ਮੁੰਡਾ ਭਾਗਾਂ ਵਾਲਾ

-ਰੈਮਨ ਡੈਲ ਵੈਲੇ
-ਪੰਜਾਬੀ ਰੂਪ- ਇੰਦੇ
ਪਿੰਡ ਦੀ ਸਭ ਤੋਂ ਬੁੱਢੀ ਤੀਵੀਂ ਆਪਣੇ ਪੋਤਰੇ ਦਾ ਹੱਥ ਫੜ ਕੇ ਹਰੇ-ਹਰੇ ਵਲੇਵੇਂਦਾਰ ਰਾਹ ‘ਤੇ ਹੌਲੀ-ਹੌਲੀ ਤੁਰੀ ਜਾਂਦੀ ਹੈ। ਰਾਹ ਇਹ ਪ੍ਰਭਾਤ ਦੇ ਧੁੰਦਲੇ-ਧੁੰਦਲੇ ਹਨੇਰੇ ਵਿੱਚ ਸੁੰਞਾ-ਸੁੰਞਾ ਲੱਗਦਾ ਹੈ। ਬੁੱਢੀ ਦੀ ਕਮਰ ਝੁਕੀ ਹੈ। ਉਹਨੂੰ ਇਕ-ਇਕ ਕਦਮ ਪੁੱਟਣ ਵੇਲੇ ਡੂੰਘਾ-ਡੂੰਘਾ ਸਾਹ ਖਿੱਚਣਾ ਪੈਂਦਾ ਹੈ। ਬੱਚੇ ਨੂੰ ਉਹ ਕੁਝ ਮੱਤ ਦਿੰਦੀ ਜਾਂਦੀ ਹੈ ਤੇ ਬੱਚਾ ਨਿੰਮ੍ਹਾ-ਨਿੰਮ੍ਹਾ ਡੁਸਕੀ ਜਾਂਦਾ ਹੈ।
‘ਹੁਣ ਤੂੰ ਕਮਾਈ ਕਰਨ ਲੱਗ ਜਾਣਾ ਏ। ਇਸ ਲਈ ਤੈਨੂੰ ਦੂਜਿਆਂ ਦਾ ਆਦਰ ਕਰਨਾ ਚਾਹੀਦਾ ਏ। ਪ੍ਰਭੂ ਦਾ ਇਹੋ ਨੇਮ ਏ।’
‘ਹਾਂ, ਦਾਦੀ।’
‘ਤੈਨੂੰ ਆਪਣੇ ਹਿਤੈਸ਼ੀਆਂ ਤੇ ਚੱਲ ਵੱਸੀਆਂ ਰੂਹਾਂ ਲਈ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਏ।’
‘ਹਾਂ।’
‘ਜੇ ਤੇਰੇ ਕੋਲ ਕੁਝ ਪੈਸਾ ਟਕਾ ਬਚਾ ਜਾਵੇ ਤਾਂ ਛਤਰੀ ਖਰੀਦ ਲਵੀਂ। ਇਥੇ ਮੀਂਹ ਪੈਦਾ ਰਹਿੰਦਾ ਏ।’
‘ਚੰਗਾ।’
‘ਰਾਹ ‘ਤੇ ਚੱਲਣ ਵੇਲੇ ਆਪਣੀਆਂ ਲੱਕੜ ਦੀਆਂ ਜੁੱਤੀਆਂ ਉਤਾਰ ਲਿਆ ਕਰੀਂ।’
‘ਠੀਕ ਏ।’
ਦਾਦੀ ਤੇ ਪੋਤਰਾ ਹੌਲੀ-ਹੌਲੀ ਚਲੀ ਜਾਂਦੇ ਸਨ। ਸੁੰਞੀ-ਸੁੰਞੀ ਸੜਕ ਵੇਖ ਕੇ ਬੱਚੇ ਦਾ ਮੂੰਹ ਹੋਰ-ਹੋਰ ਝਵੀਂ ਜਾਂਦਾ ਸੀ। ਉਹ ਨੂੰ ਵੇਖ ਕੇ ਇਉਂ ਲੱਗਦਾ ਸੀ, ਜਿਵੇਂ ਉਹ ਆਪਣੇ ਜੀਵਨ ਦੇ ਮੁੱਢ ਵਿੱਚ ਹੀ ਉਦਾਸੀ ਅਤੇ ਗਰੀਬੀ ਦੀ ਸਾਕਾਰ ਮੂਰਤ ਹੋਵੇ। ਬੁੱਢੀ ਦੀਆਂ ਜੁੱਤੀਆਂ ਸੜਕ ‘ਤੇ ਪਏ ਕੰਕਰਾਂ ਨਾਲ ਟਕਰਾਉਂਦੀਆਂ ਕਿੜਕਿੜ ਕਰਦੀਆਂ। ਇਹ ਕਿੜਕਿੜ ਸੁਣ ਕੇ ਉਹ ਆਪਣੇ ਸਿਰ ‘ਤੇ ਕੀਤੀ ਹੋਈ ਸ਼ਾਲ ਦੇ ਅੰਦਰ ਕੰਬ-ਕੰਬ ਜਾਂਦੀ। ਲੜਕਾ ਠੰਢੀ ਹਵਾ ਕਰਕੇ ਠੁਠਰਦਾ ਸਿਸਕਣ ਲੱਗ ਜਾਂਦਾ। ਉਹਦੇ ਲੀੜੇ ਲੀਰੋ-ਲੀਰ ਹੋਏ ਸਨ। ਧੂੱਪ ਨਾਲ ਮੂੰਹ ਉਹਦਾ ਕਾਲਾ ਹੋਈ ਜਾਂਦਾ ਤੇ ਉਹਦੇ ਮੂੰਹ ‘ਤੇ ਝੁਰੜੀਆਂ ਆ ਜਾਂਦੀਆਂ। ਪੁਰਾਣੇ ਵੇਲਿਆਂ ਦੇ ਗੁਲਾਮਾਂ ਵਾਂਗ ਉਹਦੇ ਮੱਥੇ ਦੇ ਵਾਲ ਕੱਟੇ ਹੋਏ ਸਨ।
ਪ੍ਰਭਾਤ ਦੇ ਹਨੇਰੇ ਵਿੱਚ ਆਕਾਸ਼ ਵਿੱਚ ਅਜੇ ਵੀ ਚੰਨ ਤਾਰੇ ਟਿਮਟਿਮਾ ਰਹੇ ਸਨ। ਪਿੰਡੋਂ ਨੱਸਦੀ ਹੋਈ ਇਕ ਲੂੰਬੜੀ ਉਨ੍ਹਾਂ ਦੇ ਕੋਲੋਂ ਲੰਘ ਗਈ। ਦੂਰੋਂ ਕੁੱਚਿਆਂ ਦੇ ਭੌਂਕਣ ਦੀ ਅਤੇ ਕਾਂਵਾਂ ਦੀਆਂ ਕਾਂ-ਕਾਂ ਦੀਆਂ ਆਵਾਜ਼ਾਂ ਸੁਣਦੀਆਂ ਸਨ। ਸਹਿਜੇ-ਸਹਿਜੇ ਸੂਰਜ, ਪਹਾੜੀਆਂ ਦੇ ਉਪਰੋਂ ਤੈਰਦਾ ਹੋਇਆ ਨਿਕਲ ਆਇਆ। ਘਾਹ ‘ਤੇ ਤਰੇਲ ਚਮਕ ਪਈ। ਆਲ੍ਹਣੇ ਵਿੱਚੋਂ ਪਹਿਲੀ ਵਾਰ ਨਿਕਲੀ ਚਿੜੀ ਰੁੱਖ ਦੇ ਦੁਆਲੇ ਡਰੀ-ਡਰੀ ਉਡੀ ਜਾਂਦੀ ਸੀ। ਝਰਨੇ ਹੱਸਦੇ ਜਾਪਦੇ, ਰੁੱਖਾਂ ਦੀਆਂ ਡਾਹਣਾਂ ਘੁਰਮੁਰ ਕਰਦੀਆਂ ਤੇ ਦੁਖੀ-ਦੁਖੀ ਤੇ ਉਦਾਸ ਜਿਹੀ ਲੱਗਦੀ ਸੜਕ ਖਿੜ ਪਈ ਸੀ।
