ਮੁਰਗੀ ਦੇ ਆਂਡਿਆਂ ਵਿੱਚ ਜ਼ਹਿਰੀਲਾ ਕੀਟ ਨਾਸ਼ਕ ਹੋਣ ਨਾਲ ਸਨਸਨੀ

hens' eggs
ਬਰਲਿਨ, 6 ਅਗਸਤ (ਪੋਸਟ ਬਿਊਰੋ)- ਯੂਰਪ ਵਿੱਚ ਮੁਰਗੀ ਦੇ ਆਂਡਿਆਂ ਵਿੱਚ ਤੇਜ਼ੀ ਨਾਲ ਫੈਲਣ ਵਾਲਾ ਜ਼ਹਿਰੀਲਾ ਕੀਟਨਾਸ਼ਕ ਫਿਪ੍ਰੋਨਿਲ ਪਾਇਆ ਗਿਆ ਹੈ। ਇਸ ਕਾਰਨ ਮੁਰਗੀ ਦੇ ਲੱਖਾਂ ਆਂਡੇ ਇਨ੍ਹਾਂ ਦਿਨੀਂ ਕੂੜੇਦਾਨ ਵਿੱਚ ਸੁੱਟੇ ਜਾ ਰਹੇ ਹਨ। ਯੂਰਪੀ ਸੁਪਰ ਬਾਜ਼ਾਰ ਲੜੀ ਵਿੱਚ ਸ਼ਾਮਲ ਜ਼ਿਆਦਾ ਸਟੋਰਾਂ ਨੇ ਆਪਣੇ ਸੈਂਕੜੇ ਆਊਟਲੈਟ ਤੋਂ ਸਾਰੇ ਆਂਡੇ ਵਾਪਸ ਮੰਗਵਾਉਣ ਦਾ ਐਲਾਨ ਕਰ ਦਿੱਤਾ ਹੈ।
ਆਂਡਿਆਂ ਵਿੱਚ ਫਿਪ੍ਰੋਨਿਲ ਪਾਏ ਜਾਣ ਦੀ ਸ਼ਿਕਾਇਤ ਜਰਮਨੀ, ਹਾਲੈਂਡ ਅਤੇ ਬੈਲਜੀਅਮ ਸਮੇਤ ਕਈ ਦੇਸ਼ਾਂ ਤੋਂ ਮਿਲੀ ਹੈ। ਇਹ ਅਜਿਹਾ ਕੀਟਨਾਸ਼ਕ ਹੈ, ਇਨਸਾਨ ਦੇ ਸਰੀਰ ਵਿੱਚ ਵੱਧ ਮਾਤਰਾ ਵਿੱਚ ਚਲਾ ਜਾਣ ਨਾਲ ਲੀਵਰ, ਕਿਡਨੀ ਅਤੇ ਥਾਈਰਾਈਡ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਰੋਕਣ ਲਈ ਕਿਹਾ ਹੈ। ਅਕਸਰ ਜਾਨਵਰਾਂ ਵਿੱਚ ਪੈਦਾ ਹੋਣ ਵਾਲੇ ਖੂਨ ਚੂਸਣ ਵਾਲੇ ਕੀੜਿਆਂ ਨੂੰ ਮਾਰਨ ਲਈ ਫਿਪ੍ਰੋਨਿਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕੀਟਨਾਸ਼ਕ ਯੂਰਪ ਦੀਆਂ ਮੁਰਗੀਆਂ ਦੇ ਆਂਡਿਆਂ ਵਿੱਚ ਮਿਲਿਆ ਹੈ, ਜਿਸ ਦੀ ਉਪਜ ਹਾਲੈਂਡ ਤੋਂ ਮੰਨੀ ਜਾ ਰਹੀ ਹੈ। ਇਸ ਕੀਟਨਾਸ਼ਕ ਦੀ ਸੂਚਨਾ ਮਿਲਣ ਨਾਲ ਯੂਰਪੀ ਦੇਸ਼ਾਂ ਵਿੱਚ ਆਂਡੇ ਖਾਣ ਵਾਲੇ ਲੋਕਾਂ ਵਿੱਚ ਕਾਫੀ ਦਹਿਸ਼ਤ ਹੈ ਅਤੇ ਲੋਕਾਂ ਨੇ ਘਰਾਂ ਵਿੱਚ ਰੱਖੇ ਆਂਡੇ ਵੀ ਸੁੱਟ ਦਿੱਤੇ ਹਨ। ਛੇ ਸਾਲ ਵਿੱਚ ਦੂਸਰੀ ਵਾਰ ਯੂਰਪ ਦੇ ਪੋਲਟਰੀ ਫਾਰਮਾਂ ਵਿੱਚ ਇਹ ਸੰਕਟ ਦੇਖਿਆ ਜਾ ਰਿਹਾ ਹੈ। ਤਾਜ਼ਾ ਸੰਕਟ ਹਾਲੈਂਡ ਦੇ ਫਾਰਮ ਤੋਂ ਪੈਦਾ ਹੋਣ ਕਾਰਨ ਓਥੇ 150 ਤੋਂ ਵੱਧ ਪੋਲਟਰੀ ਫਾਰਮ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ।