ਮੁਸ਼ੱਰਫ ਦੇ ਮੁਤਾਬਕ ਫੌਜ ਨੇ ਹੀ ਪਾਕਿਸਤਾਨ ਨੂੰ ਸਦਾ ਲੀਹ ਉੱਤੇ ਲਿਆਂਦੈ

musharaf
ਇਸਲਾਮਾਬਾਦ, 4 ਅਗਸਤ (ਪੋਸਟ ਬਿਊਰੋ)- ਦੇਸ਼ ਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਮੁਲਕ ਦੇ ਫੌਜੀ ਸ਼ਾਸਕਾਂ ਦੇ ਪੱਖ ਵਿੱਚ ਗੱਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਪਾਕਿਸਤਾਨ ਨੂੰ ਲੀਹ ‘ਤੇ ਲਿਆਂਦਾ ਹੈ, ਜਦ ਕਿ ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਨੇ ਦੇਸ਼ ਨੂੰ ਲੀਹੋਂ ਲਾਹ ਦਿੱਤਾ ਹੈ। ਤਖਤਾ ਪਲਟ ਕੇ ਨਵਾਜ਼ ਸ਼ਰੀਫ ਦੀ ਸਰਕਾਰ ਡੇਗਣ ਵਾਲੇ ਮੁਸ਼ੱਰਫ ਨੇ ਦਾਅਵਾ ਕੀਤਾ ਕਿ ਸੱਤਾ ਤੋਂ ਬੇਦਖਲ ਕੀਤੇ ਗਏ ਪ੍ਰਧਾਨ ਮੰਤਰੀ ਦੀ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਪ੍ਰਤੀ ਨੀਤੀ ‘ਬਿਲਕੁਲ ਵਿਕੀ ਹੋਈ ਸੀ’, ਭਾਵੇਂ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਤੋਂ ਉਨ੍ਹਾਂ ਦਾ ਕੀ ਭਾਵ ਹੈ।
ਮੁਸ਼ੱਰਫ ਨੇ ਇਹ ਗੱਲ ਬੀ ਬੀ ਸੀ ਉਰਦੂ ਨੂੰ ਦਿੱਤੀ ਇੰਟਰਵਿਊ ਵਿੱਚ ਆਖੀ ਜੋ ਦੁਬਈ ‘ਚ ਰਿਕਾਰਡ ਕੀਤੀ ਗਈ ਸੀ, ਜਿਥੇ ਉਹ ਮਾਰਚ 2016 ਵਿੱਚ ਪਾਕਿਸਤਾਨ ਛੱਡਣ ਤੋਂ ਬਾਅਦ ਰਹਿ ਰਹੇ ਹਨ। ਉਹ ਦੇਸ਼ ਧਰੋਹ ਅਤੇ ਸਾਲ 2007 ਵਿੱਚ ਐਮਰਜੈਂਸੀ ਐਲਾਨ ਜਿਹੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ‘ਤੇ ਦੋ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ ਦੇ 2007 ਵਿੱਚ ਹੋਏ ਕਤਲ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਉਨ੍ਹਾਂ ਇੰਟਰਵਿਊ ਦੌਰਾਨ ਕਿਹਾ, ‘ਜੋ ਵੀ ਪਾਕਿਸਤਾਨ ਦੇ ਖਿਲਾਫ ਕੰਮ ਕਰਦਾ ਹੈ, ਉਹ ਮੁਲਕ ਦਾ ਵਿਰੋਧੀ ਹੈ ਤੇ ਉਸ ਨੂੰ ਮਾਰ ਦੇਣਾ ਚਾਹੀਦਾ ਹੈ।’
ਸਾਲ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ ਮੁਸ਼ੱਰਫ ਨੇ 1999 ਵਿੱਚ ਉਨ੍ਹਾਂ ਵੱਲੋਂ ਤਖਤਾ ਪਲਟਾਉਣ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਉਹ ਦੇਸ਼ ਨੂੰ ਬਚਾਉਣਾ ਚਾਹੁੰਦੇ ਸਨ। ਉਨ੍ਹਾਂ ਫੌਜੀ ਸ਼ਾਸਕਾਂ ਵੱਲੋਂ ਆਮ ਸਰਕਾਰਾਂ ਦਾ ਤਖਤਾ ਪਲਟਾਉਣ ਦੀਆਂ ਕਾਰਵਾਈਆਂ ਦੇ ਪੱਖ ‘ਚ ਗੱਲ ਕਰਦਿਆਂ ਕਿਹਾ ਕਿ ਅਸਲ ਤਰੱਕੀ ਫੌਜੀ ਸ਼ਾਸਨ ਕਾਲਾਂ ਦੌਰਾਨ ਹੀ ਹੋਈ। ਉਨ੍ਹਾਂ ਆਮ ਸਰਕਾਰਾਂ ‘ਤੇ ਫੌਜੀ ਸ਼ਾਸਨ ਕਾਲਾਂ ਦੌਰਾਨ ਹੋਈ ਤਰੱਕੀ ਨੂੰ ਪੁੱਠਾ ਗੇੜ ਦੇਣ ਦਾ ਦੋਸ਼ ਲਾਇਆ। ਮੁਸ਼ੱਰਫ ਨੇ ਜਨਰਲ ਜੀਆ ਉਲ ਹੱਕ ਦੀ ਅਫਗਾਨਿਸਤਾਨ ਨੀਤੀ ਦੇ ਪੱਖ ‘ਚ ਗੱਲ ਕੀਤੀ, ਪਰ ਇਹ ਵੀ ਮੰਨਿਆ ਕਿ ਹੱਕ ਦੀਆਂ ਕੁਝ ਨੀਤੀਆਂ ਦਾ ਨਤੀਜਾ ਅੱਤਵਾਦ ‘ਚ ਨਿਕਲਿਆ।