ਰਿਆਜ਼ ਸਿੱਦੀਕੀ, ਤਾਹਿਰ ਮਰਚੈਂਟ ਅਤੇ ਅਬਦੁਲ ਕਿਊਮ ਦੇ ਵਿਰੁੱਧ ਸੁਣਵਾਈ ਮੁੱਖ ਕੇਸ ਤੋਂ ਵੱਖਰੀ ਚੱਲਦੀ ਰਹੀ ਸੀ, ਕਿਉਂਕਿ ਉਨ੍ਹਾਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਸਤਫਾ ਦੌਸਾ ਦੀ 28 ਜੂਨ ਨੂੰ ਦਿਲ ਦੇ ਦੌਰੇ ਕਾਰਨ ਮੁੰਬਈ ਦੇ ਜੇ ਜੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਅਦਾਲਤ ਨੇ ਮੰਨਿਆ ਕਿ ਤਾਹਿਰ ਮਰਚੈਂਟ ਮੁੱਖ ਸਾਜ਼ਿਸ਼ ਕਰਤਿਆਂ ਵਿੱਚੋਂ ਇੱਕ ਸੀ। ਉਸ ਨੇ ਦੁਬਈ ਵਿੱਚ ਇਸ ਸਾਜ਼ਿਸ਼ ਵਾਸਤੇ ਕਈ ਮੀਟਿੰਗਾਂ ਵਿੱਚ ਟਾਈਗਰ ਮੈਮਨ ਨਾਲ ਭਾਗ ਲਿਆ ਸੀ। ਅਦਾਲਤ ਨੇ 16 ਜੂਨ ਨੂੰ ਫੈਸਲੇ ਵਿੱਚ ਕਿਹਾ ਸੀ ਕਿ ਤਾਹਿਰ ਇਸ ਸਾਜ਼ਿਸ਼ ਦੇ ਮੋਢੀਆਂ ਵਿੱਚੋਂ ਸੀ। ਅਦਾਲਤ ਨੇ ਫ਼ਿਰੋਜ਼ ਦੇ ਵਕੀਲ ਦੀ ਉਹ ਦਲੀਲ ਰੱਦ ਕਰ ਦਿੱਤੀ ਕਿ ਉਹ ਫ਼ਿਰੋਜ਼ ਖ਼ਾਨ ਨਹੀਂ, ਸਗੋਂ ਹਮਜ਼ਾ ਹੈ।