ਤੀਵੀਆਂ ਜਲ ਸ੍ਰੋਤ ਤੋਂ ਮੁੜਦੀਆਂ ਗਾਉਂਦੀਆਂ ਆਉਂਦੀਆਂ ਸਨ। ਧੌਲੇ ਵਾਲਾਂ ਵਾਲਾ ਇਕ ਪੇਂਡੂ ਆਪਣੇ ਬਲਦਾਂ ਨੂੰ ਅੱਗੇ-ਅੱਗੇ ਹੱਕਣ ਦੇ ਆਹਰ ਵਿੱਚ ਲੱਗਾ ਸੀ, ਜੋ ਸੜਕ ਦੇ ਕੰਢੇ ਉਗਿਆ ਘਾਹ ਚੁਗਣ ਲਈ ਠਹਿਰ ਜਾਂਦੇ। ਉਹਦੀ ਆਵਾਜ਼ ਕਿੰਨਾ ਹੀ ਚਿਰ ਦੂਰੋਂ ਕੰਨਾਂ ਵਿੱਚ ਪੈਂਦੀ ਰਹੀ।
‘ਤੁਸੀਂ ਮੇਲੇ ਜਾ ਰਹੇ ਹੋ?’
‘ਇਸ ਮੁੰਡੇ ਦੀ ਨੌਕਰੀ ਲਈ ਸੈਨੀ ਮੇਡਿਓ ਜਾ ਰਹੀ ਹਾਂ।’
‘ਇਹਦੀ ਉਮਰ ਕਿੰਨੀ ਏ?’
‘ਖਾਣ ਕਮਾਉਣ ਲਈ ਕਾਫੀ ਏ। ਪਿਛਲੇ ਜੁਲਾਈ ਨੂੰ ਨੌਂ ਵਰ੍ਹਿਆਂ ਦਾ ਹੋ ਗਿਆ ਸੀ।’
ਦਾਦੀ ਤੇ ਪੋਤਾ ਦੋਵੇਂ ਤੁਰੀ ਜਾਂਦੇ ਸਨ। ਸੂਰਜ ਦੀ ਰੌਸ਼ਨੀ ਵਿੱਚ ਪਿੰਡ ਦੇ ਲੋਕ ਉਨ੍ਹਾਂ ਕੋਲੋਂ ਲੰਘੀ ਜਾਂਦੇ। ਘੋੜਿਆਂ ਦਾ ਇਕ ਵਪਾਰੀ ਘੋੜੇ ਦੀਆਂ ਟਾਪਾਂ ਵਿੱਚ ਖੁਸ਼ੀ-ਖੁਸ਼ੀ ਚੱਲੀ ਜਾਂਦਾ। ਬੁੱਢੀਆਂ ਤੀਵੀਆਂ ਚੂਚੇ ਤੇ ਰਾਈ ਆਦਿ ਲੈ ਕੇ ਮੇਲੇ ਨੂੰ ਜਾਂਦੀਆਂ। ਰੁੱਖਾਂ ਵਿੱਚੋਂ ਲੰਘਦਾ ਇਕ ਦਿਹਾਤੀ ਚੱਟਾਨਾਂ ਵਿੱਚ ਉਛਲੀ ਕੁੱਦੀ ਜਾਂਦੀਆਂ ਬੱਕਰੀਆਂ ਨੂੰ ਤਾੜੀ ਜਾਂਦਾ ਸੀ। ਪਿੰਡ ਦੇ ਪਾਦਰੀ ਲਈ ਰਾਹ ਬਣਾਉਂਦੀ ਬੁੱਢੀ ਦਾਦੀ ਮੁੰਡੇ ਨੂੰ ਲੈ ਕੇ ਸੜਕ ਦੇ ਇਕ ਕਿਨਾਰੇ ਖਲੋ ਗਈ। ਪਾਦਰੀ ਪਿੰਡ ਦੇ ਇਕ ਉਤਸਵ ਵਿੱਚ ਬੋਲਣ ਲਈ ਜਾ ਰਿਹਾ ਸੀ।
‘ਨਮਸਕਾਰ।’
ਪਾਦਰੀ ਨੇ ਆਪਣੇ ਘੋੜੇ ਦੀ ਵਾਗ ਖਿੱਚੀ ਤੇ ਪੁੱਛਿਆ, ‘ਮੇਲੇ ਚੱਲੇ ਹੋ?’
