ਮੁਹਾਜਿਰਾਂ ਨੇ ਅਮਰੀਕਾ ਵਿੱਚ ਫ੍ਰੀ ਕਰਾਚੀ ਮੁਹਿੰਮ ਸ਼ੁਰੂ ਕੀਤੀ


ਵਾਸ਼ਿੰਗਟਨ, 17 ਜਨਵਰੀ (ਪੋਸਟ ਬਿਊਰੋ)- ਮੁਹਾਜਿਰਾਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ੍ਰੀ ਕਰਾਚੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਗਰੁੱਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ‘ਤੇ ਸਥਾਨਕ ਸਰਕਾਰ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਹੈ। ਇਸ ਗਰੁੱਪ ਨੇ ਇੱਕ ਮਿੰਨੀ ਟਰੱਕ ਦੇ ਨਾਲ ਲਗਭਗ ਛੇ ਕੈਂਬਜ਼ ‘ਫ੍ਰੀ ਕਰਾਚੀ ਮੁਹਿੰਮ’ ਬੈਨਰ ਦੇ ਨਾਲ ਮਾਰਟਿਨ ਲੂਥਰ ਪਰੇਡ ਵਿੱਚ ਹਿੱਸਾ ਲਿਆ।
ਮੁਹਾਜਿਰਾਂ ਦੀ ਸਿਆਸੀ ਪਾਰਟੀ ਮੁਤਾਹਿਦਾ ਕੌਮੀ ਮੂਵਮੈਂਟ ਦੇ ਕਨਵੀਨਰ ਨਦੀਮ ਨੁਸਰਤ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਰਾਚੀ ਨੂੰ ਪਾਕਿਸਤਾਨ ਦੇ ਕਬਜ਼ੇ ‘ਚੋਂ ਬਾਹਰ ਕੱਢਿਆ ਜਾਵੇ। ਅਸੀਂ ਚਾਹੁੰਦੇ ਹਾਂ ਕਿ ਕਰਾਚੀ ਨੂੰ ਸੁਰੱਖਿਆਂ ਫੋਰਸਾਂ ਤੋਂ ਮੁਕਤ ਕੀਤਾ ਜਾਵੇ। ਅਸੀਂ ਕਰਾਚੀ ਦੇ ਲੋਕਾਂ ਲਈ ਮਨੁੁੱਖੀ ਹੱਕਾਂ ਦੀ ਮੰਗ ਕਰਦੇ ਹਾਂ। ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ ਵਿੱਚ ਪਾਰਲੀਮੈਂਟ ਦੇ ਮੈਂਬਰਾਂ ਨਾਲ ਸੰਪਰਕ ਕਰਨਗੇ ਅਤੇ ਲੋੜ ਪਈ ਤਾਂ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਵੀ ਮੰਗ ਉਠਾਉਣਗੇ। ਮੁਹਾਜਿਰ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ, ਜੋ ਭਾਰਤ-ਪਾਕਿ ਵੰਡ ਮੌਕੇਂ 1947 ਵਿੱਚ ਭਾਰਤ ਛੱਡ ਕੇ ਪਾਕਿਸਤਾਨ ਗਏ ਸਨ। ਇਨ੍ਹਾਂ ਵਿੱਚ ਕਾਫੀ ਗਿਣਤੀ ਵਿੱਚ ਲੋਕ ਸਿੰਧ ਸੂਬੇ ਵਿੱਚ ਰਹਿਣ ਲੱਗੇ ਸਨ।