ਮੁਸੀਬਤਾਂ ਗੇੜਦਾ ਸਾਈਕਲ ਦਾ ਪੈਡਲ

-ਜਗਤਾਰ ਸਮਾਲਸਰ
ਕੁਝ ਮਹੀਨਿਆਂ ਤੋਂ 14-15 ਸਾਲ ਦਾ ਲੜਕਾ ਸਾਡੇ ਦਫਤਰ ਅਖਬਾਰ ਦੇਣ ਲਈ ਆਉਣਾ ਸ਼ੁਰੂ ਹੋਇਆ। ਉਹ ਬਹੁਤ ਜਲਦੀ-ਜਲਦੀ ਆਉਂਦਾ ਤੇ ਅਖਬਾਰਾਂ ਗੇਟ ਅੱਗੇ ਸੁੱਟ ਕੇ ਕਾਹਲੀ-ਕਾਹਲੀ ਆਪਣੇ ਸਾਈਕਲ ਨੂੰ ਪੈਡਲ ਮਾਰਦਾ ਅੱਗ ਵਧ ਜਾਂਦਾ। ਕਈ ਵਾਰ ਤਾਂ ਉਹ ਦਫਤਰ ਖੋਲ੍ਹਣ ਤੋਂ ਪਹਿਲਾਂ ਹੀ ਅਖਬਾਰਾਂ ਸੁੱਟ ਕੇ ਚਲਾ ਜਾਂਦਾ। ਉਸ ਨੂੰ ਤੱਕਦਿਆਂ ਮਹਿਸੂਸ ਹੁੰਦਾ, ਜਿਵੇਂ ਉਹ ਕੋਈ ਵੱਡੀ ਜ਼ਿੰਮੇਵਾਰੀ ਨਿਭਾ ਰਿਹਾ ਹੋਵੇ। ਜਦੋਂ ਉਸ ਦੇ ਮਾਸੂਮ ਜਿਹੇ ਚਿਹਰੇ ਵੱਲ ਦੇਖਦਾ ਤਾਂ ਉਹ ਵੀ ਥੋੜ੍ਹਾ ਜਿਹਾ ਮੁਸਕਰਾ ਕੇ ਮੇਰੇ ਵੱਲ ਝਾਕਦਾ। ਉਸ ਦਾ ਅਣਭੋਲ ਜਿਹਾ ਚਿਹਰਾ ਦੇਖ ਕੇ ਮੈਂ ਸੋਚ ਵਿੱਚ ਡੁੱਬ ਜਾਂਦਾ ਕਿ ਆਖਰ ਅਜਿਹੀ ਕੀ ਮਜਬੂਰੀ ਹੈ ਜਿਸ ਨੇ ਬਾਲ ਵਰੇਸ ਵਿੱਚ ਹੀ ਇਸ ਮਾਸੂਮ ਨੂੰ ਜੀਵਨ ਵਿੱਚ ਐਨੀ ਵੱਡੀ ਜ਼ਿੰਮੇਵਾਰੀ ਵਾਲਾ ਅਹਿਸਾਸ ਕਰਵਾ ਦਿੱਤਾ ਹੈ।
ਇਕ ਦਿਨ ਐਤਵਾਰ ਨੂੰ ਅਖਬਾਰ ਦੇਣ ਉਹ ਕੁਝ ਲੇਟ ਆਇਆ ਤਾਂ ਮੈਂ ਉਸ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਉਸ ਨਾਲ ਗੱਲੀਂ ਪੈ ਗਿਆ। ਉਸ ਦੇ ਪਰਵਾਰ ਬਾਰੇ ਪੁੱਛਿਆ। ਇਹ ਪੁੱਛਣ ਸਾਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ, ਜਿਵੇਂ ਕਿਸੇ ਦੁਖਦੀ ਰਗ ਉਤੇ ਹੱਥ ਧਰਿਆ ਗਿਆ ਹੋਵੇ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਹੁਤ ਜ਼ਿਆਦਾ ਬਿਮਾਰ ਹਨ, ਮਾਂ ਕਈ ਸਾਲ ਪਹਿਲਾਂ ਬਿਮਾਰੀ ਕਾਰਨ ਗੁਜ਼ਰ ਗਈ ਸੀ। ਉਸ ਸਮੇਂ ਉਹ ਬਹੁਤ ਛੋਟਾ ਸੀ। ਉਸ ਨੂੰ ਆਪਣੀ ਮਾਂ ਦਾ ਚਿਹਰਾ ਵੀ ਯਾਦ ਨਹੀਂ। ਹੁਣ ਘਰ ਵਿੱਚ ਉਸ ਤੋਂ ਵੱਡੀਆਂ ਦੋ ਭੈਣਾਂ ਘਰ ਵਿੱਚ ਸਿਲਾਈ ਕਢਾਈ ਦਾ ਕੰਮ ਕਰਕੇ ਪਰਵਾਰ ਦਾ ਗੁਜ਼ਾਰਾ ਕਰਦੀਆਂ ਹਨ। ਬਿਮਾਰ ਹੋਣ ਕਾਰਨ ਪਿਤਾ ਜੀ ਕੰਮ ਨਹੀਂ ਕਰ ਸਕਦੇ। ਸਾਰਾ ਖਰਚ ਭੈਣਾਂ ਦੇ ਸਿਰ ‘ਤੇ ਚੱਲਦਾ ਸੀ ਅਤੇ ਬਿਮਾਰ ਪਿਤਾ ਦੀਆਂ ਦਵਾਈਆਂ ਦਾ ਖਰਚ ਤੇ ਸਕੂਲ ਦੀ ਫੀਸ ਉਹ ਅਖਬਾਰਾਂ ਵੰਡ ਕੇ ਕੱਢਦਾ ਸੀ।
ਉਹਦੀ ਦਰਦ ਕਹਾਣੀ ਸੁਣ ਕੇ ਮੈਂ ਝੰਜੋੜਿਆ ਗਿਆ। ਉਹ ਵੀ ਰੋ ਰਿਹਾ ਸੀ। ਮੈਂ ਉਸ ਨੂੰ ਚੁੱਪ ਕਰਵਾਉਣ ਲਈ ਆਪਣੇ ਕਲਾਵੇ ਵਿੱਚ ਲੈ ਲਿਆ, ਪਰ ਉਸ ਮਾਸੂਮ ਅਤੇ ਅਣਭੋਲ ਸੂਰਜ ਦੀਆਂ ਗੱਲਾਂ ਸੁਣ ਕੇ ਮੇਰਾ ਗੱਚ ਭਰ ਆਇਆ ਸੀ। ਉਸ ਨੇ ਦੱਸਿਆ ਸੀ ਕਿ ਪਹਿਲਾਂ ਘਰ ਦਾ ਸਾਰਾ ਖਰਚ ਉਸ ਦੀਆਂ ਭੈਣਾਂ ਆਪਣੀ ਮਿਹਨਤ ਨਾਲ ਚਲਾਉਂਦੀਆਂ ਸਨ, ਪਰ ਖਰਚ ਜ਼ਿਆਦਾ ਹੋਣ ਕਾਰਨ ਪੂਰੀ ਨਹੀਂ ਸੀ ਪੈ ਰਹੀ। ਫਿਰ ਉਸ ਨੇ ਖੁਦ ਹੀ ਆਪਣੇ ਲਈ ਅਖਬਾਰਾਂ ਵਾਲਾ ਕੰਮ ਲੱਭ ਲਿਆ। ਗੱਲਾਂ ਵਿੱਚੋਂ ਗੱਲ ਚੱਲੀ ਕਿ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ, ਉਹ ਵੱਡਾ ਹੋ ਕੇ ਅਫਸਰ ਬਣਨਾ ਚਾਹੁੰਦਾ ਹੈ। ਜੇ ਉਹ ਕੋਈ ਹੋਰ ਕੰਮ ਕਰਦਾ ਤਾਂ ਉਸ ਨੂੰ ਪੜ੍ਹਾਈ ਵਿਚਾਲੇ ਛੱਡਣੀ ਪੈਣੀ ਸੀ, ਪਰ ਹੁਣ ਉਹ ਰੋਜ਼ ਕਰੀਬ 100 ਅਖਬਾਰਾਂ ਵੰਡ ਕੇ ਆਪਣੇ ਸਕੂਲ ਚਲਾ ਜਾਂਦਾ ਹੈ। ਇਸ ਨਾਲ ਉਹਦੀ ਪੜ੍ਹਾਈ ਵੀ ਚੱਲ ਰਹੀ ਹੈ ਤੇ ਭੈਣਾਂ ਦੇ ਸਿਰ ਤੋਂ ਘਰ ਦੇ ਖਰਚ ਦਾ ਬੋਝ ਵੀ ਘਟ ਗਿਆ ਹੈ। ਉਸ ਦੀਆਂ ਗੱਲਾਂ ਮੈਨੂੰ ਉਸ ਦੀ ਉਮਰ ਤੋਂ ਕਿਤੇ ਵਡੇਰੀਆਂ ਲੱਗੀਆਂ। ਸੋਚ ਰਿਹਾ ਸੀ ਕਿ ਮਜਬੂਰੀਆਂ ਕਿਵੇਂ ਛੋਟੀ ਜਿਹੀ ਉਮਰ ਵਿੱਚ ਹੀ ਇਨਸਾਨ ਨੂੰ ਐਨਾ ਸਿਆਣਾ ਬਣਾ ਦਿੰਦੀਆਂ ਹਨ।
ਉਸ ਦਿਨ ਉਹ ਆਪਣੀ ਕਹਾਣੀ ਸੁਣਾ ਕੇ ਚਲਾ ਗਿਆ। ਕਈ ਦਿਨਾਂ ਤੋਂ ਉਸ ਨੇ ਅਖਬਾਰਾਂ ਵੰਡਣ ਲਈ ਆਉਣਾ ਛੱਡ ਦਿੱਤਾ ਸੀ। ਉਸ ਦੀ ਥਾਂ ਅਖਬਾਰ ਦੇਣ ਵਾਲੇ ਬੰਦੇ ਕੋਲੋਂ ਜਦੋਂ ਸੂਰਜ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸੂਰਜ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਰਹੇ। ਕਈ ਦਿਨਾਂ ਪਿੱਛੋਂ ਜਦੋਂ ਉਸ ਨੇ ਦੁਬਾਰਾ ਅਖਬਾਰਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਤਾਂ ਮੈਂ ਉਸ ਦੇ ਪਿਤਾ ਦੇ ਤੁਰ ਜਾਣ ਦਾ ਦੁੱਖ ਵੰਡਾਇਆ ਅਤੇ ਆਖਿਆ, ‘ਸੂਰਜ, ਬਹੁਤ ਮਾੜਾ ਹੋਇਆ। ਹੁਣ ਤੇਰੀਆਂ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ ਨੇ। ਭੈਣਾਂ ਦੇ ਵਿਆਹ ਕਰਨ ਦੀ ਜ਼ਿੰਮੇਵਾਰੀ ਵੀ ਹੁਣ ਪੂਰੀ ਤਰ੍ਹਾਂ ਤੇਰੇ ਮੋਢਿਆ ‘ਤੇ ਆ ਪਈ ਹੈ।’ ਉਹ ਬਹੁਤ ਹੌਸਲੇ ਨਾਲ ਬੋਲਿਆ, ‘ਹਾਂ ਅੰਕਲ ਜੀ, ਮੈਂ ਜਾਣਦਾ ਹਾਂ, ਮੇਰੀ ਜ਼ਿੰਮੇਵਾਰੀ ਵਧ ਗਈ ਹੈ। ਪਹਿਲਾਂ ਮੈਂ ਪੰਜ ਵਜੇ ਜਾਗਦਾ ਸੀ, ਹੁਣ ਚਾਰ ਵਜੇ ਉਠਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਮੈਂ 100 ਅਖਬਾਰਾਂ ਵੰਡ ਕੇ ਸਕੂਲ ਜਾਂਦਾ ਸੀ, ਹੁਣ 200 ਅਖਬਾਰਾਂ ਵੰਡਦਾ ਹਾਂ। ਏਜੰਸੀ ਵਾਲਿਆਂ ਨੇ ਪੈਸੇ ਦੁੱਗਣੇ ਕਰ ਦਿੱਤੇ ਹਨ।’ ਉਹ ਇੰਜ ਬੋਲ ਰਿਹਾ ਸੀ, ਜਿਵੇਂ ਮੁਸੀਬਤਾਂ ਨੂੰ ਵੰਗਾਰ ਰਿਹਾ ਹੋਵੇ। ਫਿਰ ਰੋਜ਼ ਵਾਂਗ ਉਸ ਨੇ ਆਪਣੇ ਸਾਈਕਲ ਨੂੰ ਪੈਡਲ ਮਾਰਿਆ ਤੇ ਤੇਜ਼ੀ ਨਾਲ ਅੱਗੇ ਵਧ ਗਿਆ।