ਮੁਗਲ ਸਰਾਏ ਰੇਲਵੇ ਜੰਕਸ਼ਨ ਦਾ ਨਾਂ ਬਦਲਣ ਦਾ ਤਿੱਖਾ ਵਿਰੋਧ

mugulsrai
ਨਵੀਂ ਦਿੱਲੀ, 5 ਅਗਸਤ (ਪੋਸਟ ਬਿਊਰੋ)- ਭਾਰਤ ਦੇ ਇਕ ਪ੍ਰਮੁੱਖ ਰੇਲਵੇ ਜੰਕਸ਼ਨ ਮੁਗਲ ਸਰਾਏ ਦਾ ਹੁਣ ਤੱਕ ਚੱਲਦਾ ਨਾਂ ਬਦਲ ਕੇ ਦੀਨ ਦਿਆਲ ਉਪਾਧਿਆਏ ਦੇ ਨਾਂ ਉੱਤੇ ਰੱਖੇ ਜਾਣ ਦੇ ਸਰਕਾਰ ਦੇ ਫੈਸਲੇ ਦਾ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਰਾਜ ਸਭਾ ਵਿੱਚ ਵਿਰੋਧ ਕੀਤਾ ਹੈ। ਕੱਲ੍ਹ ਇਸ ਕਾਰਨ ਸਦਨ ਦੀ ਕਾਰਵਾਈ ‘ਚ ਕੁਝ ਦੇਰ ਲਈ ਰੁਕਾਵਟ ਪਈ ਤੇ ਬੈਠਕ ਇਕ ਵਾਰੀ 10 ਮਿੰਟ ਲਈ ਮੁਲਤਵੀ ਕੀਤੀ ਗਈ।
ਜ਼ੀਰੋ ਆਵਰ ਵਿੱਚ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਰਾਜ ਸਭਾ ਵਿੱਚ ਇਹ ਮੁੱਦਾ ਉਠਾ ਕੇ ਸਰਕਾਰ ਉੱਤੇ ਹਮਲਾ ਕਰਦੇ ਹੋਏ ਇਸ ਸਟੇਸ਼ਨ ਦਾ ਨਾਂ ਬਦਲੇ ਜਾਣ ਦਾ ਵਿਰੋਧ ਕੀਤਾ। ਡਿਪਟੀ ਚੇਅਰਮੈਨ ਪੀ ਜੇ ਕੁਰੀਅਨ ਨੇ ਉਨ੍ਹਾਂ ਦੇ ਨੋਟਿਸ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਇਸ ਵਿਸ਼ੇ ਨੂੰ ਲੋਕ ਮਹੱਤਵ ਦੇ ਵਿਸ਼ੇ ਤਹਿਤ ਉਠਾਇਆ ਜਾ ਸਕਦਾ ਹੈ। ਇਸ ਮੌਕੇ ਸਮਾਜਵਾਦੀ ਪਾਰਟੀ ਦੇ ਕਈ ਮੈਂਬਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਡਿਪਟੀ ਚੇਅਰਮੈਨ ਦੇ ਨੇੜੇ ਆ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਕਿਸੇ ਰੇਲਵੇ ਸਟੇਸ਼ਨ ਦਾ ਨਾਂ ਕਿਸੇ ਵਿਅਕਤੀ ਦੇ ਨਾਂ ਉੱਤੇ ਰੱਖਿਆ ਗਿਆ ਹੈ। ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੰਬਈ ਵਿਕਟੋਰੀਆ ਟਰਮੀਨਸ ਰੇਲਵੇ ਸਟੇਸ਼ਨ ਦਾ ਨਾਂ ਛੱਤਰਪਤੀ ਸ਼ਿਵਾਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਉੱਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੋਚ ਗਲਤ ਹੈ। ਉਹ ਮੁਗਲਾਂ ਦੇ ਨਾਂ ਉੱਤੇ ਸਟੇਸ਼ਨ ਦਾ ਨਾਂ ਚਾਹੁੰਦੇ ਹਨ, ਪਰ ਇਕ ਭਾਰਤੀ ਵਿਚਾਰਕ ਦਾ ਨਾਂ ਉਨ੍ਹਾਂ ਨੂੰ ਪਸੰਦ ਨਹੀਂ ਹੈ।