ਮੁਸਾਫਰ ਨੇ ਚੀਨੀ ਜਹਾਜ਼ ਵਿੱਚ ਮਹਿਲਾ ਮੁਲਾਜ਼ਮ ਨੂੰ ਬੰਦੀ ਬਣਾ ਲਿਆ


ਬੀਜਿੰਗ, 16 ਅਪ੍ਰੈਲ (ਪੋਸਟ ਬਿਊਰੋ)- ਏਅਰ ਚਾਈਨਾ ਦੇ ਇੱਕ ਜਹਾਜ਼ ਵਿੱਚ ਪਰਸੋਂ ਇੱਕ ਮੁਸਾਫਰ ਨੇ ਫਾਊਂਟੇਨ ਪੈਨ ਨੂੰ ਹਥਿਆਰ ਦੀ ਤਰ੍ਹਾਂ ਵਰਤਦੇ ਹੋਏ ਮਹਿਲਾ ਮੁਲਾਜ਼ਮ ਨੂੰ ਬੰਦੀ ਬਣਾ ਲਿਆ। ਇਸ ਮਗਰੋਂ ਮੁਲਾਜ਼ਮਾਂ ਨੇ ਸੈਂਟਰਲ ਚੀਨ ਦੇ ਝੇਂਗਝੋਊ ਏਅਰਪੋਰਟ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਮਗਰੋਂ ਹਾਲਾਤ ‘ਤੇ ਕਾਬੂ ਪਾਇਆ।
ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ ਨੇ ਹੂਨਾਨ ਸੂਬੇ ਦੇ ਚਾਂਗਸ਼ਾ ਤੋਂ ਬੀਜਿੰਗ ਲਈ ਉਡਾਣ ਭਰੀ ਸੀ। ਚੀਨ ਦੇ ਸਿਵਲ ਐਵੀਏਸ਼ਨ ਐਡਮਨਿਸਟਰੇਸ਼ਨ ਮੁਤਾਬਕ ਮੁਲਜ਼ਮ ਇਸ ਯਾਤਰੀ ਨੇ ਮਹਿਲਾ ਮੁਲਾਜ਼ਮ ਨੂੰ ਧਮਕਾਉਣ ਲਈ ਇਹ ਹਰਕਤ ਕੀਤੀ। ਜਾਂਚ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ। ਚੀਨ ਦੀ ਸਿਵਲ ਹਵਾਬਾਜ਼ੀ ਅਥਾਰਟੀ ਨੇ ਦੱਸਿਆ ਕਿ ਬੀਜਿੰਗ ਵੱਲ ਜਾ ਰਹੇ ਏਅਰ ਚਾਈਨਾ ਦੇ ਇੱਕ ਜਹਾਜ਼ ਦਾ ਰਸਤਾ ਬਦਲ ਕੇ ਉਸ ਨੂੰ ਮੱਧ ਚੀਨ ਨੂੰ ਭੇਜ ਦਿੱਤਾ ਗਿਆ। ਅਸਲ ‘ਚ ਇੱਕ ਯਾਤਰੀ ਨੇ ਫਾਊਂਟੇਨ ਪੈਨ ਨੂੰ ਹਥਿਆਰ ਦੀ ਤਰ੍ਹਾਂ ਵਰਤਦੇ ਹੋਏ ਜਹਾਜ਼ ਦੀ ਇੱਕ ਫਲਾਈਟ ਅਟੈਂਡੈਂਟ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਅਧਿਕਾਰੀਆਂ ਨੇ ਉਸ ਘਟਨਾ ਨੂੰ ਗੈਰ ਕਾਨੂੰਨੀ ਦਖਲ ਦੱਸਿਆ, ਜਿਸ ਪਿੱਛੋਂ ਇਸ ਜਹਾਜ਼ ਨੂੰ ਝੰਗਝਾਊ ਵਿੱਚ ਲੈਂਡ ਕਰਵਾਇਆ ਗਿਆ। ਜਹਾਜ਼ ਦੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਇਸ ਵਿੱਚੋਂ ਸੁਰੱਖਿਅਤ ਬਾਹਰ ਆਏ। ਚੀਨ ਦੀ ਸਿਵਲ ਹਵਾਬਾਜ਼ੀ ਅਥਾਰਟੀ ਨੇ ਆਪਣੀ ਵੈਬਸਾਈਟ ‘ਤੇ ਦਿੱਤੇ ਬਿਆਨ ਵਿੱਚ ਕਿਹਾ ਕਿ ਇੱਕ ਪਰਖ ਯਾਤਰੀ ਨੇ ਇੱਕ ਫਲਾਈਟ ਅਟੈਂਡੈਂਟ ਨੂੰ ਬੰਦੀ ਬਣਾ ਲਿਆ, ਜਿਸ ਮਗਰੋਂ ਜਹਾਜ਼ ਦਾ ਰਸਤਾ ਬਦਲਿਆ ਗਿਆ। ਇਸ ਦੇ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।