‘ਭਲਾ, ਸਾਡੇ ਜਿਹੇ ਗਰੀਬ ਲੋਕ ਮੇਲੇ ਜਾ ਕੇ ਕੀ ਕਰਨਗੇ। ਅਸੀਂ ਤਾਂ ਸੈਨੀ ਮੇਡਿਉ ਚੱਲੇ ਹਾਂ। ਇਸ ਮੁੰਡੇ ਨੂੰ ਕਿਸੇ ਕੰਮ ਲਾਉਣਾ ਏ।’
‘ਇਹ ਮੁੰਡਾ ਆਪਣਾ ਧਰਮ ਜਾਣਦਾ ਏ ਨਾ?’
‘ਹਾਂ, ਜਾਣਦਾ ਏ। ਗਰੀਬੀ ਕਿਸੇ ਨੂੰ ਈਸਾਈ ਹੋਣ ਤੋਂ ਨਹੀਂ ਰੋਕਦੀ।’
ਤੇ ਫਿਰ ਦੋਵੇਂ ਜਣੇ ਹੌਲੀ-ਹੌਲੀ ਤੁਰ ਪਏ। ਦੂਰ ਸੈਨੀ ਮੇਡਿਉ ਦੇ ਗਿਰਜਾ ਘਰ ਦੇ ਚੌਹੀਂ ਪਾਸੇ ਉਗੇ ਸਰੂ ਦੇ ਰੁੱਖ ਝਲਕਣ ਲੱਗ ਪਏ ਸਨ। ਜਾਪਦਾ, ਉਨ੍ਹਾਂ ਦੀਆਂ ਚੋਟੀਆਂ ‘ਤੇ ਸੁਨਹਿਰੀ ਧੁੱਪ ਮੱਲ੍ਹਮ ਲਾ ਰਹੀ ਹੋਵੇ। ਪਿੰਡ ਦੇ ਹਰ ਇਕ ਘਰ ਦਾ ਦਰਵਾਜ਼ਾ ਖੁੱਲ੍ਹਾ ਹੈ ਤੇ ਉਨ੍ਹਾਂ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਉਠਦਾ ਆਕਾਸ਼ ਵਿੱਚ ਇਉਂ ਲੀਨ ਹੋ ਜਾਂਦਾ ਹੈ ਜਿਵੇਂ ਇਕਾਂਤ ਦਾ ਸਵਾਗਤ ਹੋ ਰਿਹਾ ਹੋਵੇ। ਦਾਦੀ ਤੇ ਪੋਤਾ ਬਰਸਾਤੀ ਵਿੱਚ ਜਾ ਵੜੇ। ਦਰਵਾਜ਼ੇ ‘ਤੇ ਬੈਠਾ ਇਕ ਅੰਨ੍ਹਾ ਆਦਮੀ ਖੈਰ ਮੰਗ ਰਿਹਾ ਸੀ। ਅੱਖਾਂ ਉਹ ਦੀਆਂ ਆਕਾਸ਼ ਵੱਲ ਲੱਗੀਆਂ ਸਨ।
