ਮੁਸਾਫਰ ਕੁੜੀ ਦੇ ਪਾਏ ਚੀਕ-ਚਿਹਾੜੇ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ


ਕੈਲੀਫੋਰਨੀਆ, 13 ਦਸੰਬਰ (ਪੋਸਟ ਬਿਊਰੋ)- ਜਹਾਜ਼ਾਂ ਵਿੱਚ ਸਫਰ ਕਰਦੇ ਯਾਤਰੀਆਂ ਵਿੱਚੋਂ ਕੋਈ ਨਾ ਕੋਈ ਯਾਤਰੀ ਰੌਲਾ-ਰੱਪਾ ਪਾਉਣ ਜਾਂ ਪਰੇਸ਼ਾਨ ਕਰਨ ਵਾਲਾ ਅਕਸਰ ਹੀ ਨਿਕਲ ਆਉਂਦਾ ਹੈ। ਇਹ ਖਬਰਾਂ ਆਮ ਪੜ੍ਹਨ ਨੂੰ ਮਿਲਦੀਆਂ ਹਨ। ਅਮਰੀਕਾ ਦੇ ਸਾਊਥ ਵੈਸਟ ਏਅਰਲਾਈਨਜ਼ ਦੇ ਜਹਾਜ਼ ਵਿੱਚ ਅਜਿਹਾ ਹੀ ਵਾਪਰਿਆ ਹੈ।
ਸਾਊਥ ਵੈਸਟ ਏਅਰਲਾਈਨਜ਼ ਦੇ ਜਹਾਜ਼ ਨੇ ਜਦੋਂ ਕੈਲੀਫੋਰਨੀਆ ਦੇ ਸੈਕ੍ਰਾਮੈਂਟੋ ਏਅਰਪੋਰਟ ਤੋਂ ਉਡਾਣ ਭਰੀ ਤਾਂ ਜਹਾਜ਼ ਵਿਚ ਸਫਰ ਕਰ ਰਹੀ ਇਕ ਲੜਕੀ ਨੇ ਸਭ ਨੂੰ ਮਾਰਨ ਦੀ ਧਮਕੀ ਦੇ ਕੇ ਹਰ ਕਿਸੇ ਨੂੰ ਡਰਾ ਦਿੱਤਾ। ਅਸਲ ਵਿੱਚ ਲੜਕੀ ਜਹਾਜ਼ ਦੇ ਬਾਥਰੂਮ ਵਿਚ ਸਿਗਰਟ ਪੀਂਦੀ ਫੜੀ ਗਈ ਸੀ, ਜਿਸ ਕਾਰਨ ਉਸ ਨੇ ਜਹਾਜ਼ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ ਤੇ ਜਹਾਜ਼ ਵਿੱਚ ਸੁੱਤੇ ਪਏ ਯਾਤਰੀਆਂ ਨੂੰ ਧਮਕੀ ਦਿੱਤੀ ਕਿ ਮੈਂ ਸਭ ਨੂੰ ਮਾਰ ਦੇਵਾਂਗੀ। ਲੜਕੀ ਦੀ ਇਸ ਹਰਕਤ ਕਾਰਨ ਪਾਇਲਟ ਨੂੰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ ਅਤੇ ਇਸ ਦਾ ਵੀਡੀਓ ਇੰਟਰਨੈੱਟ ਉੱਤੇ ਵਾਇਰਲ ਹੋ ਗਿਆ ਹੈ, ਜਿਸ ਵਿੱਚ ਲੜਕੀ ਚੀਕਦੀ ਹੋਈ ਨਜ਼ਰ ਆ ਰਹੀ ਹੈ।
ਅਮਰੀਕੀ ਹਵਾਈ ਕੰਪਨੀ ਦੀ ਫਲਾਈਟ ਵਿਚ ਹੰਗਾਮਾ ਕਰਨ ਵਾਲੀ 24 ਸਾਲਾ ਲੜਕੀ ਦੀ ਪਛਾਣ ਵੈਲੇਰੀ ਕਰਬੈਲੋ ਵਜੋਂ ਹੋਈ ਹੈ, ਜਿਸ ਨੇ ਸਭ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਲੜਕੀ ਜਹਾਜ਼ ਦੇ ਬਾਥਰੂਮ ਵਿੱਚ ਸਿਗਰਟ ਪੀਂਦੇ ਫੜੀ ਗਈ ਸੀ ਅਤੇ ਸਮੋਕ ਡਿਟੈਕਟਰ ਵਿੱਚ ਇਹ ਪਤਾ ਲੱਗ ਗਿਆ ਸੀ। ਏਅਰ ਹੋਸਟੈੱਸ ਉਸ ਨੂੰ ਕੱਢਣ ਲਈ ਬਾਥਰੂਮ ਵਿਚ ਗਈ ਤਾਂ ਲੜਕੀ ਭੜਕ ਉਠੀ। ਜਦੋਂ ਏਅਰ ਹੋਸਟੈੱਸ ਉਸ ਨੂੰ ਉਸ ਦੀ ਸੀਟ ਉੱਤੇ ਬੈਠਣ ਲਈ ਲਿਜਾਣ ਲੱਗੀ ਤਾਂ ਲੜਕੀ ਚੀਕਣ ਲੱਗੀ ਕਿ ਉਸ ਨੇ ਕਿਤੇ ਜਾਣਾ ਹੈ। ਉਹ ਵਾਰ-ਵਾਰ ਇੰਝ ਹੀ ਚੀਕਣ ਲੱਗੀ, ‘ਮੈਂ ਕਿਤੇ ਜਾਣਾ ਹੈ ਤੇ ਇਹ ਬਹੁਤ ਜ਼ਰੂਰੀ ਹੈ। ਮੈਂ ਕਹਿ ਰਹੀ ਹਾਂ ਕਿ ਜੇ ਲੈਂਡ ਨਾ ਕੀਤਾ ਤਾਂ ਮੈਂ ਜਹਾਜ਼ ਵਿਚਲੇ ਸਾਰੇ ਲੋਕਾਂ ਨੂੰ ਮਾਰ ਦੇਵਾਂਗੀ।’
ਜਦੋਂ ਲੜਕੀ ਦਾ ਚੀਕਣਾ ਬੰਦ ਨਹੀਂ ਹੋਇਆ ਤਾਂ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਸ ਪਿੱਛੋਂ ਜਦੋਂ ਲੜਕੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪਰੇਸ਼ਾਨ ਹੋ ਕੇ ਉਹ ਸਿਗਰਟ ਪੀਣ ਗਈ ਸੀ। ਧਮਕੀ ਬਾਰੇ ਉਸ ਨੇ ਕਿਹਾ ਕਿ ਉਹ ਗੱਲ ਉਸ ਨੇ ਨਹੀਂ ਕੀਤੀ। ਕਰਬੈਲੋ ਨੂੰ ਹਵਾਈ ਫੌਜ ਦੇ ਮੁਲਾਜ਼ਮਾਂ ਨੇ ਜਹਾਜ਼ ਵਿੱਚੋਂ ਬਾਹਰ ਆਉਣ ਤੋਂ ਪਹਿਲਾਂ ਰੋਕਿਆ ਅਤੇ ਉਤਰਨ ਉੱਤੇ ਗ੍ਰਿਫਤਾਰ ਕਰ ਲਿਆ।