ਮੁਸ਼ੱਰਫ ਨੇ ਡਾਕਟਰ ਅਫਰੀਦੀ ਨੂੰ ਅਮਰੀਕਾ ਨਾਲ ਸੌਦੇਬਾਜ਼ੀ ਹੇਠ ਛੱਡ ਦੇਣ ਦੀ ਗੱਲ ਤੋਰੀ


ਇਸਲਾਮਾਬਾਦ, 27 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਫੌਜੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਸੁਝਾਅ ਦਿੱਤਾ ਹੈ ਕਿ ਪਾਕਿਸਤਾਨ ਨੂੰ ਡਾਕਟਰ ਸ਼ਕੀਲ ਅਫਰੀਦੀ ਦੇ ਬਦਲੇ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦੇ ਮੁਖੀ ਮੁੱਲਾ ਫੈਜ਼ਉਲ੍ਹਾ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਰਾਸ਼ਟਰਪਤੀ ਹੁੰਦੇ ਤਾਂ ਅਜਿਹਾ ਕੋਈ ਹੱਲ ਲੱਭਦੇ। ਅਸਲ ਵਿੱਚ ਜਨਰਲ ਮੁਸ਼ੱਰਫ ਨੂੰ ਪੁੱਛਿਆ ਗਿਆ ਸੀ ਕਿ ਜੇ ਉਹ ਪਾਕਿਸਤਾਨ ਦੇ ਸ਼ਾਸਕ ਹੁੰਦੇ ਤਾਂ ਕੀ ਡਾਕਟਰ ਅਫਰੀਦੀ ਨੂੰ ਰਿਹਾਅ ਕਰ ਦਿੰਦੇ ਤਾਂ ਉਨ੍ਹਾਂ ਕਿਹਾ ਕਿ ਹਾਂ, ਕਿਸੇ ਤਰ੍ਹਾਂ ਦਾ ਲੈਣ ਦੇਣ ਹੋ ਸਕਦਾ ਸੀ।
ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ ਡਾਕਟਰ ਅਫਰੀਦੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਅਮਰੀਕਾ ਦੇ ਨੇਵੀ ਸੀਲ ਕਮਾਂਡੋਜ਼ ਨੇ ਹਮਲਾ ਕਰ ਕੇ ਐਬਟਾਬਾਦ ਵਿੱਚ ਦੋ ਮਈ 2011 ਨੂੰ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ। ਅਮਰੀਕਾ ਉਸ ਵਕਤ ਤੋਂ ਪਾਕਿਸਤਾਨ ਤੋਂ ਡਾਕਟਰ ਅਫਰੀਦੀ ਨੂੰ ਰਿਹਾਅ ਕਰਨ ਦੀ ਮੰਗ ਕਰ ਰਿਹਾ ਹੈ ਅਤੇ ਉਹ ਉਸ ਡਾਕਟਰ ਨੂੰ ਆਪਣਾ ਹੀਰੋ ਮੰਨਦਾ ਹੈ। ਡਾਕਟਰ ਅਫਰੀਦੀ ਨੇ ਪੋਲੀਓ ਦੀ ਮੁਹਿੰਮ ਚਲਾ ਕੇ ਓਸਾਮਾ ਬਿਨਾ ਲਾਦੇਨ ਦਾ ਪਤਾ ਲੱਭਿਆ ਸੀ ਤੇ ਉਸ ਦੇ ਦੱਸੇ ਹੋਏ ਪਤੇ ਮੁਤਾਬਕ ਅਮਰੀਕੀ ਫੌਜ ਨੇ ਕਾਰਵਾਈ ਕੀਤੀ ਸੀ।
ਡਾਅਨ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਅਮਰੀਕਾ ਵਿੱਚ ਦਿੱਤੀ ਇੰਟਰਵਿਊ ਵਿੱਚ ਜਨਰਲ ਪਰਵੇਜ਼ ਮੁਸ਼ੱਰਫ ਨੇ ਮੰਨਿਆ ਹੈ ਕਿ ਪਾਕਿਸਤਾਨ ਤੇ ਅਮਰੀਕਾ ਦੇ ਸੰਬੰਧ ਇਸ ਸਮੇਂ ਬੇਹੱਦ ਨੀਵੇਂ ਚਲੇ ਗਏ ਹਨ। ਜਨਰਲ ਪਰਵੇਜ਼ ਮੁਸ਼ੱਰਫ ਨੇ ਦਾਅਵਾ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਤੇ ਭਾਰਤ ਵਿਚਾਲੇ ਸ਼ਾਂਤੀ ਦੇ ਮੁਦਈ ਨਹੀਂ ਤੇ ਦੋਵਾਂ ਦੇਸ਼ਾਂ ਵਿੱਚੋ ਸੁਲਾਹ ਸਫਾਈ ਦਾ ਰਸਤਾ ਉਨ੍ਹਾਂ (ਮੁਸ਼ੱਰਫ) ਦੇ ਰਾਜ ਦੌਰਾਨ ਸ਼ੁਰੂ ਹੋਇਆ ਸੀ ਤੇ ਉਦੋਂ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਠੀਕ ਚੱਲ ਰਹੇ ਸਨ। ਜਨਰਲ ਮੁਸੱ਼ਰਫ ਨੇ ਕਿਹਾ ਹੈ ਕਿ ਅੱਜ ਕੱਲ੍ਹ ਜਦੋਂ ਅਮਰੀਕਾ ਨੂੰ ਪਾਕਿਸਤਾਨ ਦੀ ਲੋੜ ਨਹੀਂ ਰਹੀ ਤਾਂ ਉਹ ਪਾਕਿਸਤਾਨ ਨੂੰ ਨੀਵਾਂ ਦਿਖਾ ਰਿਹਾ ਹੈ ਤੇ ਪਾਕਿਸਤਾਨ ਦੀ ਕੀਮਤ ਉੱਤੇ ਭਾਰਤ ਨਾਲ ਦੋਸਤੀ ਦਾ ਹੱਥ ਵਧਾ ਰਿਹਾ ਹੈ। ਇਸ ਦਾ ਪਾਕਿਸਤਾਨ ਉੱਤੇ ਸਿੱਧਾ ਅਸਰ ਪੈ ਰਿਹਾ ਹੈ।