‘ਸੰਤ ਲੂਸੀ ਤੁਹਾਡੀ ਦੇਹ ਦੀ ਅਰੋਗਤਾ ਅਤੇ ਅੱਖਾਂ ਦੀ ਜੋਤ ਬਣਾਈ ਰੱਖੇ ਤੇ ਤੁਹਾਡੀ ਰੋਜ਼ੀ ਰੋਟੀ ਬਣੀ ਰਹੇ। ਭਗਵਾਨ ਤੁਹਾਨੂੰ ਖਾਣ ਪੀਣ ਤੇ ਦਾਨ ਦੱਛਣਾ ਦੇਣ ਲਈ ਦਿੰਦਾ ਰਹੇ। ਤੁਹਾਡੀ ਸਿਹਤ ਤੇ ਭਾਗ ਤੁਹਾਡੇ ਬਣੇ ਰਹਿਣ। ਭਗਵਾਨ ਦੇ ਬੰਦੇ ਬਿਨਾਂ ਕੁਝ ਦਿੱਤਿਆਂ ਨਹੀਂ ਜਾਂਦੇ..।’
ਅੰਨ੍ਹੇ ਆਦਮੀ ਨੇ ਆਪਣੀ ਖਾਲੀ ਹੱਥ ਸੜਕ ਵੱਲ ਫੈਲਾਏ ਹੋਏ ਸਨ। ਆਪਣੇ ਪੋਤਰੇ ਨਾਲ ਉਹਦੇ ਕੋਲ ਆ ਕੇ ਦਾਦੀ ਨੇ ਕਿਹਾ, ‘ਭਾਈ, ਅਸੀਂ ਗਰੀਬ ਬੰਦੇ ਹਾਂ। ਅਸਾਂ ਸੁਣਿਆ ਸੀ, ਤੁਹਾਨੂੰ ਇਕ ਨੌਕਰ ਦੀ ਲੋੜ ਏ।’
‘ਹਾਂ, ਹੈ। ਮੇਰੇ ਪਿਛਲੇ ਨੌਕਰ ਦਾ ਇਕ ਸਫਰ ‘ਚ ਸਿਰ ਫੁੱਟ ਗਿਆ ਸੀ। ਹੁਣ ਉਹ ਉਕਾ ਕੰਮ ਦਾ ਨਹੀਂ ਰਿਹਾ..।’
‘ਮੈਂ ਆਪਣੇ ਪੋਤਰੇ ਨੂੰ ਨਾਲ ਲਿਆਂਦਾ ਏ।’
‘ਬੜਾ ਚੰਗਾ ਕੀਤਾ।’
ਅੰਨ੍ਹੇ ਭਿਖਾਰੀ ਨੇ ਆਪਣਾ ਹੱਥ ਇਉਂ ਅੱਗੇ ਕੀਤਾ, ਜਿਵੇਂ ਹਵਾ ਫੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।
‘ਬੇਟਾ, ਮੇਰੇ ਕੋਲ ਆਓ।’
ਦਾਦੀ ਨੇ ਖਿੱਝ ਕੇ ਉਹਨੂੰ ਅੱਗੇ ਕੀਤਾ। ਮੁੰਡਾ ਮੇਮਣੇ ਵਾਂਗ ਕੰਬ ਰਿਹਾ ਸੀ। ਅੰਨ੍ਹੇ ਨੇ ਆਪਣਾ ਪੀਲਾ-ਪੀਲਾ ਹੱਥ ਮੁੰਡੇ ਦੇ ਸਿਰ ‘ਤੇ ਰੱਖਿਆ ਤੇ ਸਿਰ ਤੋਂ ਹੇਠਾਂ ਤੀਕ ਹੱਥ ਫੇਰ ਗਿਆ।
‘ਸਾਮਾਨ ਚੁੱਕ ਕੇ ਪਹਾੜ ‘ਤੇ ਚੜ੍ਹਨ ਨਾਲ ਤੂੰ ਥੱਕਦਾ ਤਾਂ ਨਹੀਂ?’
