ਮੁਸ਼ੱਰਫ ਨੇ ਕਾਰਗਿਲ ਤੋਂ ਪਾਕਿ ਫੌਜ ਦੇ ਪਿੱਛੇ ਹਟਣ ਲਈ ਸ਼ਰੀਫ ਨੂੰ ਜ਼ਿੰਮੇਵਾਰ ਠਹਿਰਾਇਆ


ਇਸਲਾਮਾਬਾਦ, 16 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਅਹੁਦੇ ਤੋਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 1999 ਵਿੱਚ ਪਾਕਿਸਤਾਨ ਦੀ ਫੌਜ ਦੇ ਮਜ਼ਬੂਤ ਸਥਿਤੀ ਵਿੱਚ ਹੋਣ ਦੇ ਬਾਵਜੂਦ ਓਦੋਂ ਭਾਰਤ ਦੇ ਦਬਾਅ ਵਿੱਚ ਕਾਰਗਿਲ ਤੋਂ ਪਿੱਛੇ ਹਟਣ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਭਾਰਤ-ਪਾਕਿ ਵਿਚਾਲੇ ਕਾਰਗਿਲ ਦੀ ਜੰਗ ਵੇਲੇ ਫੌਜ ਦਾ ਮੁਖੀ ਰਹੇ ਜਨਰਲ ਪਰਵੇਜ਼ ਮੁਸ਼ੱਰਫ ਨੇ ਮੰਗ ਕੀਤੀ ਹੈ ਕਿ ਨਵਾਜ਼ ਸ਼ਰੀਫ ‘ਤੇ 2008 ਦੇ ਮੁੰਬਈ ਹਮਲੇ ਦੇ ਬਾਰੇ ਭੜਕਾਊ ਬਿਆਨ ਦੇਣ ਲਈ ਦੇਸ਼ ਧਰੋਹ ਦਾ ਕੇਸ ਚੱਲਣਾ ਚਾਹੀਦਾ ਹੈ। ਪਾਕਿਸਤਾਨ ਵਿੱਚ ਕਈ ਕੇਸਾਂ ਦਾ ਸਾਹਮਣਾ ਕਰ ਰਹੇ 74 ਸਾਲਾ ਸੇਵਾਮੁਕਤ ਜਨਰਲ ਮੁਸ਼ੱਰਫ ਪਿਛਲੇ ਸਾਲ ਤੋਂ ਦੁਬਈ ਵਿੱਚ ਰਹਿ ਰਹੇ ਹਨ। ਉਨ੍ਹਾਂ ਨੂੰ ਇਲਾਜ ਲਈ ਦੇੇਸ਼ ਤੋਂ ਬਾਹਰ ਜਾਣ ਦੀ ਖੁੱਲ੍ਹ ਦਿੱਤੀ ਗਈ ਸੀ। ਮੁੰਬਈ ਹਮਲੇ ਬਾਰੇ ਨਵਾਜ਼ ਸ਼ਰੀਫ ਦੇ ਬਿਆਨ ‘ਤੇ ਜਨਰਲ ਮੁਸ਼ੱਰਫ ਨੇ ਕਾਰਗਿਲ ਜੰਗ ਦੇ ਬਾਰੇ ਵੀ ਗੱਲ ਕੀਤੀ ਅਤੇ ਪਾਕਿਸਤਾਨੀ ਫੌਜ ਦੇ ਪਿੱਛੇ ਮੁੜਨ ਦੇ ਲਈ ਸ਼ਰੀਫ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਜੰਗ ਅਤੇ ਤਤਕਾਲੀ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਮੁਸ਼ੱਰਫ ਨੇ ਕਿਹਾ ਕਿ ਪਾਕਿਸਤਾਨ ਇਸ ਜੰਗ ਵਿੱਚ ਪੰਜ ਵੱਖ-ਵੱਖ ਥਾਂਵਾਂ ‘ਤੇ ਮਜ਼ਬੂਤ ਸਥਿਤੀ ਵਿੱਚ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦੋ ਵਾਰ ਇਸ ਬਾਰੇ ਵਿੱਚ ਦੱਸਿਆ ਗਿਆ ਸੀ। ਉਨ੍ਹਾਂ ਨੇ ਸ਼ਰੀਫ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਕਾਰਗਿਲ ਤੋਂ ਪਾਕਿਸਤਾਨੀ ਫੌਜ ਦੇ ਹਟਣ ਬਾਰੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ। ਮੁਸ਼ੱਰਫ ਨੇ ਕਿਹਾ ਕਿ ਉਹ ਮੈਨੂੰ ਪੁੱਛਦੇ ਰਹੇ ਕਿ ਕੀ ਸਾਨੂੰ ਵਾਪਸ ਆ ਜਾਣਾ ਚਾਹੀਦਾ ਹੈ। ਸਾਬਕਾ ਰਾਸ਼ਟਰਪਤੀ ਅਤੇ ਫੌਜੀ ਸ਼ਾਸਕ ਮੁਸ਼ੱਰੱਫ ਨੇ ਕਿਹਾ ਕਿ ਸਾਬਕਾ ਸੀਨੇਟਰ ਰਾਜਾ ਜ਼ਫਰ ਉਲ ਹਕ ਅਤੇ ਸਾਬਕਾ ਗ੍ਰਹਿ ਮੰਤਰੀ ਚੌਧਰੀ ਸ਼ੁਜਾਤ ਨੇ ਵੀ ਫੌਜ ਦੇ ਵਾਪਸ ਮੁੜਨ ਦਾ ਵਿਰੋਧ ਕੀਤਾ ਸੀ, ਪਰ ਅਮਰੀਕਾ ਤੋਂ ਆਉਣ ਪਿੱਛੋਂ ਸ਼ਰੀਫ ਨੇ ਫੌਜ ਦੇ ਕਾਰਗਿਲ ਤੋਂ ਪਿੱਛੇ ਮੁੜਨ ਦਾ ਹੁਕਮ ਚਾੜ੍ਹ ਦਿੱਤਾ। ਉਹ ਉਸ ਵਕਤ ਭਾਰਤ ਸਰਕਾਰ ਦੇ ਦਬਾਅ ਵਿੱਚ ਸਨ।