ਮੁਕੇਸ਼ ਅੰਬਾਨੀ ਨੂੰ ਦੁਨੀਆ ਭਰ ਦੇ ਸਭ ਤੋਂ ਵੱਡੇ ਗੇਮਚੇਂਜਰ ਮੰਨਿਆ ਗਿਆ

Ambani Chairman and Managing Director of Reliance Industries attends annual meeting of WEF in Davos
ਨਿਊਯਾਰਕ, 18 ਮਈ (ਪੋਸਟ ਬਿਊਰੋ)- ਅਰਬਾਂ ਦੀ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਕੇ ਆਪਣੇ ਉਦਯੋਗ ਵਿੱਚ ਵੱਡੇ ਸੁਧਾਰ ਲਿਆਉਣ ਵਾਲੀਆਂ ਦੁਨੀਆ ਦੀਆਂ 25 ਹਸਤੀਆਂ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਹਿਲਾ ਸਥਾਨ ਮਿਲਿਆ ਹੈ।
ਪ੍ਰਸਿੱਧ ਫੋਰਬਸ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਮੌਜੂਦਾ ਸਥਿਤੀ ਤੋਂ ਅਸੰਤੁਸ਼ਟੀ ਰੱਖਣ ਅਤੇ ਦੁਨੀਆ ਭਰ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਸਥਾਨ ਦਿੱਤਾ ਗਿਆ ਹੈ। ਭਾਰਤ ਵਿੱਚ ਜਿਓ ਮੋਬਾਈਲ ਦੀ ਲਾਂਚਿੰਗ ਦੇ ਨਾਲ ਇੰਟਰਨੈਟ ਕ੍ਰਾਂਤੀ ਲਿਆਉਣ ਅਤੇ ਆਮ ਲੋਕਾਂ ਤੱਕ ਡਾਟਾ ਦੀ ਆਸਾਨ ਪਹੁੰਚ ਲਈ ਉਨ੍ਹਾਂ ਨੂੰ ਇਹ ਸਿਖਰਲਾ ਸਥਾਨ ਮਿਲਿਆ ਹੈ। ਰਿਲਾਇੰਸ ਜਿਓ ਦਾ ਜਿ਼ਕਰ ਕਰਦੇ ਹੋਏ ਫੋਰਬਸ ਨੇ ਅੰਬਾਨੀ ਦੇ ਬਾਰੇ ਲਿਖਿਆ ਹੈ ਕਿ ਤੇਲ ਤੇ ਗੈਸ ਕਾਰੋਬਾਰੀ ਨੇ ਧਮਾਕੇ ਨਾਲ ਟੈਲੀਕਾਮ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਅਤੇ ਬੇਹੱਦ ਘੱਟ ਕੀਮਤ ਉੱਤੇ ਲੋਕਾਂ ਨੂੰ ਫਾਸਟ ਇੰਟਰਨੈਟ ਦੀ ਸੁਵਿਧਾ ਪੇਸ਼ ਕਰਾਈ। ਜਿਓ ਨੇ ਛੇ ਮਹੀਨੇ ਦੇ ਅੰਦਰ 10 ਕਰੋੜ ਗ੍ਰਾਹਕ ਬਣਾਏ। ਇਸ ਕਾਰਨ ਦੂਸਰੀਆਂ ਕੰਪਨੀਆਂ ਨੂੰ ਬਦਲਾਅ ਲਈ ਮਜਬੂਰ ਹੋਣਾ ਪਿਆ। ਫੋਰਬਸ ਨੇ ਅੰਬਾਨੀ ਦੀ ਉਸ ਗੱਲ ਦਾ ਵਰਨਣ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, ‘ਜੋ ਕੁਝ ਡਿਜੀਟਲ ਹੋ ਸਕਦਾ ਹੈ, ਉਹ ਡਿਜੀਟਲ ਹੋ ਰਿਹਾ ਹੈ। ਭਾਰਤ ਇਸ ਵਿੱਚ ਪਿੱਛੇ ਨਹੀਂ ਰਹਿ ਸਕਦਾ।’ ਸੂਚੀ ਵਿੱਚ ਡਾਇਸਨ ਦੇ ਫਾਊਂਡਰ ਜੇਮਸ ਡਾਇਸਨ, ਸਾਊਦੀ ਦੇ ਡਿਪਟੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੀ ਹਨ।