‘ਨਹੀਂ, ਮੈਨੂੰ ਇਹਦਾ ਅਭਿਆਸ ਏ।’
‘ਪਿੰਡ ਦੇ ਰਾਹ ਤੂੰ ਸਿਆਣਦਾ ਏਂ?’
‘ਜਿਹੜਾ ਰਾਹ ਨਹੀਂ ਜਾਣਦਾ, ਪੁੱਛ ਲਵਾਂਗਾ।’
‘ਚੱਲਦੇ-ਚੱਲਦੇ ਜਦ ਮੈਂ ਇਕ ਗੀਤ ਗਾ ਲਵਾਂਗਾ ਤਾਂ ਦੂਜਾ ਗੀਤ ਤੈਨੂੰ ਗਾਣਾ ਪਵੇਗਾ। ਕਰ ਲਵੇਂਗਾ?’
‘ਅਭਿਆਸ ਨਾਲ ਕਰ ਲਵਾਂਗਾ।’
‘ਕਿਸੇ ਅੰਨ੍ਹੇ ਦਾ ਨੌਕਰ ਹੋਣਾ ਬਹੁਤੇ ਲੋਕ ਪਸੰਦ ਨਹੀਂ ਕਰਦੇ।’
‘ਹਾਂ।’
‘ਚੰਗਾ, ਜੇ ਆ ਗਏ ਹੋ ਤਾਂ ਚੱਲੋ, ਪਾਜੀਸੇਲਾ ਚੱਲਦੇ ਹਾਂ। ਉਥੋਂ ਦੇ ਲੋਕ ਦਿਆਲੂ ਨੇ। ਇਥੇ ਤਾਂ ਫੁੱਟੀ ਕੌਡੀ ਨਹੀਂ ਮਿਲਦੀ।’
ਅੰਨ੍ਹਾ ਆਦਮੀ ਉਠਿਆ ਤੇ ਮੁੰਡੇ ਦੇ ਮੋਢੇ ‘ਤੇ ਹੱਥ ਰੱਖ ਕੇ ਤੁਰ ਪਿਆ। ਮੁੰਡਾ ਸਾਹਵੇਂ ਵਿਛੀ ਲੰਮੀ ਸੜਕ ਵੇਖ ਕੇ ਉਦਾਸ ਹੋ ਗਿਆ। ਦੂਰ ਇਕ ਮਜ਼ਦੂਰ ਝੁਕੇ-ਝੁਕੇ ਘਾਹ ਕੱਟ ਰਿਹਾ ਸੀ। ਅੰਨ੍ਹਾ ਆਦਮੀ ਮੁੰਡੇ ਨਾਲ ਅੱਗੇ ਵਧ ਗਿਆ ਤੇ ਬੁੱਢੀ ਆਪਣੀਆਂ ਅੱਖਾਂ ਪੂੰਝਦੀ ਸੋਚ ਰਹੀ ਸੀ ‘ਮੁੰਡਾ ਕਿੰਨਾ ਭਾਗਾਂ ਵਾਲਾ ਏ. ਅਜੇ ਨੌਂ ਸਾਲਾਂ ਦਾ ਹੋਇਆ ਏ ਤੇ ਆਪਣੇ ਜੋਗਾ ਹੋ ਗਿਆ ਏ..ਹੇ ਪ੍ਰਭੂ, ਇਹ ਸਾਰੀ ਤੇਰੀ ਕਿਰਪਾ ਏ।’